ਮੁਕਤਸਰ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਬਣਕੇ ਫਿਰੌਤੀ ਦੀ ਮੰਗ ਕਰਨ ਵਾਲਾ ਨੌਜਵਾਨ ਗ੍ਰਿਫਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 26ਜੁਲਾਈ2025: ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਦੀਆਂ ਸਖਤ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹੇ ਚ ਚੱਲ ਰਹੀ ਨਿਰੰਤਰ ਮੁਹਿੰਮ ਦੌਰਾਨ ਇੱਕ ਗੰਭੀਰ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਇਕਬਾਲ ਸਿੰਘ ਸੰਧੂ ਦੀ ਨਿਗਰਾਨੀ ਅਤੇ ਥਾਣਾ ਲੱਖੇਵਾਲੀ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇੱਕ ਅਜਿਹੇ ਨੌਜਵਾਨ ਨੂੰ ਜੋ ਆਪਣੇ ਆਪ ਨੂੰ ਗੈਗਸਟਰ ਗੋਲਡੀ ਬਰਾੜ ਦੱਸ ਕੇ ਫਿਰੋਤੀ ਮੰਗਦਾ ਸੀ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ ਹੈ। ਮੁਲਜਮ ਦੀ ਪਛਾਣਾ ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਗੁਰਪਿਆਰ ਸਿੰਘ ਵਾਸੀ ਲੱਕੜਵਾਲਾ ਵਜੋਂ ਕੀਤੀ ਗਈ ਹੈ।Ê ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਨੰਦਗੜ ਸਰਕਾਰੀ ਹਾਈ ਸਕੂਲ ਲੱਕੜਵਾਲਾ ਵਿੱਚ ਅਧਿਆਪਕ ਵਜੋਂ ਤਾਇਨਾਤ ਹੈ।
ਪਰਮਿੰਦਰ ਸਿੰਘ ਨੇ ਪੁਲਿਸ ਨੂੰ ਲਿਖਤੀ ਦਰਖਾਸਤ ਦੇ ਕੇ ਦੱਸਿਆ ਕਿ ਮਿਤੀ 23 ਜੁਲਾਈ ਨੂੰ ਸਵੇਰੇ ਉਸਦੇ ਮੋਬਾਈਲ ਤੇ ਇੱਕ ਅਣਜਾਣ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਜਿਸ ’ਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਲਡੀ ਬਰਾੜ, ਕੈਨੇਡਾ (ਸਰੀ) ਤੋਂ ਦੱਸ ਕੇ 5 ਲੱਖ ਫਿਰੌਤੀ ਦੀ ਮੰਗ ਕੀਤੀ ਸੀ। ਉਸ ਫੋਨ ਨੂੰ ਨੂੰ ਨਾ ਸੁਨਣ ਤੇ ਪਰਮਿੰਦਰ ਸਿੰਘ ਨੂੰ ਫੋਨ ਨੰਬਰ ਤੋਂ ਧਮਕੀ ਭਰੇ ਲਿਖਤੀ ਸੰਦੇਸ਼ ਵੀ ਭੇਜੇ ਗਏ, ਜਿਸ ਫਿਰੌਤੀ ਨਾ ਦੇਣ ਦੀ ਸੂਰਤ ’ਚ ਭਿਆਨਕ ਨਤੀਜਿਆਂ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਨੇ ਇਸ ਸਬੰਧ ਵਿੱਚ ਥਾਣਾ ਲੱਖੇਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਲਜਮ ਨੂੰ ਪਿੰਡ ਲੱਕੜਵਾਲਾ ਤੋਂ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਜਿਸ ਨੂੰ ਆਮ ਲੋਕਾਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।
ਪੁੱਛਗਿਛ ਦੌਰਾਨ ਮੁਲਜਮ ਨੇ ਮੰਨਿਆ ਕਿ ਉਸਨੂੰ ਬੇਰੁਜ਼ਗਾਰੀ ਕਾਰਨ ਪੈਸਿਆਂ ਦੀ ਜਰੂਰਤ ਸੀ ਜਿਸ ਕਰਕੇ ਉਸਨੇ ਗੈਗਸਟਰ ਬਣ ਕੇ ਫਿਰੌਤੀ ਦੀ ਮੰਗ ਕੀਤੀ ਸੀ ਰਿ ਫੜਿਆ ਗਿਆ। ਡੀਐਸਪੀ ਮਲੋਟ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਸਾਇਬਰ ਠੱਗੀ, ਗੈਗਸਟਰ ਬਣ ਕੇ ਡਰਾਉਣ ਵਾਲੀਆਂ ਕਾਲਾਂ, ਅਤੇ ਆਮ ਲੋਕਾਂ ਨੂੰ ਡਰਾਉਣ ਵਾਲੇ ਅਨਸਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਪੁਲਿਸ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸੁਚੱਜੀ ਯੋਜਨਾ ਅਨੁਸਾਰ ਕੰਮ ਕਰ ਰਹੀ ਹੈ ਅਤੇ ਅਜਿਹੀ ਜਾਲਸਾਜੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਸਾਡੀ ਪਹਿਲ ਹੈ।” ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਅਜਿਹੇ ਕਿਸੇ ਵੀ ਵਿਅਕਤੀ ਦੀ ਜਾਣਕਾਰੀ ਹੋਵੇ ਜਾਂ ਉਹ ਕਾਲ ਸੰਦੇਸ਼ ਰਾਹੀਂ ਡਰਾਏ ਜਾ ਰਹੇ ਹੋਣ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਸਾਇਬਰ ਸੈੱਲ ਵਿੱਚ ਜਾਣਕਾਰੀ ਦੇਣ।