ਮੱਛੀ ਪਾਲਣ ਨੇ ਬਦਲੀ ਨੰਦੇ ਸਾਹਨੀ ਦੀ ਜ਼ਿੰਦਗੀ, ਮਜ਼ਦੂਰ ਤੋਂ ਬਣੇ ਸਫ਼ਲ ਕਾਰੋਬਾਰੀ
15 ਏਕੜ 'ਚ ਮੱਛੀ ਪਾਲਣ ਤੇ ਏਕੀਕ੍ਰਿਤ ਖੇਤੀ ਮਾਡਲ; ਸਾਲਾਨਾ 10 ਤੋਂ 12 ਲੱਖ ਰੁਪਏ ਮੁਨਾਫ਼ਾ, 12 ਵਿਅਕਤੀਆਂ ਨੂੰ ਮਿਲਿਆ ਰੋਜ਼ਗਾਰ
ਰੂਪਨਗਰ, 24 ਸਤੰਬਰ: ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਉੱਦਮੀ ਸੋਚ ਨਾਲ ਇਨਸਾਨ ਆਪਣੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦਾ ਹੈ। ਇਸ ਦੀ ਪ੍ਰੇਰਣਾਦਾਇਕ ਮਿਸਾਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਕਕਰਾਲਾ ਦੇ ਮੱਛੀ ਪਾਲਕ ਸ੍ਰੀ ਨੰਦੇ ਸਾਹਨੀ ਹਨ, ਜਿਨ੍ਹਾਂ ਨੇ ਮੱਛੀ ਮਜ਼ਦੂਰ ਵਜੋਂ ਆਪਣਾ ਸਫ਼ਰ ਸ਼ੁਰੂ ਕਰਕੇ ਅੱਜ ਮੱਛੀ ਪਾਲਣ ਨੂੰ ਸਫ਼ਲ ਕਾਰੋਬਾਰ ਵਿੱਚ ਤਬਦੀਲ ਕੀਤਾ ਹੈ। ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਨਾ ਸਿਰਫ਼ ਸਵੈ-ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ, ਸਗੋਂ ਹੋਰਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਸ੍ਰੀ ਨੰਦੇ ਸਾਹਨੀ ਬਿਹਤਰ ਰੋਜ਼ਗਾਰ ਅਤੇ ਜੀਵਨ-ਜਾਚ ਦੇ ਮੌਕਿਆਂ ਦੀ ਭਾਲ ਵਿੱਚ 20 ਸਾਲ ਦੀ ਉਮਰ ਵਿੱਚ ਪੰਜਾਬ ਆਏ ਸਨ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੇ ਮੱਛੀ ਮਜ਼ਦੂਰ ਵਜੋਂ ਕੰਮ ਕੀਤਾ ਅਤੇ ਇਸ ਖੇਤਰ ਨਾਲ ਜੁੜਿਆ ਵਿਹਾਰਕ ਤਜਰਬਾ ਹਾਸਲ ਕੀਤਾ। ਇਸ ਤਜਰਬੇ ਨੂੰ ਆਪਣੀ ਤਾਕਤ ਬਣਾਉਂਦਿਆਂ ਉਨ੍ਹਾਂ ਨੇ ਸਾਲ 2005 ਵਿੱਚ ਖ਼ੁਦ ਦਾ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸ੍ਰੀ ਨੰਦੇ ਸਾਹਨੀ ਲਗਭਗ 15 ਏਕੜ ਰਕਬੇ ਵਿੱਚ ਮੱਛੀ ਪਾਲਣ ਕਰ ਰਹੇ ਹਨ। ਉਨ੍ਹਾਂ ਨੇ ਸਿਰਫ਼ ਮੱਛੀ ਪਾਲਣ ਤੱਕ ਆਪਣੇ ਕਾਰੋਬਾਰ ਨੂੰ ਸੀਮਤ ਨਹੀਂ ਰੱਖਿਆ, ਸਗੋਂ ਮੱਛੀ ਪਾਲਣ ਦੇ ਨਾਲ ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਮਖਾਣੇ ਦੀ ਕਾਸ਼ਤ ਨੂੰ ਜੋੜ ਕੇ ਏਕੀਕ੍ਰਿਤ ਖੇਤੀ ਮਾਡਲ ਅਪਣਾਇਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਖੇਤੀਬਾੜੀ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਨੂੰ ਇੱਕ-ਦੂਜੇ ਨਾਲ ਜੋੜ ਕੇ ਆਮਦਨ ਦੇ ਕਈ ਸਰੋਤ ਵਿਕਸਤ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਪਣੀ ਪੈਦਾਵਾਰ ਨੂੰ ਬਾਜ਼ਾਰ ਤੱਕ ਪਹੁੰਚਾਉਣ ਲਈ ਸ੍ਰੀ ਨੰਦੇ ਸਾਹਨੀ ਵੱਲੋਂ ਚਾਰ ਮੱਛੀ ਦੀਆਂ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ, ਜਿੱਥੇ ਸਥਾਨਕ ਗਾਹਕਾਂ ਨੂੰ ਤਾਜ਼ੀ ਮੱਛੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਬਾਕੀ ਮੱਛੀ ਦੀ ਪੈਦਾਵਾਰ ਨੂੰ ਲੁਧਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਪਹੁੰਚਾ ਕੇ ਵੇਚਿਆ ਜਾਂਦਾ ਹੈ। ਇਸ ਵਿਵਸਥਾ ਨਾਲ ਉਨ੍ਹਾਂ ਨੇ ਆਪਣੇ ਉਤਪਾਦ ਲਈ ਸਥਾਨਕ ਪੱਧਰ ਤੋਂ ਬਾਹਰ ਵੀ ਮਾਰਕੀਟ ਤਿਆਰ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੱਛੀ ਪਾਲਣ ਦੇ ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਰਕਾਰੀ ਸਹਾਇਤਾ ਨੇ ਵੀ ਅਹਿਮ ਭੂਮਿਕਾ ਨਿਭਾਈ। ਮੱਛੀ ਪਾਲਣ ਵਿਭਾਗ ਵਲੋਂ ਸ੍ਰੀ ਨੰਦੇ ਸਾਹਨੀ ਨੂੰ ਮੋਟਰਸਾਈਕਲ ਸਮੇਤ ਆਈਸ ਬਾਕਸ ਦੀ ਖਰੀਦ ਲਈ 30,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ। ਇਸ ਨਾਲ ਮੱਛੀ ਦੀ ਆਵਾਜਾਈ ਅਤੇ ਮਾਰਕੀਟਿੰਗ ਸਬੰਧੀ ਉਨ੍ਹਾਂ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ।
ਸ੍ਰੀ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਏਕੀਕ੍ਰਿਤ ਖੇਤੀ ਅਤੇ ਮੱਛੀ ਦੀ ਮਾਰਕੀਟਿੰਗ ਰਾਹੀਂ ਸ੍ਰੀ ਸਾਹਨੀ ਲਗਭਗ 10 ਤੋਂ 12 ਲੱਖ ਰੁਪਏ ਦਾ ਸਾਲਾਨਾ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਦੀ ਕਾਰੋਬਾਰੀ ਤਰੱਕੀ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਹੈ ਕਿ ਉਹ ਹੁਣ ਖ਼ੁਦ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਵਿਅਕਤੀ ਤੋਂ ਅੱਗੇ ਵਧ ਕੇ 12 ਵਿਅਕਤੀਆਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਨੰਦੇ ਸਾਹਨੀ ਦੀ ਮਿਹਨਤ ਅਤੇ ਉੱਦਮੀ ਸੋਚ ਸਦਕਾ ਉਨ੍ਹਾਂ ਨੇ ਦੋ ਮੰਜ਼ਿਲਾ ਕੋਠੀ, ਲਗਜ਼ਰੀ ਕਾਰ, ਬੋਲੇਰੋ ਪਿਕਅੱਪ ਅਤੇ ਮਹਿੰਦਰਾ ਮਿੰਨੀ ਟਰੱਕ ਸਮੇਤ ਕਈ ਸਾਧਨ ਹਾਸਲ ਕੀਤੇ ਹਨ। ਇਹ ਤਬਦੀਲੀ ਉਨ੍ਹਾਂ ਦੀ ਲੰਬੇ ਸਮੇਂ ਦੀ ਮਿਹਨਤ ਅਤੇ ਮੱਛੀ ਪਾਲਣ ਨੂੰ ਇੱਕ ਕਾਰੋਬਾਰੀ ਉੱਦਮ ਵਜੋਂ ਵਿਕਸਤ ਕਰਨ ਦਾ ਨਤੀਜਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਨੰਦੇ ਸਾਹਨੀ ਦੀ ਇਹ ਯਾਤਰਾ ਦਰਸਾਉਂਦੀ ਹੈ ਕਿ ਮੱਛੀ ਪਾਲਣ ਨੂੰ ਸਿਰਫ਼ ਰਵਾਇਤੀ ਕਿੱਤੇ ਵਜੋਂ ਨਹੀਂ, ਸਗੋਂ ਸਵੈ-ਰੋਜ਼ਗਾਰ, ਆਮਦਨ ਅਤੇ ਰੋਜ਼ਗਾਰ ਸਿਰਜਣ ਦੇ ਇੱਕ ਪ੍ਰਭਾਵਸ਼ਾਲੀ ਸਾਧਨ ਵਜੋਂ ਵੀ ਅਪਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਤਜਰਬੇ, ਮਿਹਨਤ ਅਤੇ ਉਪਲਬਧ ਮੌਕਿਆਂ ਦੀ ਵਰਤੋਂ ਕਰਦਿਆਂ ਇੱਕ ਅਜਿਹਾ ਕਾਰੋਬਾਰੀ ਮਾਡਲ ਵਿਕਸਤ ਕੀਤਾ ਹੈ, ਜਿਸ ਨਾਲ ਉਨ੍ਹਾਂ ਨੂੰ ਖ਼ੁਦ ਆਮਦਨ ਪ੍ਰਾਪਤ ਹੋ ਰਹੀ ਹੈ ਅਤੇ ਹੋਰਨਾਂ ਨੂੰ ਵੀ ਰੋਜ਼ਗਾਰ ਮਿਲ ਰਿਹਾ ਹੈ।
- Download Babushahi App
-
-