ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਕਾਬਲਾ, ਇਕ ਗੈਂਗਸਟਰ ਜ਼ਖਮੀ ਅਤੇ ਦੂਜਾ ਫਰਾਰ
ਦੀਪਕ ਜੈਨ
ਜਗਰਾਓਂ, 26 ਜਨਵਰੀ 2023 - ਪਿਛਲੇ ਕਈ ਦਿਨਾਂ ਤੋਂ ਨਹਿਰੂ ਮਾਰਕੀਟ ਦੇ ਇਕ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰਾਂ ਵਲੋਂ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਓਨਾ ਦਾ ਡੇਢ ਲੱਖ ਰੁਪਏ ਵਿਚ ਨਿਬੇੜਾ ਹੋ ਗਿਆ ਸੀ ਅਤੇ ਗੈਂਗਸਟਰਾਂ ਨੇ ਵਪਾਰੀ ਨੂੰ ਪੈਸੇ ਲੈਕੇ ਵਾਰਦਾਤ ਵਾਲੀ ਥਾਂ ਉੱਪਰ ਬੁਲਾਇਆ ਗਿਆ ਸੀ। ਜਿਸ ਤੇ ਵਪਾਰੀ ਵਲੋਂ ਲੁਧਿਆਣਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਨਾਲ ਰਾਬਤਾ ਕਰਕੇ ਆਪਣੀ ਵਿਥਿਆ ਦੱਸੀ ਤਾਂ ਐਸਐਸਪੀ ਵਲੋਂ ਉਸਦੀ ਸੁਰੱਖਿਆ ਵਾਸਤੇ ਇਕ ਮੁਲਾਜ਼ਮ ਦੀ ਡਿਊਟੀ ਵੀ ਲਗਾ ਦਿੱਤੀ ਸੀ। ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਅੱਜ ਗੈਂਗਸਟਰਾਂ ਨੇ ਗਣਤੰਤਰ ਦਿਵਸ ਦੀ ਆੜ ਵਿਚ ਜਦੋਂ ਪੁਲਿਸ ਗਣਤੰਤਰ ਦਿਵਸ ਮਨਾਉਣ ਦੇ ਰੁਝੇਵਿਆਂ ਵਿਚ ਰੁਝੀ ਹੋਈ ਸੀ ਤਾਂ ਵਪਾਰੀ ਤੋਂ ਫਿਰੌਤੀ ਲੈਣ ਵਾਸਤੇ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਤੇ ਬੁਲਾ ਲਿੱਤਾ ਗਿਆ।
ਵਪਾਰੀ ਨੇ ਪੂਰੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਨੇ ਵੱਡੀ ਗਿਣਤੀ ਵਿਚ ਗੁਰੂਸਰ ਤੋਂ ਚੂਹੜਚੱਕ ਵਾਲੀ ਸੜਕ ਤੇ ਘੇਰਾਬੰਦੀ ਕਰਕੇ ਗੈਂਗਸਟਰਾਂ ਨੂੰ ਘੇਰ ਲਿਆ ਅਤੇ ਖੁਦ ਨੂੰ ਘਿਰਿਆ ਜਾਣਕੇ ਗੈਂਗਸਟਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਵਾਬੀ ਫਾਇਰਿੰਗ ਵਿਚ ਪੁਲਿਸ ਵਲੋਂ ਚਲਾਈ ਗਈ ਇਕ ਗੋਲੀ ਗੈਂਗਸਟਰ ਜਗਤਾਰ ਸਿੰਘ ਜੋਕਿ ਫਿਰੋਜਪੁਰ ਜਿਲੇ ਨਾਲ ਸੰਬੰਧਿਤ ਦਸਿਆ ਜਾ ਰਿਹਾ ਹੈ , ਦੀ ਲੱਤ 'ਤੇ ਵੱਜੀ। ਆਪਣੇ ਸਾਥੀ ਨੂੰ ਜਖਮੀ ਹੋਇਆ ਦੇਖਕੇ ਦੂਸਰਾ ਗੈਂਗਸਟਰ ਫਰਾਰ ਹੋ ਗਿਆ।
ਐਸਐਸਪੀ ਹਰਜੀਤ ਸਿੰਘ ਨੇ ਦਸਿਆ ਕਿ ਜਖਮੀ ਗੈਂਗਸਟਰ ਨੂੰ ਗਿਰਫ਼ਤਾਰ ਕਰਕੇ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ। ਅੱਜ ਦੀ ਘਟਨਾ ਦੀ ਖਬਰ ਜਦੋ ਸ਼ਹਿਰ ਦੇ ਲੋਕਾਂ ਨੂੰ ਮਿਲੀ ਤਾਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਐਸਐਸਪੀ ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਇਲਾਕੇ ਦੇ ਮਾਹੌਲ ਨੂੰ ਕਿਸੇ ਵੀ ਹਾਲ ਵਿਚ ਕਿਸੇ ਵੀ ਸ਼ਖਸ ਨੂੰ ਵਿਗਾੜਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ ਅਤੇ ਜਲਦੀ ਹੀ ਦੂਸਰਾ ਗੈਂਗਸਟਰ ਵੀ ਕਾਬੂ ਕਰ ਲਿਆ ਜਾਵੇਗਾ।