ਬੱਗਾ ਵਲੋਂ ਪੀਣ ਵਾਲੇ ਪਾਣੀ ਦੇ 10 ਟੈਂਕਰਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਸੁਖਮਿੰਦਰ ਭੰਗੂ
ਲੁਧਿਆਣਾ, 22 ਮਈ 2025 - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਪੀਣ ਵਾਲੇ ਪਾਣੀ ਦੇ ਨਵੇਂ ਦੱਸ ਟੈਂਕਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਵਿਧਾਇਕ ਬੱਗਾ ਨੇ ਕਿਹਾ ਮੌਜੂਦਾ ਗਰਮ ਰੁੱਤ ਦੇ ਮੱਦੇਨਜ਼ਰ, ਜੇਕਰ ਕਿਸੇ ਇਲਾਕੇ ਵਿੱਚ ਪਾਣੀ ਦੀ ਕਿੱਲਤ ਆਉਂਦੀ ਹੈ ਤਾਂ ਪੀਣ ਵਾਲੇ ਪਾਣੀ ਦੀ ਪੂਰਤੀ ਲਈ ਉੱਚ ਗੁਣਵੱਤਾ ਵਾਲੇ ਸਟੀਲ ਦੇ ਟੈਂਕਰ ਬੇਹੱਦ ਲਾਹੇਵੰਦ ਸਿੱਧ ਹੋਣਗੇ। ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਦੇ ਇਕੱਠ ਮੌਕੇ ਵੀ ਇਨ੍ਹਾਂ ਟੈਂਕਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵਿਧਾਇਕ ਬੱਗਾ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਵਾਰਡਾਂ ਵਿੱਚ ਟੈਂਕਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨਾ ਹੋਵੇ।
ਵਿਧਾਇਕ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਕੋਂਸਲਰ ਅਮਨ ਬੱਗਾ, ਕੌਂਸਲਰ ਮਨਜੀਤ ਸਿੰਘ ਢਿੱਲੋਂ ਤੋਂ ਇਲਾਵਾ ਅਸ਼ੋਕ ਕੁਮਾਰ, ਲਾਲਾ ਸੁਰਿੰਦਰ ਅਟਵਾਲ, ਐਸ.ਡੀ.ਓ. ਅੰਸ਼ੁਲ ਗਰਚਾ, ਐਸ.ਡੀ.ਓ. ਬਲਜੀਤ ਸਿੰਘ, ਜੇ.ਈ. ਹਿਮਾਂਸ਼ੂ, ਰਵੀ ਸੇਠੀ ਤੇ ਹੋਰ ਮੌਜੂਦ ਸਨ।