ਮਾੜੀ ਬਿਜਲੀ ਸਪਲਾਈ ਨੇ ਲੋਕਾਂ ਨੂੰ ਵਖਤ ਪਾਇਆ: ਬਿਜਲੀ ਘੱਟ ਤੇ ਕੱਟ ਵੱਧ , ਪਿੰਡਾਂ ਵਿਚ ਕਈ-ਕਈ ਘੰਟੇ ਬਿਜਲੀ ਗਾਇਬ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਮਈ 2025: ਬਿਜਲੀ ਦੀ ਸਪਲਾਈ ਨੂੰ ਲੈ ਕੇ ਲਾਲੜੂ ਅਤੇ ਹੰਡੇਸਰਾ ਖੇਤਰ ਦੇ ਲੋਕ ਬਹੁਤ ਹੀ ਤੰਗ-ਪ੍ਰੇਸਾਨ ਹਨ। ਸਥਾਨਕ ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਜੋ ਹਾਲ ਬਿਜਲੀ ਦੀ ਸਪਲਾਈ ਦਾ ਇਸ ਸਮੇਂ ਹੋਇਆ ਹੈ, ਉਹ ਹਾਲ ਪਹਿਲਾਂ ਕਦੇ ਨਹੀਂ ਹੋਇਆ। ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡਾਂ ਦੇ ਲੋਕ ਸੱਥਾਂ ਵਿੱਚ ਬੈਠ ਕੇ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ ਆਮ ਗੱਲਾਂ ਕਰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਿਜਲੀ ਵਿਭਾਗ ਲੈ ਡੁੱਬੇਗਾ। ਲੰਘੀ ਕੱਲ ਹਨ੍ਹੇਰੀ -ਝੱਖੜ ਦੇ ਚਲਦਿਆਂ ਬਿਜਲੀ ਦੀ ਸਪਲਾਈ 22 ਘੰਟੇ ਬਾਅਦ ਚਾਲੂ ਹੋਈ, ਬਿਜਲੀ ਨਾ ਹੋਣ ਕਾਰਨ ਇਕ ਸਮੇਂ ਇੱਦਾਂ ਲੱਗਿਆ ਕਿ ਲੋਕਾਂ ਦਾ ਜਨ-ਜੀਵਨ ਪੂਰੀ ਤਰ੍ਹਾਂ ਨਾਲ ਠੱਪ ਹੀ ਹੋ ਗਿਆ ਹੋਵੇ। ਲੋਕਾਂ ਦੇ ਘਰਾਂ ਵਿੱਚ ਰੱਖੇ ਇਨਵਰਟਰ ਸੀਟੀਆਂ ਮਾਰ ਗਏ ਅਤੇ ਲੋਕਾਂ ਨੂੰ ਮੋਬਾਇਲ ਚਾਰਜ ਕਰਨ ਲਈ ਬਿਜਲੀ ਹੀ ਨਹੀਂ ਮਿਲੀ। 21 ਮਈ ਸਾਢੇ 4 ਵਜੇ ਤੋਂ ਬੰਦ ਹੋਈ ਬਿਜਲੀ ਦੀ ਸਪਲਾਈ 22 ਮਈ ਨੂੰ ਦੁਪਹਿਰ ਢਾਈ ਵਜੇ ਬਹਾਲ ਹੋਈ, ਜਿਸ ਨੂੰ ਲੈ ਕੇ ਲੋਕਾਂ ਦੇ ਸਾਹ ਚ ਸਾਹ ਆਇਆ। ਲਾਲੜੂ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਸਪਲਾਈ ਦਾ ਲਾਲੜੂ ਖੇਤਰ ਵਿੱਚ ਬਹੁਤ ਹੀ ਮਾੜਾ ਹਾਲ ਹੈ ।
