ਪੰਜਾਬ ਸਰਕਾਰ ਵੱਲੋਂ 16 ਵਿਸ਼ੇਸ਼ ਛਾਪਿਆਂ ਦੌਰਾਨ 4 ਬੱਚੇ ਰੈਸਕਿਉ: ਡਾ ਬਲਜੀਤ ਕੌਰ
- ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ (10 ਦਿਨਾਂ ਵਿੱਚ) ਕੁੱਲ 192 ਬੱਚਿਆਂ ਨੂੰ ਬਚਾਇਆ ਗਿਆ: ਡਾ. ਬਲਜੀਤ ਕੌਰ
- ਬੱਚਿਆਂ ਦੇ ਭਵਿੱਖ ਨਾਲ ਖਿਲਵਾੜ੍ਹ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ: ਸਮਾਜਿਕ ਸੁਰੱਖਿਆ ਮੰਤਰੀ
- ਭੀਖ ਮੰਗਣ ਲਈ ਬੱਚਿਆਂ ਦੇ ਸ਼ੋਸ਼ਣ 'ਤੇ 5 ਤੋਂ 20 ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਪ੍ਰਬੰਧ
ਚੰਡੀਗੜ੍ਹ, 26 ਜੁਲਾਈ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭੀਖ ਮੰਗਦੇ ਬੱਚਿਆਂ ਨੂੰ ਸੜਕਾਂ ਤੋਂ ਹਟਾ ਕੇ ਉਨ੍ਹਾਂ ਦੇ ਸੁਰੱਖਿਅਤ ਅਤੇ ਭਵਿੱਖ-ਨਿਰਮਾਣ ਯੋਗ ਜੀਵਨ ਵੱਲ ਵਧਾਉਣ ਲਈ ਚਲ ਰਹੀ "ਜੀਵਨਜੋਤ" ਮੁਹਿੰਮ ਤਹਿਤ ਤੀਬਰ ਅਤੇ ਨਿਰੰਤਰ ਕਾਰਵਾਈਆਂ ਨੂੰ ਤੇਜ਼ੀ ਦਿੱਤੀ ਹੈ। ਇਹ ਜਾਣਕਾਰੀ ਅੱਜ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਅੱਜ 16 ਜ਼ਿਲ੍ਹਿਆਂ ’ਚ ਜ਼ਿਲ੍ਹਾ ਬਾਲ ਸੁਰੱਖਿਆ ਟੀਮਾਂ ਵੱਲੋਂ ਮਾਰੇ ਗਏ ਵਿਸ਼ੇਸ਼ ਛਾਪਿਆਂ ਦੌਰਾਨ 4 ਭੀਖ ਮੰਗਦੇ ਬੱਚਿਆਂ ਨੂੰ ਰੈਸਕਿਉ ਕੀਤਾ ਗਿਆ। ਇਹ ਛਾਪੇ ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਮਲੇਰਕੋਟਲਾ, ਮੋਗਾ, ਪਟਿਆਲਾ, ਰੂਪਨਗਰ, ਐਸਏਐਸ ਨਗਰ, ਐਸਬੀਐਸ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ’ਚ ਮਾਰੇ ਗਏ।
ਫਾਜ਼ਿਲਕਾ ਅਤੇ ਪਟਿਆਲਾ ਤੋਂ 2-2 ਬੱਚੇ ਬਚਾਏ ਗਏ ਹਨ। ਫਾਜ਼ਿਲਕਾ ਦੇ ਦੋ ਬੱਚਿਆਂ ਨੂੰ ਦਸਤਾਵੇਜ ਜਾਂਚ ਅਤੇ ਮਾਪਿਆਂ ਦੀ ਕਾਉਂਸਲਿੰਗ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਬਾਕੀ ਦੋ ਬੱਚਿਆਂ ਦੀ ਪਛਾਣ ਅਤੇ ਜਾਂਚ ਕਾਰਵਾਈ ਹਾਲੇ ਚੱਲ ਰਹੀ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪਹਿਲੇ 10 ਦਿਨਾਂ ਦੌਰਾਨ ਕੁੱਲ 192 ਬੱਚਿਆਂ ਨੂੰ ਰੈਸਕਿਉ ਕਰਕੇ ਉਨ੍ਹਾਂ ਦੀ ਦੇਖਭਾਲ ਲਈ ਬਚਾਅ ਕਦਮ ਉਠਾਏ ਗਏ ਹਨ। ਉਨ੍ਹਾਂ ਨੇ ਅਜਿਹੇ ਮਾਪਿਆਂ ਜਾਂ ਅਣਜਾਣ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਉਮਰ, ਸਿੱਖਿਆ ਅਤੇ ਮਾਨਸਿਕ ਵਿਕਾਸ ਦੇ ਨਾਲ ਖਿਲਵਾੜ੍ਹ ਕਰਨ ਵਾਲਿਆਂ ਵਿਰੁੱਧ ਸਬੰਧਤ ਕਾਨੂੰਨਾਂ ਅਧੀਨ ਸਖ਼ਤ ਕਾਰਵਾਈ ਹੋਵੇਗੀ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ—ਭਾਵੇਂ ਮਾਪੇ ਹੋਣ ਜਾਂ ਕੋਈ ਹੋਰ—ਜੇਕਰ ਉਹ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕਰਦਾ ਪਾਇਆ ਗਿਆ ਤਾਂ ਨਾਂ ਕੇਵਲ "ਅਯੋਗ ਸਰਪ੍ਰਸਤ" ਘੋਸ਼ਿਤ ਕੀਤਾ ਜਾਵੇਗਾ, ਸਗੋਂ ਕਾਨੂੰਨ ਤਹਿਤ 5 ਤੋਂ 20 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ “ਜੀਵਨਜੋਤ” ਪ੍ਰਾਜੈਕਟ ਸਿਰਫ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਦੀ ਕੋਸ਼ਿਸ਼ ਨਹੀਂ ਹੈ, ਬਲਕਿ ਉਨ੍ਹਾਂ ਨੂੰ ਵਧੀਆ ਸਿੱਖਿਆ, ਭੋਜਨ, ਆਵਾਸ ਅਤੇ ਆਦਰਯੋਗ ਜੀਵਨ ਦੇਣ ਵੱਲ ਇੱਕ ਸੰਕਲਪਤ ਯਤਨ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਭੀਖ ਨਾ ਦੇਣ ਅਤੇ ਜੇਕਰ ਕਿਸੇ ਵੀ ਬੱਚੇ ਨੂੰ ਭੀਖ ਮੰਗਦੇ ਵੇਖਣ ਤਾਂ ਤੁਰੰਤ ਚਾਈਲਡ ਹੈਲਪਲਾਈਨ 1098 ’ਤੇ ਸੂਚਿਤ ਕਰਨ।