Babushahi Special: ਕੀ ਬਾਰਸ਼ਾਂ ਮੌਕੇ ‘ ਬਠਿੰਡਾ ਐਤਕੀਂ ਵੀ ਲਾਏਗਾ ਵਿਕਾਸ ਦੇ ਸਿਆਸੀ ਪਾਣੀ ’ਚ ਤਾਰੀਆਂ’
ਅਸ਼ੋਕ ਵਰਮਾ
ਬਠਿੰਡਾ,8 ਮਈ2025:ਕੀ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਮੀਂਹ ਦੇ ਦਿਨਾਂ ਦੌਰਾਨ ਬਠਿੰਡਾ ’ਚ ਲੋਕਾਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ ਜਾਂ ਫਿਰ ਨਵਾਂ ਬਣਿਆ ਨੌਜਵਾਨ ਮੇਅਰ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਸਿਆਸੀ ਵਿਕਾਸ ’ਚ ਲੱਗਦੇ ਗੋਤਿਆਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਵਿੱਚ ਸਫਲ ਹੋਵੇਗਾ। ਹਾਲਾਂਕਿ ਇਹ ਸਵਾਲ ਜੂਨ ਮਹੀਨੇ ਦੇ ਅੰਤਲੇ ਦਿਨਾਂ ਦੌਰਾਨ ਉੱਠਦਾ ਹੈ ਪਰ ਇਸ ਵਾਰ ਹੋ ਰਹੇ ਮੌਸਮੀ ਉਲਟਫੇਰ ਕਾਰਨ ਹਰ ਚੌਥੇ ਦਿਨ ਆਉਣ ਵਾਲੀ ਬਾਰਿਸ਼ ਕਾਰਨ ਅਗੇਤਿਆਂ ਹੀ ਇਹ ਚੁੰਝ ਚਰਚਾ ਛਿੜ ਗਈ ਹੈ। ਇਹੋ ਕਾਰਨ ਹੈ ਕਿ ਮੌਨਸੂਨ ਦੀ ਆਮਦ ਤੋਂ ਡੇਢ ਮਹੀਨਾ ਪਹਿਲਾਂ ਸ਼ਹਿਰ ਵਾਸੀਆਂ ਦੇ ਦਿਲਾਂ ’ਚ ਇਹ ਪ੍ਰਸ਼ਨ ਹੁੱਜਾਂ ਮਾਰਨ ਲੱਗਿਆ ਹੈ। ਖਾਸ ਤੌਰ ਤੇ ਜੋ ਇਲਾਕੇ ਹਰ ਸਾਲ ਸੰਤਾਪ ਭੋਗਦੇ ਹਨ ਉਨ੍ਹਾਂ ਦੇ ਮਨ ਵਿੱਚ ਤਾਂ ਇਹ ਗੱਲ ਘਰ ਕਰ ਗਈ ਹੈ ਕਿ ਉਨ੍ਹਾਂ ਦੇ ਅੱਛੇ ਦਿਨ ਆਉਣੇ ਮੁਸ਼ਕਿਲ ਹਨ।
ਇਸ ਮੁੱਦੇ ਤੇ ਹੌਂਸਲੇ ਵਾਲੀ ਗੱਲ ਹੈ ਕਿ ਦੋ ਦਿਨ ਪਹਿਲਾਂ ਜਦੋਂ ਬਾਰਸ਼ ਆਈ ਸੀ ਤਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਆਪਣੇ ਮੇਅਰ ਪੁੱਤ ਖਾਤਰ ਲਾਈਨੋ ਪਾਰ ਬਣੇ ਡਿਸਪੋਜ਼ਲ ਤੇ ਪੈਂਦੇ ਮੀਂਹ ਦੌਰਾਨ ਨੰਗੇ ਪੈਰੀਂ ਪੁੱਜਕੇ ਇਹ ਦੱਸ ਦਿੱਤਾ ਸੀ ਕਿ ਇਹ ਸਮੱਸਿਆ ਉਨ੍ਹਾਂ ਦੇ ਏਜੰਡੇ ਤੇ ਹੈ। ਇਸ ਦੇ ਬਾਵਜੂਦ ਪਾਣੀ ਦੀ ਮਾਰ ਝੱਲਦੇ ਲੋਕਾਂ ’ਚ ਸਿਆਸੀ ਲੀਡਰਾਂ ਵੱਲੋਂ ਦਿਵਾਏ ਜਾਂਦੇ ਭਰੋਸਿਆਂ ਪ੍ਰਤੀ ਐਨੀ ਬੇਭਰੋਸਗੀ ਬਣ ਗਈ ਹੈ ਕਿ ਹੁਣ ਉਨ੍ਹਾਂ ਦਾ ਭਰੋਸਾ ਬੱਝ ਨਹੀਂ ਰਿਹਾ ਹੈ। ਹਰ ਸਾਲ ਐਨ ਮੌਕੇ ਤੇ ਫੇਲ੍ਹ ਹੋ ਜਾਂਦੇ ਨਿਕਾਸੀ ਪ੍ਰਬੰਧਾਂ ਨੇ ਮੌਨਸੂਨ ਦੀ ਆਹਟ ਤੋਂ ਪਹਿਲਾਂ ਹੀ ਬਠਿੰਡਾ ਦੇ ਲੋਕਾਂ ਨੂੰ ਡਰਾ ਦਿੱਤਾ ਹੈ। ਬੇਸ਼ੱਕ ਮੀਂਹ ਕੁਦਰਤ ਦਾ ਅਨਮੋਲ ਤੋਹਫਾ ਅਤੇ ਖੇਤੀ ਖੇਤਰ ਲਈ ਵਰਦਾਨ ਮੰਨਿਆ ਜਾਂਦਾ ਹੈ ਪ੍ਰੰਤੂ ਬਠਿੰਡਾ ਦੇ ਲੋਕ ਤਾਂ ਬੱਦਲ ਗੱਜਣ ਸਾਰ ਹੀ ਤ੍ਰਭਕਣ ਲੱਗ ਜਾਂਦੇ ਹਨ।
