ਪੰਜਾਬੀ ਯੂਨੀਵਰਸਿਟੀ ਦੇ ਦੋ ਤੀਰਅੰਦਾਜ਼ਾਂ ਨੇ ਭਾਰਤੀ ਤੀਰਅੰਦਾਜ਼ੀ ਟੀਮ ਵਿੱਚ ਚੋਣ ਪੱਕੀ ਕੀਤੀ
- ਇਟਲੀ 'ਚ ਹੋਣ ਵਾਲ਼ੇ ਵਅਲਡ ਰੈਂਕਿੰਗ ਟੂਰਨਾਮੈਂਟ ਅਤੇ ਚੀਨ 'ਚ ਹੋਣ ਵਾਲੀ ਪੈਰਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਲੈਣਗੇ ਭਾਗ
ਪਟਿਆਲਾ, 8 ਮਈ 2025 - ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਪੂਜਾ ਅਤੇ ਹਰਵਿੰਦਰ ਸਿੰਘ ਨੇ ਭਾਰਤੀ ਤੀਰਅੰਦਾਜ਼ੀ ਟੀਮ ਵਿੱਚ ਆਪਣੀ ਚੋਣ ਪੱਕੀ ਕਰ ਲਈ ਹੈ। ਇਹ ਦੋਵੇਂ ਖਿਡਾਰੀ ਮਈ 2025 ਵਿੱਚ ਇਟਲੀ 'ਚ ਹੋਣ ਵਾਲ਼ੇ ਵਅਲਡ ਰੈਂਕਿੰਗ ਟੂਰਨਾਮੈਂਟ ਅਤੇ ਜੂਨ 2025 ਵਿੱਚ ਚੀਨ 'ਚ ਹੋਣ ਵਾਲੀ ਪੈਰਾ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ।
ਖੇਡ ਵਿਭਾਗ ਦੇ ਡਾਇਰੈਕਟਰ ਡਾ. ਗੁਰਦੀਪ ਕੌਰ ਰੰਧਾਵਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖਿਡਾਰੀ ਪਿਛਲੇ 10 ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵਿੱਚ ਨਿਯਮਤ ਤੌਰ 'ਤੇ ਅਭਿਆਸ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਯੂਨੀਵਰਸਿਟੀ ਤੋਂ 6 ਤੀਰਅੰਦਾਜ਼ਾਂ ਨੇ ਟਰਾਇਲਜ਼ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਤੀਰਅੰਦਾਜ਼ ਗੁਰਵਿੰਦਰ ਸਿੰਘ ਨੇ ਵੀ ਘੱਟ ਸਮੇਂ ਵਿੱਚ ਬੇਮਿਸਾਲ ਪ੍ਰਦਰਸ਼ਨ ਕਰ ਕੇ ਸਭ ਦਾ ਧਿਆਨ ਖਿੱਚਿਆ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਕੈੰਪਸ ਵਿਖੇ ਰੋਜ਼ਾਨਾ 100–150 ਖਿਡਾਰੀ ਤੀਰਅੰਦਾਜ਼ੀ ਦਾ ਅਭਿਆਸ ਕਰ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ, ਡੀਨ ਅਕਾਦਮਿਕ ਡਾ. ਨਰਿੰਦਰ ਕੌਰ ਮੁਲਤਾਨੀ ਅਤੇ ਰਜਿਸਟਰਾਰ ਡਾ. ਸੰਜੀਵ ਪੁਰੀ ਵੱਲੋਂ ਇਸ ਪ੍ਰਾਪਤੀ ਉੱਤੇ ਖਿਡਾਰੀਆਂ, ਉਨ੍ਹਾਂ ਦੇ ਕੋਚ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਗਈ।