Sad News- ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ
ਚੰਡੀਗੜ੍ਹ , 21 ਸਤੰਬਰ 2025: ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਸਨ। ਜਾਣਕਾਰੀ ਅਨੁਸਾਰ, ਹਰਮੇਲ ਸਿੰਘ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਨ। ਸਵਰਗੀ ਟੌਹੜਾ ਨੇ 77 ਵਰ੍ਹਿਆਂ ਦੀ ਉਮਰ ਭੋਗ ਕੇ ਅੱਜ ਸ਼ਾਮ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ, ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।
ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮਿਤੀ 23 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪਿੰਡ ਟੌਹੜਾ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋ ਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਤੇ ਕੰਵਰਬੀਰ ਸਿੰਘ ਟੌਹੜਾ ਅਤੇ ਦੋ ਪੁੱਤਰੀਆਂ ਡਾ ਜਸਪ੍ਰੀਤ ਕੌਰ ਟਿਵਾਣਾ ਤੇ ਗੁਰਮਨਪ੍ਰੀਤ ਕੌਰ ਯੂਐਸਏ ਸਮੇਤ ਹੋਰ ਪਰਿਵਾਰਕ ਜੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਦੱਸ ਦਈਏ ਕਿ ਹਰਮੇਲ ਸਿੰਘ ਟੌਹੜਾ 1997 'ਚ ਹਲਕਾ ਡਕਾਲਾ ਤੋਂ ਅਕਾਲੀ ਦਲ ਟਿਕਟ 'ਤੇ ਵਿਧਾਇਕ ਬਣੇ ਸਨ ਅਤੇ ਉਸ ਸਮੇਂ ਉਨ੍ਹਾਂ ਨੂੰ ਲੋਕ ਨਿਰਮਾਣ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਪਹਿਲਾਂ ਹਲਕਾ ਡਕਾਲਾ ਫਿਰ ਹਲਕਾ ਸਨੌਰ ਤੇ ਸਾਲ 2012 'ਚ ਪਟਿਆਲਾ ਹਲਕਾ ਦਿਹਾਤੀ ਤੋਂ ਚੋਣ ਲੜੇ।
ਹਰਮੇਲ ਸਿੰਘ ਟੌਹੜਾ ਸਾਲ 2016 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ, 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ। ਟੌਹੜਾ ਪਰਿਵਾਰ ਪੰਜਾਬ 'ਚ ਟਕਸਾਲੀ ਅਕਾਲੀ ਅਤੇ ਨਾਮੀ ਪਰਿਵਾਰ ਹੈ।