ਲੋਕ ਆਖਦੇ ਹਨ ਕਿ ਪਿਛਲੇ ਕਈ ਵਰਿ੍ਹਆਂ ਤੋਂ ਨਿਕਾਸੀ ਪ੍ਰਬੰਧ ਫੇਲ੍ਹ ਹਨ ਅਤੇ ਅਧਵਾਟੇ ਲਟਕੇ ਪ੍ਰਜੈਕਟਾਂ ਨੂੰ ਪੂਰਾ ਕਰਨਾ ਚੁਣੌਤੀ ਬਣਿਆ ਹੋਇਆ ਹੈ। ਸਭ ਤੋਂ ਅਹਿਮ ਪ੍ਰਜੈਕਟ ਰਾਈਜਿੰਗ ਮੇਨ ਦੀ ਉਸਾਰੀ ਹੈ ਜੋ ਲੰਮੇਂ ਸਮੇਂ ਤੋਂ ਲਟਕੀ ਹੋਈ ਹੈ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਰਾਈਜਿੰਗ ਮੇਨ ਦਾ ਕੰਮ ਮੁਕੰਮਲ ਹੋ ਜਾਂਦਾ ਹੈ ਤਾਂ ਸ਼ਹਿਰ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਸ਼ਹਿਰ ਨੂੰ ਡੁੱਬਣ ਤੋਂ ਬਚਾਉਣ ਲਈ ਬਠਿੰਡਾ ਪ੍ਰਸ਼ਾਸ਼ਨ ਇਸ ਰੁਕੇ ਪਏ ਕੰਮ ਨੂੰ ਸ਼ੁਰੂ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਚੁੱਕਿਆ ਹੈ ਪਰ ਸਫਲਤਾ ਨਹੀਂ ਮਿਲੀ ਹੈ। ਦਿਲਚਸਪ ਪਹਿਲੂ ਹੈ ਕਿ ਸਾਲ 2016 ’ਚ ਸ਼ੁਰੂ ਕੀਤਾ ਗਿਆ ਇਹ ਪ੍ਰਜੈਕਟ ਸਾਲ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਣਾ ਸੀ। ਇਸੇ ਤਰਾਂ ਹੀ ਬਾਰਸ਼ ਤੋਂ ਇਲਾਵਾ ਸ਼ਹਿਰ ਦਾ ਗੰਦਾ ਪਾਣੀ ਕੱਢਣ ਲਈ ਬਣਿਆ ਸਲੈਜ ਕੈਰੀਅਰ ਵੀ ਖਸਤਾ ਹਾਲ ਹੈ ਜਿਸ ਦੀ ਸਮਰੱਥਾ 64 ਕਿਊਸਕ ਹੈ।
ਸਲੈਜ ਕੈਰੀਅਰ ਦੀ ਉਸਾਰੀ 1991 ’ਚ ਹੋਈ ਸੀ ਤਾਂ ਉਦੋਂ ਸ਼ਹਿਰ ਦੀ ਅਬਾਦੀ ਕਾਫੀ ਘੱਟ ਸੀ। ਹੁਣ ਦੋ ਦਹਾਕਿਆ ਦਰਮਿਆਨ ਹਾਲਾਤ ਬਦਲ ਗਏ ਹਨ ਜਿਸ ਮੁਤਾਬਕ ਪ੍ਰਬੰਧ ਨਹੀਂ ਵਧਾਏ ਜਿਸ ਕਰਕੇ ਇਹ ਸਥਿਤੀ ਬਣੀ ਹੈ। ਸਲੈਜ ਕੈਰੀਅਰ ਦੀ ਕਦੇ ਵੀ ਢੰਗ ਸਿਰ ਮੁਰੰਮਤ ਨਹੀਂ ਕੀਤੀ ਗਈ ਹੈ ਅਤੇ ਇਸ ਦੀ ਲਾਈਨਿੰਗ ਦਾ ਮਾੜਾ ਹਾਲ ਹੈ ਜਿਸ ਕਰਕੇ ਇਹ ਪਾਣੀ ਦਾ ਬਹੁਤਾ ਦਬਾਅ ਨਹੀਂ ਝੱਲਦੀ ਹੈ। ਹੁਣ ਤੱਕ ਕਈ ਵਾਰ ਟੁੱਟ ਚੁੱਕੇ ਸਲੈਜ ਕੈਰੀਅਰ ਦਾ ਕਰੀਬ ਤਿੰਨ ਕਿੱਲੋਮੀਟਰ ਭਾਗ ਖਤਰੇ ਦੇ ਜੋਨ ’ਚ ਹੈ। ਅਧਿਕਾਰੀ ਦੱਸਦੇ ਹਨ ਕਿ ਨਵੀਂ ਪਾਈਪ ਪਾਉਣ ਤੋਂ ਬਗੈਰ ਢੁੱਕਵੀਂ ਰਾਹਤ ਮਿਲਣੀ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਲੈਜ ਕੈਰੀਅਰ ’ਚ ਰੁਕਾਵਟ ਪੈਂਦੀ ਹੈ ਤਾਂ ਨਿਕਾਸੀ ਲਈ ਲਾਈਆਂ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਹਨ ਜਾਂ ਗਿਣਤੀ ਘੱਟ ਕਰਨੀ ਪੈਂਦੀ ਹੈ ਜਿਸ ਕਰਕੇ ਸ਼ਹਿਰ ਵਿੱਚ ਸਮੁੰਦਰ ਵਰਗੇ ਹਾਲਾਤ ਬਣ ਜਾਂਦੇ ਹਨ।
ਸੀਵਰੇਜ਼ ਬਣਿਆ ਸ਼ਹਿਰ ਦਾ ਦੁਸ਼ਮਣ
ਸ਼ਹਿਰ ਵਾਸੀ ਹਰ ਰੋਜ ਸੀਵਰੇਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ। ਨਗਰ ਨਿਗਮ ਹੁਣ ਤੱਕ ਸੀਵਰੇਜ਼ ਦੀਆਂ ਅੱਧੀਆਂ ਲਾਈਨਾਂ ਵੀ ਸਾਫ ਨਹੀਂ ਕਰਵਾ ਸਕਿਆ ਹੈ। ਲਾਈਨੋਪਾਰ ’ਚ ਅੱਧੀ ਦਰਜਨ ਬਸਤੀਆਂ ਤਾਂ ਇਸ ਸਮੱਸਿਆ ਤੋਂ ਬੁਰੀ ਤਰਾਂ ਪੀੜਤ ਹਨ। ਇਸ ਇਲਾਕੇ ਲਈ 40 ਕਰੋੜ ਦੀ ਲਾਗਤ ਨਾਲ ਪਾਈਪ ਲਾਈਨ ਵਿਛਾਈ ਸੀ ਜੋ ਲੀਕ ਹੋ ਗਈ ਹੈ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵੱਡੀਆਂ ਲਾਈਨਾਂ ਦੀ ਸਫਾਈ ਸੁਪਰ ਸਕਸ਼ਨ ਮਸ਼ੀਨ ਨਾਲ ਨਹੀਂ ਹੁੰਦੀ ਸਫਲਤਾ ਮਿਲਣੀ ਮੁਸ਼ਕਿਲ ਜਾਪਦੀ ਹੈ।
ਨਗਰ ਨਿਗਮ ਪੂਰੀ ਤਰਾਂ ਅਸਫਲ
ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹਰ ਸਾਲ ਪਾਣੀ ਦੀ ਮਾਰ ਪੈਣ ਕਾਰਨ ਸ਼ਹਿਰ ਦਾ ਫਿਕਰਮੰਦ ਹੋਣਾ ਜਾਇਜ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਡੇ ਵੱਡੇ ਦਾਅਵੇ ਕਰਦਾ ਹੈ ਪ੍ਰੰਤੂ ਅਮਲੀ ਰੂਪ ’ਚ ਕੁੱਝ ਨਹੀਂ ਕੀਤਾ ਜਾਂਦਾ ਜੋ ਚਿੰਤਾ ਦਾ ਵਿਸ਼ਾ ਹੈ।
ਮੌਨਸੂਨ ਤੋਂ ਪਹਿਲਾਂ ਸਫਾਈ
ਨਗਰ ਨਿਗਮ ਦੇ ਐਕਸੀਅਨ ਨੀਰਜ ਸਿੰਗਲਾ ਦਾ ਕਹਿਣਾ ਸੀ ਕਿ ਲਾਈਨੋਪਾਰ ਇਲਾਕੇ ’ਚ ਸੁਪਰ ਸਕਸ਼ਨ ਮਸ਼ੀਨ ਅਤੇ ਬਾਕੀ ਥਾਵਾਂ ਤੇ ਹੋਰਨਾਂ ਮਸ਼ੀਨਾਂ ਨਾਲ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਾਨਸੂਨ ਤੋਂ ਪਹਿਲਾਂ ਪਹਿਲਾਂ ਇਹ ਕੰਮ ਮੁਕੰਮਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।