ਮੇਰਾ ਘਰ ਢੁਹਾਇਆ, ਤਾਂ ਸਰਪੰਚ ਮਰਵਾਇਆ! ਗੈਂਗਸਟਰ ਡੌਨੀ ਬੱਲ ਨੇ ਕਥਿਤ ਪੋੋਸਟ ਰਾਹੀਂ ਲਈ ਕਤਲ ਦੀ ਜ਼ਿੰਮੇਵਾਰੀ
Babushahi Network
ਅੰਮ੍ਰਿਤਸਰ, 5 ਜਨਵਰੀ 2026- ਬੀਤੇ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਕਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸਰਪੰਚ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਡੋਨੀ ਬਲ ਵੱਲੋਂ ਲਈ ਗਈ ਹੈ।
ਗੈਂਗਸਟਰ ਡੌਨੀ ਬੱਲ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਕਤ ਸਰਪੰਚ ਨੇ 35 ਲੱਖ ਰੁਪਏ ਦੇ ਕੇ ਪੁਲਿਸ ਦੇ ਨਾਲ ਲਿਜਾ ਕੇ ਦਾਸੂਵਾਲ ਵਿੱਚ ਮੇਰਾ ਘਰ ਢੁਆਇਆ ਸੀ, ਜਿਸ ਕਾਰਨ ਅਸੀਂ ਇਹ ਕੰਮ ਯਾਨੀ ਕਿ ਕਤਲ ਕੀਤਾ ਹੈ।
ਹਾਲਾਂਕਿ ਦੱਸ ਦਈਏ ਕਿ ਗੈਂਗਸਟਰ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਪੋਸਟ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਇਸ ਪੋਸਟ ਦੀ ਪੁਲਿਸ ਵੱਲੋਂ ਪੂਰੀ ਘੋਖ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ।

ਹਥਿਆਰਬੰਦ ਨੌਜਵਾਨਾਂ ਨੇ ਦਿੱਤਾ ਸੀ ਖੌਫਨਾਕ ਵਾਰਦਾਤ ਨੂੰ ਅੰਜਾਮ
ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ (AAP) ਦੇ ਸਰਪੰਚ ਜਰਮਲ ਸਿੰਘ ਦਾ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਹਥਿਆਰਬੰਦ ਨੌਜਵਾਨਾਂ ਨੇ ਇਸ ਖੌਫਨਾਕ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਸਰਪੰਚ ਰਿਜ਼ੋਰਟ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਅਤੇ ਮਹਿਮਾਨਾਂ ਨਾਲ ਇੱਕ ਮੇਜ਼ 'ਤੇ ਬੈਠੇ ਸਨ। ਇਸ ਮੰਦਭਾਗੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਮ੍ਰਿਤਕ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਜੂਦਾ ਸਰਪੰਚ ਸਨ। ਪੁਲਸ ਜਾਂਚ ਦੇ ਅਨੁਸਾਰ ਉਨ੍ਹਾਂ 'ਤੇ ਪਹਿਲਾਂ ਵੀ 3 ਵਾਰ ਹਮਲਾ ਹੋ ਚੁੱਕਾ ਸੀ। ਫਾਇਰਿੰਗ ਦੀ ਸੂਚਨਾ ਮਿਲਣ 'ਤੇ ਪੁਲਸ ਪੈਲੇਸ ਪਹੁੰਚੀ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਵਿਆਹ ਸਮਾਗਮ ਵਿੱਚ ਆਏ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ।
ਦੋਸ਼ੀਆਂ ਦੀ ਪਛਾਣ ਕਰਕੇ ਤੁਰੰਤ ਗ੍ਰਿਫਤਾਰ ਕਰਨ ਦੇ ਹੁਕਮ- CM ਭਗਵੰਤ ਮਾਨ
ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀਐੱਮ ਮਾਨ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਹੈ ਕਿ AAP ਆਗੂ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਨੇ ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਤੋਂ ਫੋਨ 'ਤੇ ਇਸ ਮਾਮਲੇ ਵਿੱਚ ਪੂਰੀ ਜਾਣਕਾਰੀ ਲਈ ਹੈ।
ਮੁੱਖ ਮੰਤਰੀ ਮਾਨ (Bhagwant Mann) ਨੇ ਡੀਜੀਪੀ ਨੂੰ AAP ਸਰਪੰਚ ਮਾਮਲੇ ਦੇ ਦੋਸ਼ੀਆਂ ਦੀ ਜਲਦ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੇ ਅੰਦਰ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਤਤਕਾਲੀ ਸਰਕਾਰਾਂ ਦੁਆਰਾ ਪੈਦਾ ਕੀਤੇ ਗਏ ਗੈਂਗਸਟਰਾਂ ਦਾ ਸਾਡੀ ਸਰਕਾਰ ਸਫ਼ਾਇਆ ਕਰ ਰਹੀ ਹੈ।