ਅਸ਼ੋਕ ਵਰਮਾ
ਬਠਿੰਡਾ, 10 ਮਈ 2021: ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ‘ ਵਿੱਚ ਸ਼ਾਮਲ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਪੰਜਾਬ, ਮਜਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਅਗਾਮੀ 18 ਮਈ ਨੂੰ ਬਠਿੰਡਾ ’ਚ ਜਿਲ੍ਹਾ ਪੱਧਰੀ ਧਰਨਾ ਅਤੇ ਰੋਸ ਮੁਜਾਹਰਾ ਕੀਤਾ ਜਾਵੇਗਾ। ਇੱਕ ਸਾਂਝੇ ਬਿਆਨ ਰਾਹੀਂ ਇੰਨ੍ਹਾਂ ਮਜਦੂਰ ਜੱਥੇਬੰਦੀਆਂ ਦੇ ਸੂਬਾਈ ਆਗੂਆਂ ਜੋਰਾ ਸਿੰਘ ਨਸਰਾਲੀ, ਮਹੀਪਾਲ, ਹਰਵਿੰਦਰ ਸਿੰਘ ਸੇਮਾ, ਸੁਖਪਾਲ ਸਿੰਘ ਖਿਆਲੀਵਾਲਾ ਅਤੇ ਜਸਵੀਰ ਕੌਰ ਸਰਾਂ ਨੇ ਦਿੰਦਿਆਂ ਦੱਸਿਆ ਕਿ ‘ਸਾਂਝੇ ਮੋਰਚੇ’ ਦੇ ਸੱਦੇ ‘ਤੇ ਇਸ ਤਰਾਂ ਦੇ ਰੋਸ ਐਕਸ਼ਨ 17 ਤੋਂ 21 ਮਈ ਤੱਕ ਸੂਬੇ ਦੇ ਸਾਰੇ ਜਿਲ੍ਹਾ ਕੇਂਦਰਾਂ ‘ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੇਜਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਦੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਅਤੇ ਦਿੱਲੀ ਦੀਆਂ ਜੂਹਾਂ ਤੇ ਜਾਰੀ ਜਨ ਅੰਦੋਲਨ ਦੀ ਕਾਮਯਾਬੀ ਲਈ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਅਤੇ ਸੰਜੀਵ ਮਿੰਟੂ ਦੀ ਅਗਵਾਈ ਵਾਲੀ ਕੇਪੀਐਮਯੂ ਪੰਜਾਬ ਵੀ ਸ਼ਾਮਲ ਹੋਵੇਗੀ। ਮਜਦੂਰ ਆਗੂਆਂ ਨੇ ਸਮੂਹ ਕਿਰਤੀਆਂ ਨੂੰ ਪਰਿਵਾਰਾਂ ਸਮੇਤ ਇੰਨ੍ਹਾਂ ਰੋਸ ਧਰਨਿਆਂ ’ਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।