ਬਿਜਲੀ ਨਾਲ ਚੱਲਣ ਵਾਲੇ ਯੰਤਰਾਂ ਨੂੰ ਲੈ ਕੇ ਦੁਕਾਨਦਾਰਾਂ ਸਮੇਤ ਪਿੰਡਾਂ ਦੇ ਲੋਕਾਂ ਨੇ ਜਨਰੇਟਰ ਲਿਆਉਣ ਦੀ ਸਲਾਹਾਂ ਤੱਕ ਬਣਾ ਲਈਆਂ ਹਨ। ਲੋਕਾਂ ਨੂੰ ਹੁਣ ਬਿਜਲੀ ਨੂੰ ਲੈ ਕੇ ਦੂਹਰੀ ਮਾਰ ਝੱਲਣੀ ਪਵੇਗੀ। ਇਕ ਤਾਂ ਬਿਜਲੀ ਦਾ ਬਿੱਲ ਤੇ ਦੂਜਾ ਜਨਰੇਟਰ ਦਾ ਖਰਚਾ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਸਮਾਂ ਰਹਿੰਦਿਆਂ ਨਹੀਂ ਜਾਗਦਾ , ਇਸ ਲਈ ਥੋੜੀ ਜਿਹੀ ਹਵਾਂ ਵਿੱਚ ਤਾਰਾਂ ਟੁੱਟ ਜਾਂਦੀਆਂ ਹਨ,ਜੋ ਕੋਈ ਵੱਡਾ ਹਾਦਸੇ ਨੂੰ ਵੀ ਸੱਦਾ ਦੇ ਸਕਦੀਆਂ ਹਨ। ਇਸ ਲਈ ਬਿਜਲੀ ਵਿਭਾਗ ਨੂੰ ਗਰਮੀ ਤੋਂ ਪਹਿਲਾਂ ਲਾਈਨਾਂ ਦੀ ਰਿਪੇਅਰ ਕਰਨੀ ਬਣਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਲਾਲੜੂ ਖੇਤਰ ਵਿੱਚ ਬਿਜਲੀ ਦਾ ਮਾੜਾ ਹਾਲ ਰਿਹਾ ਤਾਂ ਲੋਕਾਂ ਦਾ ਰਹਿਣਾ ਦੁੱਭਰ ਹੋ ਜਾਵੇਗਾ। ਲੋਕਾਂ ਦਾ ਇਹ ਵੀ ਰੋਸ ਸੀ ਕਿ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਵਾਲਾ ਕੋਈ ਨੰਬਰ ਸਹੀ ਕੰਮ ਨਹੀਂ ਕਰ ਰਿਹਾ ਹੈ । ਇਸ ਲਈ ਉਨ੍ਹਾਂ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੀ ਸਪਲਾਈ ਨੂੰ 24 ਘੰਟੇ ਬਹਾਲ ਰੱਖਿਆ ਜਾਵੇ ਤਾਂ ਜੋ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਸੰਪਰਕ ਕਰਨ 'ਤੇ ਪਾਵਰਕਾਮ ਦੇ ਐਸਡੀਓ ਦਵਿੰਦਰ ਕੁਮਾਰ ਨੇ ਕਿਹਾ ਕਿ ਆਉਟ ਸੋਰਸ ਵਾਲੇ ਮੁਲਾਜ਼ਮਾਂ ਦੀ ਚਲ ਰਹੀ ਹੜਤਾਲ ਕਾਰਨ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਹੜਤਾਲ ਖਤਮ ਹੋ ਗਈ ਹੈ ਅਤੇ ਅੱਜ ਉਹ ਸਾਰੇ ਡਿਊਟੀ 'ਤੇ ਤੈਨਾਤ ਹੋ ਜਾਣਗੇ ਤੇ ਭਵਿੱਖ ਵਿੱਚ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਉਨ੍ਹਾਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਕਰਨ ਲਈ ਕੰਜਿਊਮਰ ਐਪ ਦੀ ਵਰਤੋ ਕਰਨ ਲਈ ਕਿਹਾ ਅਤੇ ਹੁਣ ਹਰ ਖਪਤਕਾਰ ਉਸ ਐਪ ਰਾਹੀਂ ਹੀ ਬਿਜਲੀ ਸਪਲਾਈ ਦੀ ਸ਼ਿਕਾਇਤ ਕਰ ਸਕਦਾ ਹੈ।