ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਦੇ ਦੋਸ਼ਾਂ ਤਹਿਤ ਚਾਰ ਖਿਲਾਫ FIR ਦਰਜ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2026:ਬਠਿੰਡਾ ਪੁਲੀਸ ਨੇ ਇੱਕ ਪੁਰਸ਼ ਤੋਂ ਕਥਿਤ ਤੌਰ ’ਤੇ ਵੀਡੀਓ ਬਣਾਉਣ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਕੱਦਮਾ ਨੰਬਰ 278 ਮਿਤੀ 17 ਸਤੰਬਰ 2026 ਨੂੰ ਧਾਰਾ 308(2), 3(5) ਬੀਐੱਨਐੱਸ ਤਹਿਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਰਿਕਾਰਡ ਅਨੁਸਾਰ ਇਸ ਮਾਮਲੇ ਵਿੱਚ ਸੰਦੀਪ ਕੌਰ ਵਾਸੀ ਪਿੰਡ ਬੱਲ੍ਹੋ, ਪ੍ਰਵੀਨ ਕੌਰ ਵਾਸੀ ਬਠਿੰਡਾ, ਬੰਟੀ ਸਿੰਘ ਵਾਸੀ ਪਿੰਡ ਦਿਉਣ ਅਤੇ ਕ੍ਰਿਸ਼ਨ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਨੂੰ ਨਾਮਜ਼ਦ ਕੀਤਾ ਹੈ। ਸ਼ਿਕਾਇਤ ਅਨੁਸਾਰ ਪੀੜਤ ਨੇ ਪੁਲੀਸ ਨੂੰ ਦੱਸਿਆ ਕਿ ਇੱਕ ਅਣਪਛਾਤੀ ਔਰਤ ਵੱਲੋਂ ਉਸ ਨੂੰ ਫੋਨ ਕਰ ਕੇ ਪਹਿਲਾਂ ਗ਼ਲਤ ਫੋਨ ਲੱਗਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਵਾਰ-ਵਾਰ ਫੋਨ ਕਰ ਕੇ ਗੱਲਬਾਤ ਕੀਤੀ ਗਈ। ਕੁੱਝ ਸਮੇਂ ਬਾਅਦ ਔਰਤ ਨੇ ਆਪਣੀ ਪਛਾਣ ਸੰਦੀਪ ਕੌਰ ਵਜੋਂ ਦੱਸੀ ਅਤੇ ਕਿਹਾ ਕਿ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ ਹੈ।
ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸੰਦੀਪ ਕੌਰ ਨੇ ਪੁਰਸ਼ ਨੂੰ ਮਿਲਣ ਲਈ ਮੁਲਤਾਨੀਆ ਰੋਡ ਸਥਿਤ ਆਪਣੇ ਮਕਾਨ ’ਤੇ ਬੁਲਾਇਆ। ਉੱਥੇ ਦੋ ਹੋਰ ਨੌਜਵਾਨਾਂ ਸਮੇਤ ਉਸ ਨੂੰ ਕਮਰੇ ਵਿੱਚ ਲਿਜਾ ਕੇ ਡਰਾਇਆ-ਧਮਕਾਇਆ ਗਿਆ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਕਿਹਾ ਕਿ ਉਨ੍ਹਾਂ ਨੇ ਉਸ ਪੁਰਸ਼ ਦੀ ਵੀਡੀਓ ਬਣਾ ਲਈ ਹੈ ਅਤੇ ਜੇਕਰ ਦੋ ਲੱਖ ਰੁਪਏ ਨਾ ਦਿੱਤੇ ਤਾਂ ਵੀਡੀਓ ਉਸ ਦੇ ਘਰਦਿਆਂ ਅਤੇ ਜਨਤਕ ਤੌਰ ’ਤੇ ਵਾਇਰਲ ਕਰ ਦਿੱਤੀ ਜਾਵੇਗੀ।
ਪੀੜਤ ਵਿਅਕਤੀ ਅਨੁਸਾਰ ਉਸ ਕੋਲ ਇੰਨੀ ਰਕਮ ਨਾ ਹੋਣ ਦੀ ਗੱਲ ਕਹਿਣ ’ਤੇ ਮੁਲਜ਼ਮਾਂ ਨੇ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਉਸ ਦੀ ਜੇਬ ਵਿੱਚੋਂ ਤਿੰਨ-ਚਾਰ ਹਜ਼ਾਰ ਰੁਪਏ ਕੱਢ ਲਏ ਗਏ। ਇਸ ਤੋਂ ਬਾਅਦ ਬੈਂਕ ਵਿੱਚੋਂ 50 ਹਜ਼ਾਰ ਰੁਪਏ ਕਢਵਾਉਣ ਲਈ ਵੀ ਕਿਹਾ ਗਿਆ, ਪਰ ਮਹਿਲਾ ਦੇ ਬਿਆਨ ਅਨੁਸਾਰ ਮੁਲਜ਼ਮ ਉੱਥੋਂ ਚਲੇ ਗਏ। ਪੁਲੀਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਰਿਕਾਰਡ ਅਨੁਸਾਰ ਨਾਮਜ਼ਦ ਮੁਲਜ਼ਮਾਂ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ।
- Download Babushahi App
-
-