ਲੋਨ ਰਿਕਵਰੀ ਏਜੈਂਟ ਕੋਲੋਂ ਲੁਟੇ 46600 ਰੁਪਈਏ
ਦੀਪਕ ਜੈਨ
ਜਗਰਾਉਂ : ਸੁੰਨੀਆਂ ਸੜਕਾਂ ਉੱਪਰ ਇਕੱਲੇ ਦੁਕੱਲੇ ਬੰਦੇ ਨੂੰ ਆਪਣੀ ਬਾਈਕ ਉੱਪਰ ਰੁਪਈਏ ਲੈ ਕੇ ਘੁੰਮਣਾ ਅੱਜ ਕੱਲ ਮਹਿੰਗਾ ਪੈ ਰਿਹਾ ਹੈ ਅਤੇ ਪਤਾ ਨਹੀਂ ਕਿਹੜੇ ਰਸਤੇ ਉੱਤੇ ਲੁਟੇਰੇ ਖੜੇ ਉਸ ਨੂੰ ਲੁੱਟ ਲੈਣ। ਨਿਤ ਦਿਹਾੜੇ ਅਜਿਹੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਇਕ ਵਾਰਦਾਤ ਕੰਪਨੀ ਦੇ ਰਿਕਵਰੀ ਏਜੰਟ ਨਾਲ ਹੋਈ ਲੁੱਟ ਦੀ ਵਾਰਦਾਤ ਦਾ ਸਮਾਚਾਰ ਮਿਲਿਆ ਹੈ।
ਥਾਣਾ ਸਦਰ ਜਗਰਾਉਂ ਦੇ ਮੁਖੀ ਸਬ ਇੰਸਪੈਕਟਰ ਸੁਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਅਨਮੋਲ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਪਿੰਡ ਨੱਥੂਵਾਲਾ ਗਰਬੀ ਤਹਿਸੀਲ ਬਾਘਾਪੁਰਾਣਾ ਜਿਲਾ ਮੋਗਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਦਾ ਰਿਕਵਰੀ ਏਜੰਟ ਹੈ ਅਤੇ ਜਗਰਾਉਂ ਇਲਾਕੇ ਦੇ ਅਲੱਗ ਅਲੱਗ ਪਿੰਡਾਂ ਵਿੱਚੋਂ ਕੰਪਨੀ ਦੀ ਰਿਕਵਰੀ ਕਰਦਾ ਹੈ। ਪੰਜ ਜੁਲਾਈ ਨੂੰ ਉਹ ਕੰਪਨੀ ਦੇ ਲੋਣ ਦੀਆਂ ਕਿਸਤਾਂ ਇਕੱਠੀਆਂ ਕਰਕੇ ਪਿੰਡ ਫਤਿਹਗੜ ਸਿਵੀਆਂ ਤੋਂ ਪਿੰਡ ਸੇਖ ਦੌਲਤ ਨੂੰ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਦੋ ਲੁਟੇਰਿਆਂ ਨੇ ਘੇਰ ਲਿੱਤਾ ਅਤੇ ਹਥਿਆਰਾਂ ਦੀ ਨੌਕ ਉੱਤੇ ਉਸ ਕੋਲੋਂ 46,600 ਰੁਪਏ ਜੋ ਕਿ ਉਸਨੇ ਕੰਪਨੀ ਦੇ ਲੋਣ ਦੀ ਉਗਰਾਹੀ ਕੀਤੇ ਸਨ ਲੁੱਟ ਲਏ। ਜਿਸ ਦੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਤਾਂ ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਲੁਟੇਰਿਆਂ ਦੇ ਮੋਟਰਸਾਈਕਲ ਦੇ ਨੰਬਰ ਦੇ ਆਧਾਰ ਤੇ ਲੁਟੇਰਿਆਂ ਦੀ ਪਹਿਚਾਣ ਕੀਤੀ। ਜਿਸ ਤੋਂ ਪਤਾ ਲੱਗਿਆ ਕਿ ਉਕਤ ਰਿਕਵਰੀ ਏਜੰਟ ਨਾਲ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਦੇ ਨਾਮ ਮੰਗਲ ਸਿੰਘ ਉਰਫ ਜੰਟਾ ਪੁੱਤਰ ਗੁਰਚਰਨ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਤਲਵੰਡੀ ਜੱਲੇ ਖਾਨ ਤਹਿਸੀਲ ਜੀਰਾ ਜਿਲਾ ਫਿਰੋਜ਼ਪੁਰ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।