Canada: ‘ਸਿੱਖ ਐਵਾਰਡ 2025’ ਸਮਾਰੋਹ ਪਹਿਲੀ ਨਵੰਬਰ ਨੂੰ ਵੈਨਕੂਵਰ ਵਿੱਚ ਹੋਵੇਗਾ
ਹਰਦਮ ਮਾਨ
ਸਰੀ, 18 ਜੁਲਾਈ 2025- ਦੁਨੀਆਂ ਭਰ ਵਿੱਚ ਵੱਸਦੇ ਸਿੱਖ ਜਗਤ ਲਈ ਵੱਕਾਰੀ ਸਿੱਖ ਐਵਾਰਡ ਸਮਾਰੋਹ ਇਸ ਵਾਰ ਵੈਨਕੂਵਰ ਵਿੱਚ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਐਵਾਰਡ ਨੂੰ ਸ਼ੁਰੂ ਕਰਨ ਵਾਲੇ ਯੂ.ਕੇ. ਨਿਵਾਸੀ ਡਾ.ਨਵਦੀਪ ਸਿੰਘ ਬਾਂਸਲ ਨੇ ਦੱਸਿਆ ਕਿ ਹਰ ਸਾਲ ਦਿੱਤੇ ਜਾਂਦੇ ਇਹ ਐਵਾਰਡ ਦੁਨੀਆਂ ਭਰ ਵਿੱਚੋਂ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ ਜਿਨ੍ਹਾਂ ਲਈ 12 ਵਰਗ ਨਿਰਧਾਰਿਤ ਹਨ। ਇਸ ਤੋਂ ਇਲਾਵਾ ਇਕ ਐਵਾਰਡ ਲਈ ਕਿਸੇ ਗੈਰ ਸਿੱਖ ਸ਼ਖ਼ਸੀਅਤ ਦੀ ਚੋਣ ਕੀਤੀ ਜਾਂਦੀ ਹੈ ਜਿਸ ਨੇ ਸਿੱਖ ਜਗਤ ਲਈ ਕੋਈ ਬਹੁਤ ਅਹਿਮ ਯੋਗਦਾਨ ਪਾਇਆ ਹੋਵੇ।
ਡਾ. ਬਾਂਸਲ ਦੱਸਿਆ ਕਿ ਇਹ ਐਵਾਰਡ ਸਮਾਰੋਹ ਹਰ ਸਾਲ ਬਦਲਵੇਂ ਦੇਸ਼ ਵਿੱਚ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਲਈ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਚੋਣ ਕੀਤੀ ਗਈ ਹੈ। ਇਸ ਸਮਾਗਮ ਵਿੱਚ ਦੁਨੀਆਂ ਭਰ ਤੋਂ 500 ਅਹਿਮ ਸਿੱਖ ਸ਼ਖ਼ਸੀਅਤਾਂ ਸ਼ਾਮਿਲ ਹੋਣਗੀਆਂ। ਵਰਨਣਯੋਗ ਹੈ ਕਿ ਇਸ ਐਵਾਰਡ ਤੋਂ ਇਲਾਵਾ ਡਾ.ਬਾਂਸਲ ਦੀ ਸੰਸਥਾ ਵੱਲੋਂ ਵੱਖ-ਵੱਖ ਪੈਮਾਨਿਆਂ ‘ਤੇ ਆਧਾਰਿਤ ਹਰ ਸਾਲ ਦੁਨੀਆਂ ਭਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵੀ ਜਾਰੀ ਕੀਤੀ ਜਾਂਦੀ ਹੈ।