ਹਰਭਜਨ ਸਿੰਘ ਈ ਟੀ ਓ ਨੇ ਸੜਕ ਦਾ ਨੀਂਹ ਪੱਥਰ ਰੱਖਿਆ
- ਬਹਾਦੁਰਗੜ੍ਹ-ਘਨੌਰ- ਚਪੜ-ਮੰਘੋਲੀ ਸੜਕ ਹੁਣ ਹੋਈ ਸੁਰੱਖਿਅਤ
- ਹੜ੍ਹਾਂ ਨਾਲ ਨੁਕਸਾਨੀ ਝਲ ਰਹੀ ਸੜਕ ਦੀ ਨਵੀਂ ਰੂਪਰੇਖਾ ' ਤੇ ਪੰਜਾਬ ਸਰਕਾਰ ਨੇ ਲਗਾਈ ਮੋਹਰ- ਮੰਤਰੀ ਹਰਭਜਨ ਸਿੰਘ
ਪਟਿਆਲਾ/ਘਨੌਰ 15 ਅਗਸਤ
ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਆਵਾਜਾਈ ਨੂੰ ਸੁਚੱਜਾ ਬਣਾਉਣ ਦੇ ਉਦੇਸ਼ ਨਾਲ ਸੜਕਾਂ ਦੇ ਨਵੀਨੀਕਰਨ ਅਤੇ ਨਿਰਮਾਣ ਦਾ ਕੰਮ ਜਾਰੀ ਹੈ। ਇਸ ਕੜੀ ਵਿੱਚ ਅੱਜ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਬਹਾਦਰਗੜ੍ਹ-ਘਨੌਰ-ਵਾਇਆ ਚਪੜ-ਮੰਘੌਲੀ ਅਤੇ ਬਹਾਦਰਗੜ੍ਹ-ਘਨੌਰ-ਸ਼ੰਭੂ ਸੜਕ ਦਾ ਨੀਂਹ ਪੱਥਰ ਪਿੰਡ ਚਪੜ ਵਿਖੇ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਘਨੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ. ਗੁਰਲਾਲ ਸਿੰਘ ਘਨੌਰ ਵੀ ਹਾਜ਼ਰ ਸਨ।
ਇਸ ਮੌਕੇ ਮੰਤਰੀ ਈ.ਟੀ.ਓ. ਨੇ ਦੱਸਿਆ ਕਿ ਇਹ ਸੜਕ ਸਿਰਫ ਇਲਾਕੇ ਦੀ ਆਵਾਜਾਈ ਲਈ ਹੀ ਨਹੀਂ, ਸਗੋਂ ਉਦਯੋਗਿਕ ਦਰਿਸ਼ਟੀ ਨਾਲ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਰੂਟ ’ਤੇ ਕਈ ਉਦਯੋਗਿਕ ਇਕਾਈਆਂ ਸਥਿਤ ਹਨ। ਉਨ੍ਹਾਂ ਨੇ ਕਿਹਾ ਕਿ ਸੜਕ ਦੀ ਲੰਬਾਈ 13.45 ਕਿਲੋਮੀਟਰ ਹੈ ਅਤੇ ਇਹ ਪੰਜਾਬ ਨੂੰ ਹਰਿਆਣਾ ਰਾਜ ਨਾਲ ਜੋੜਦੀ ਹੈ। ਓਹਨਾ ਕਿਹਾ ਕਿ ਹੜ੍ਹਾਂ ਨਾਲ ਇਸ ਸੜਕ ਨੂੰ ਬਹੁਤ ਨੁਕਸਾਨ ਹੋਇਆ ਸੀ, ਜਿਸ ਕਰਕੇ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਸੀ। ਪੰਜਾਬ ਸਰਕਾਰ ਨੇ ਲੋਕਾਂ ਦੀ ਸੁਵਿਧਾ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੜਕ ਦੀ ਨਵੀਨੀਕਰਨ ਲਈ 15 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ।
ਵਿਧਾਇਕ ਗੁਰਲਾਲ ਘਨੌਰ ਨੇ ਵੀ ਮੰਤਰੀ ਈ.ਟੀ.ਓ. ਅਤੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਇਹ ਸੁਪਨਾ ਸੀ ਕਿ ਪੰਜਾਬ ਦੀ ਕੋਈ ਵੀ ਸੜਕ ਖਰਾਬ ਹਾਲਤ ਵਿੱਚ ਨਾ ਹੋਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਵਧੀਆ ਆਵਾਜਾਈ ਪੰਜਾਬ ਸਰਕਾਰ ਦੀ ਪਹਿਲ ਹੈ ਅਤੇ ਇਹ ਸੜਕ ਨਿਰਮਾਣ ਪ੍ਰਾਜੈਕਟ ਉਸੇ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਓਹਨਾ ਕਿਹਾ ਕਿ ਇਹ ਨਵੀਂ ਸੜਕ ਨਾ ਸਿਰਫ ਵਸਨੀਕਾਂ ਨੂੰ ਸੁਵਿਧਾਜਨਕ ਯਾਤਰਾ ਮੁਹੱਈਆ ਕਰੇਗੀ, ਸਗੋਂ ਆਸ-ਪਾਸ ਦੇ ਵਪਾਰ ਅਤੇ ਉਦਯੋਗ ਨੂੰ ਵੀ ਨਵੀਂ ਰਫ਼ਤਾਰ ਦੇਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸਨਰ ਇਸ਼ਾ ਸਿੰਗਲ , ਐਸ ਡੀ ਐਮ ਅਵਿਕੇਸ਼ ਗੁਪਤਾ ਤੋਂ ਇਲਾਵਾ ਪੰਚਾਇਤੀ ਮੈਂਬਰ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ।