ਜ਼ਿਲ੍ਹਾ ਗੁਰਦਾਸਪੁਰ `ਚ 6 ਸਰਪੰਚਾਂ ਅਤੇ 26 ਪੰਚਾਂ ਦੀ ਉਪ ਚੋਣ ਭਲਕੇ ਮਿਤੀ 27 ਜੁਲਾਈ ਨੂੰ
- ਉਪ ਚੋਣਾਂ ਦੀਆਂ ਤਿਆਰੀਆਂ ਮੁਕੰਮਲ, ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ ਉੱਪਰ ਪਹੁੰਚੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 26 ਜੁਲਾਈ 2025 - ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਦੀਆਂ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਉੱਪਰ ਉਪ ਚੋਣਾਂ 27 ਜੁਲਾਈ 2025 ਨੂੰ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿੱਚ 6 ਸਰਪੰਚਾਂ ਅਤੇ 26 ਪੰਚਾਂ ਦੀ ਉੱਪ ਚੋਣ ਹੋਣ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਉਪ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਅੱਜ ਬਾਅਦ ਦੁਪਹਿਰ ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ ਉੱਪਰ ਪਹੁੰਚ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ, ਗੁਰਦਾਸਪੁਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਨਾਂ ਉਪ ਚੋਣਾਂ ਦੌਰਾਨ ਦੀਨਾਨਗਰ ਬਲਾਕ ਦੇ ਪਿੰਡ ਸਹਿਜ਼ਾਦਾ ਅਤੇ ਕੋਠੇ ਮਾਈ ਉਮਰੀ ਵਿਖੇ ਸਰਪੰਚਾਂ ਦੀ ਉਪ ਚੋਣ ਹੋਵੇਗੀ, ਜਦਕਿ ਇਸੇ ਹੀ ਬਲਾਕ ਦੇ ਪਿੰਡ ਝੱਖਰਪਿੰਡੀ, ਚੂਹੜ ਚੱਕ, ਬਾਜੀਗਰ ਕੁੱਲੀਆਂ ਭਟੋਆ, ਮੰਜ, ਨਿਆਂਮਤਾ, ਕੋਠੇ ਸਦਾਨਾ, ਕੋਠੇ ਅਬਾਦੀ ਭਗਵਾਨਪੁਰ ਅਤੇ ਤਲਵੰਡੀ ਵਿਖੇ ਪੰਚਾਂ ਦੀ ਉਪ ਚੋਣ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਬਲਾਕ ਵਿੱਚ ਘੁੱਲਾ ਪਿੰਡ ਵਿਖੇ ਸਰਪੰਚ ਅਤੇ ਪੱਖੋਵਾਲ ਵਿਖੇ ਪੰਚ ਦੀ ਉਪ ਚੋਣ ਹੋਵੇਗੀ। ਕਾਹਨੂੰਵਾਨ ਬਲਾਕ ਵਿੱਚ ਪਿੰਡ ਕੱਲੂ ਸੋਹਲ ਵਿਖੇ ਸਰਪੰਚ ਦੀ ਉਪ ਚੋਣ ਅਤੇ ਪਿੰਡ ਘੁੱਲਾ ਤੇ ਭੈਣੀ ਪਸਵਾਲ ਵਿਖੇ ਪੰਚਾਂ ਦੀ ਉਪ ਚੋਣ ਹੋਵੇਗੀ। ਧਾਰੀਵਾਲ ਬਲਾਕ ਦੇ ਪਿੰਡ ਅਖਲਾਸਪੁਰ ਵਿਖੇ ਪੰਚ ਦੀ ਚੋਣ ਹੋਵੇਗੀ ਅਤੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਮੱਧਰਾ, ਸ਼ੁਕਾਲਾ, ਗੰਡੇਕੇ ਅਤੇ ਘੁਮਾਣ ਵਿਖੇ ਪੰਚਾਂ ਦੀ ਉਪ ਚੋਣ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬਟਾਲਾ ਬਲਾਕ ਦੇ ਪਿੰਡ ਦਾਖਲਾ, ਸ਼ਾਮਪੁਰ ਤੇ ਸਰਵਾਲੀ ਵਿੱਚ ਪੰਚਾਂ ਦੀ ਉਪ ਚੋਣ ਹੋਵੇਗੀ। ਡੇਰਾ ਬਾਬਾ ਨਾਨਕ ਬਲਾਕ ਦੇ ਪਿੰਡ ਖੋਦੇਬੇਟ ਅਤੇ ਸਿੰਘਪੁਰਾ ਵਿਖੇ ਸਰਪੰਚਾਂ ਦੀ ਉਪ ਚੋਣ ਅਤੇ ਪਿੰਡ ਨਿਕੋਸਰਾਂ ਖੁਰਦ ਤੇ ਮੇਘਾ ਵਿਖੇ ਪੰਚਾਂ ਦੀ ਉਪ ਚੋਣ ਹੋਵੇਗੀ। ਬਲਾਕ ਕਲਾਨੌਰ ਦੇ ਪਿੰਡ ਵਡਾਲਾ ਬਾਂਗਰ ਖੁਰਦ ਵਿਖੇ ਪੰਚ ਦੀ ਉਪ ਚੋਣ ਹੋਵੇਗੀ।
ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਅਤੇ ਉਸ ਤੋਂ ਬਾਅਦ ਪੋਲਿੰਗ ਸਟੇਸ਼ਨ ਉੱਪਰ ਹੀ ਵੋਟਾਂ ਦੀ ਗਿਣਤੀ ਹੋਵੇਗੀ।