Babushahi Special: ਸਰਕਾਰੀ ਫ਼ਰਜ਼ਾਂ ਦਾ ਭਾਰ ਚੁੱਕੀ ਮੁਲਾਜ਼ਮ ਖਾਂਦੇ ਭੁੱਕੀ, ਹੁਣ ਨਸ਼ਾ ਛੱਡਣ ਤੇ ਗੱਲ ਮੁੱਕੀ
ਅਸ਼ੋਕ ਵਰਮਾ
ਬਠਿੰਡਾ, 25ਮਈ 2025: ਪੰਜਾਬ ਦੀ ਜਰਖੇਜ਼ ਮੰਨੀ ਜਾਂਦੀ ਤੇ ਪੰਜਾਬੀ ਸੱਭਿਆਚਾਰ ਦੀ ਧੁੰਨ ਅਖਵਾਉਂਦੀ ਮਾਲਵਾ ਪੱਟੀ ਵਿੱਚ ਕਈ ਸਰਕਾਰੀ ਮੁਲਾਜ਼ਮ ਭੁੱਕੀ ਦੀ ਵਰਤੋਂ ਕਰਦੇ ਸਨ ਜਿੰਨ੍ਹਾਂ ਨੇ ਹੁਣ ਇਸ ਲਾਅਨਤ ਤੋਂ ਖਹਿੜਾ ਛੁਡਾਉਣ ਦਾ ਫੈਸਲਾ ਲਿਆ ਹੈ। ਹਾਲਾਂਕਿ ਅਜੇ ਵੀ ਕਾਫ਼ੀ ਮੁਲਾਜ਼ਮ ਅਜਿਹੇ ਹਨ ਜੋ ਰਾਤ ਨੂੰ ਸ਼ਰਾਬ ਪੀਂਦੇ ਹਨ ਅਤੇ ਸਵੇਰ ਵਕਤ ਡਿਊਟੀ ਤੇ ਜਾਣ ਤੋਂ ਪਹਿਲਾਂ ਭੁੱਕੀ ਛਕੀ ਜਾਂਦੀ ਹੈ। ਫਿਰ ਵੀ ਵੱਡੀ ਗਿਣਤੀ ਮੁਲਾਜਮਾਂ ਨੇ ਹੁਣ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਚਲਾਈ ਨਸ਼ਾ ਤਸਕਰੀ ਖਿਲਾਫ ਮੁਹਿੰਮ ਅਤੇ ਨਸ਼ਾ ਛਡਾਊ ਪ੍ਰੋਗਰਾਮ ਦੌਰਾਨ ਨਸ਼ੇ ਤਿਆਗਣ ਦੀ ਪਹਿਲਕਦਮੀ ਕੀਤੀ ਹੈ। ਇੰਨ੍ਹਾਂ ਸਰਕਾਰੀ ਮੁਲਾਜਮਾਂ ਵੱਲੋਂ ਲਏ ਇਸ ਫੈਸਲੇ ਨੂੰ ਸਮਾਜ ,ਪ੍ਰੀਵਾਰ ਅਤੇ ਕਾਨੂੰਨੀ ਪੱਖ ਤੋਂ ਰਾਹ ਦਸੇਰਾ ਬਣਨ ਵੱਲ ਚੁੱਕਿਆ ਕਦਮ ਮੰਨਿਆ ਜਾ ਰਿਹਾ ਹੈ ਜਿਸ ਕਰਕੇ ਸਮਾਜਿਕ ਪੱਖ ਤੋਂ ਇੰਨ੍ਹਾਂ ਦੀ ਸ਼ਿਨਾਖਤ ਗੁਪਤ ਰੱਖੀ ਗਈ ਹੈ।
ਵੱਖ ਵੱਖ ਨਸ਼ਾ ਛੁਡਾਊ ਕੇਂਦਰਾਂ ਵਿਚਲੇ ਸੂਤਰਾਂ ਦੇ ਇਹ ਤੱਥ ਹਨ ਜਿੰਨ੍ਹਾਂ ਨੇ ਆਪਣੇ ਤਜ਼ਰਬੇ ਦੇ ਅਧਾਰ ਤੇ ਇਹ ਜਾਣਕਾਰੀ ਦਿੱਤੀ ਹੈ। ਹੈਰਾਨੀ ਵਾਲੇ ਤੱਥ ਹਨ ਕਿ ਕਈ ਅਧਿਆਪਕ ਵੀ ਭੁੱਕੀ ਖਾਂਦੇ ਹਨ ਜਦੋਂਕਿ ਪੁਲੀਸ ਵਿੱਚ ਸ਼ਰਾਬ ਦਾ ਜ਼ਿਆਦਾ ਰੁਝਾਨ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਜਿਆਦਾਤਰ ਮੁਲਾਜ਼ਮ ਤਾਂ ਆਮ ਮਰੀਜ਼ ਬਣ ਕੇ ਹੀ ਦਵਾਈ ਲਈ ਹੈ ਕਿਉਂਕਿ ਉਹ ਆਪਣੀ ਪਛਾਣ ਪੂਰੀ ਤਰਾਂ ਛੁਪਾ ਕੇ ਰੱਖਣਾ ਚਾਹੁੰਦੇ ਹਨ। ਇੱਕ ਨਸ਼ਾ ਛਡਾਊ ਕੇਂਦਰ ਵਿੱਚ ਦੋ ਮੁਲਾਜ਼ਮਾਂ ਨੇ ਆਪਣਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਹੈ ਜੋ ਜਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਹਨ। ਇਹ ਦੋਵੇਂ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਹੁਣ ਨਸ਼ੋ ਛੱਡਣ ਦਾ ਤਹੱਈਆ ਕੀਤਾ ਹੈ। ਇਨ੍ਹਾਂ ਨੂੰ ਦਵਾਈ ਦੇਣ ਵਾਲੇ ਮੁਲਾਜਮ ਨੇ ਦੱਸਿਆ ਕਿ ਸ਼ੁਰੂ ’ਚ ਤਾਂ ਇੰਨ੍ਹਾਂ ਦੋਵਾਂ ਨੂੰ ਦਿੱਕਤ ਆਈ ਸੀ ਪਰ ਹੁਣ ਸਭ ਠੀਕ ਹੈ।
ਇਸ ਤੋਂ ਪਹਿਲਾਂ ਕੁੱਝ ਪੁਲੀਸ ਮੁਲਾਜ਼ਮਾਂ ਨੇ ਵੀ ਇਸ ਕੇਂਦਰ ਵਿੱਚ ਆਪਣਾ ਇਲਾਜ ਕਰਵਾਇਆ ਹੈ। ਇਸੇ ਤਰਾਂ ਇੱਕ ਹੋਰ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਉਣ ਵਾਲੇ ਕਈ ਪੁਲੀਸ ਮੁਲਾਜ਼ਮ ਵੀ ਭੁੱਕੀ ਖਾਂਦੇ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਲੋੜੋਂ ਵੱਧ ਡਿਊਟੀ ਕਰਕੇ ਨਸ਼ਾ ਕਰਨਾ ਮਜਬੂਰੀ ਬਣ ਗਿਆ ਸੀ ਪਰ ਹੁਣ ਤਾਂ ਇਹ ਕੋਹੜ ਹਰ ਹੀਲੇ ਗਲੋਂ ਲਾਹੁਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਮੰਨਿਆ ਕਿ ਇਸ ਨਸ਼ਾ ਛਡਾਊ ਕੇਂਦਰ ਵਿੱਚ ਉਨ੍ਹਾਂ ਤੋਂ ਇਲਾਵਾ ਕਈ ਸਰਕਾਰੀ ਮੁਲਾਜ਼ਮ ਨਸ਼ਾ ਛੱਡਣ ਲਈ ਦਵਾਈ ਲੈ ਕੇ ਗਏ ਹਨ। ਕੇਂਦਰ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਸਰਕਾਰੀ ਮੁਲਾਜ਼ਮ ਆਉਂਦੇ ਹਨ ਜਿਨ੍ਹਾਂ ਦਾ ਨਸ਼ਾ ਛੁਡਾਉਣ ਲਈ ਇਲਾਜ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਜ਼ਿਆਦਾ ਬਿਜਲੀ ਵਿਭਾਗ, ਅਧਿਆਪਕਾਂ ਤੇ ਪੁਲੀਸ ਮੁਲਾਜ਼ਮ ਸਨ ਜੋ ਸ਼ਰਾਬ ਪੀਣ ਦੇ ਨਾਲ-ਨਾਲ ਭੁੱਕੀ ਵੀ ਖਾਂਦੇ ਸਨ।
ਇੱਕ ਹੋਰ ਨਸ਼ਾ ਛੁਡਾਊ ਕੇਂਦਰ ਦੇ ਮੁਲਾਜਮ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ ਆਏ ਜਿਆਦਾਤਰ ਮਾਮਲੇ ਨਿਰੋਲ ਭੁੱਕੀ ਵਾਲੇ ਸਨ ਜਿੰਨ੍ਹਾਂ ਦਾ ਇਲਾਜ ਮੁਕੰਮਲ ਹੋ ਚੁੱਕਿਆ ਹੈ । ਉਨ੍ਹਾਂ ਦੱਸਿਆ ਕਿ ਕਲੈਰੀਕਲ ਅਮਲੇ ਤੋਂ ਬਿਨਾਂ ਪਾਵਰਕੌਮ ਅਤੇ ਸਿੰਜਾਈ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ ਵੀ ਇੰਨ੍ਹਾਂ ਵਿੱਚ ਸ਼ਾਮਲ ਹੈ। ਫਿਰੋਜ਼ਪੁਰ ਜਿਲ੍ਹੇ ਦੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਸਰਕਾਰੀ ਮੁਲਾਜ਼ਮ ਨਸ਼ਾ ਛੱਡਣ ਲਈ ਆਏ ਹਨ ਜਿਨ੍ਹਾਂ ਵਿੱਚੋਂ ਕੁੱਝ ਮੁਲਾਜ਼ਮ ਇੱਕ ਕਿਲੋ ਭੁੱਕੀ ਪ੍ਰਤੀ ਮਹੀਨਾ ਖਾਣ ਵਾਲੇ ਸਨ। ਇਸ ਨਸ਼ਾ ਛੁਡਾਊ ਕੇਂਦਰ ਵਿੱਚ ਕੱੁਝ ਅਜਿਹੇ ਸਰਕਾਰੀ ਮੁਲਾਜ਼ਮਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿੰਨ੍ਹਾਂ ਨੇ ਆਪਣੀ ਅਸਲ ਪਛਾਣ ਨਾਲ ਨਾਲ ਉਹ ਕਿਸ ਥਾਂ ਤੋਂ ਆਏ ਹਨ ਇਹ ਗੱਲ ਵੀ ਛੁਪਾ ਲਈ। ਵੱਡੀ ਗੱਲ ਇਹ ਵੀ ਹੈ ਕਿ ਇਸ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਇੱਕ ਮੁਲਾਜਮ ਵੀ ਨਸ਼ਾ ਛੱਡਿਆ ਹੈ।
ਫਿਰੋਜ਼ਪੁਰ ਜਿਲ੍ਹੇ ਨਾਲ ਸਬੰਧਤ ਇੱਕ ਨਸ਼ਾ ਛੁਡਾਊ ਕੇਂਦਰ ਤੋਂ ਵਣ ਵਿਭਾਗ ਦੇ ਕਈ ਮੁਲਾਜਮ ਦਵਾਈ ਲੈ ਕੇ ਗਏ ਹਨ। ਲੁਧਿਆਣਾ ਦੇ ਕੇਂਦਰ ਤੋਂ ਵੀ ਕੁੱਝ ਸਰਕਾਰੀ ਮੁਲਾਜਮਾਂ ਨੇ ਨਸ਼ਾ ਛੱਡਣ ਵਾਲੀ ਦਵਾਈ ਲਈ ਹੈ। ਜਾਣਕਾਰੀ ਅਨੁਸਾਰ ਇਹ ਉਹ ਮੁਲਾਜਮ ਹਨ ਹੈ ਜੋ ਭੁੱਕੀ ਖਾਂਦੇ ਸਨ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭੁੱਕੀ ਦੀ ਉਪਲਬਧਤਾ ਨਾਂ ਹੋਣ ਕਰਕੇ ਵੀ ਸਰਕਾਰੀ ਮੁਲਾਜਮਾਂ ਨੇ ਇਹ ਰਾਹ ਫੜ੍ਹਿਆ ਹੈ । ਸਰਕਾਰ ਦੀ ਸਖਤੀ ਐਨੀ ਜਿਆਦਾ ਹੈ ਜਿਸ ਕਰਕੇ ਨਸ਼ਾ ਛੱਡਣਾ ਹੀ ਬਿਹਤਰ ਸਮਝਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ 31 ਮਈ ਦੀ ਡੈਡਲਾਈਨ ਦਿੱਤੀ ਹੋਈ ਹੈ ਜਿਸ ਵਿੱਚ ਹੁਣ ਹਫਤਾ ਵੀ ਪਿੱਛੇ ਨਹੀਂ ਬਚਿਆ ਹੈ।
ਸ਼ਲਘਾਯੋਗ ਕਦਮ: ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਚਿੰਤਾਜਨਕ ਹੈ ਕਿ ਸਰਕਾਰ ਦੇ ਮੁਲਾਜ਼ਮ ਨਸ਼ਾ ਕਰਨ ਲੱਗੇ ਹਨ ਜਦੋਂਕਿ ਚੰਗੀ ਗੱਲ ਅਤੇ ਸ਼ਲਾਘਾਯੋਗ ਕਦਮ ਇਹ ਹੈ ਕਿ ਇੰਨ੍ਹਾਂ ਸਰਕਾਰੀ ਮੁਲਾਜ਼ਮਾਂ ਨੇ ਵੀ ਨਸ਼ਾ ਤਿਆਗਣ ਲਈ ਪਹਿਲ ਕੀਤੀ ਹੈ। ਉਨ੍ਹਾਂ ਨਸ਼ਾ ਕਰਨ ਵਾਲੇ ਮੁਲਾਜਮਾਂ ਅਤੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਮਾਮਲੇ ’ਚ ਰੋਲ ਮਾਡਲ ਬਣਕੇ ਦਿਖਾਉਣ ਦੀ ਸਲਾਹ ਵੀ ਦਿੱਤੀ ਹੈ।