ਪੰਜਾਬ ਸਟੇਟ ਮਿਨੀ ਰੈਂਕਿੰਗ ਟੂਰਨਾਮੈਂਟ ਦੀ ਸ਼ੁਰੂਆਤ, 300 ਖਿਡਾਰੀ ਲੈ ਰਹੇ ਹਨ ਭਾਗ
ਨੌਰਥ ਜ਼ੋਨ ਚੈਂਪੀਅਨ ਨਿਲੇਸ਼ ਸੇਠ ਦਾ ਡੀਬੀਏ ਵਲੋਂ ਨਗਦ ਇਨਾਮ ਨਾਲ ਸਨਮਾਨ
ਜਲੰਧਰ, 21 ਸਤੰਬਰ : ਪੰਜਾਬ ਸਟੇਟ ਮਿਨੀ ਰੈਂਕਿੰਗ ਟੂਰਨਾਮੈਂਟ ਦੀ ਸ਼ੁਰੂਆਤ ਜਲੰਧਰ ਦੇ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਹੋਈ। ਇਸ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹੋਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕੀਤਾ। ਉਨ੍ਹਾਂ ਨੇ ਬੱਚਿਆਂ ਦੀ ਜ਼ਿੰਦਗੀ ਵਿੱਚ ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਛੋਟੀ ਉਮਰ ਵਿੱਚ ਖੇਡਾਂ ਨਾਲ ਜੁੜਨਾ ਸੰਪੂਰਨ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਨੂੰ ਤੰਦਰੁਸਤ ਅਤੇ ਤਾਕਤਵਰ ਰੱਖਦੀਆਂ ਹਨ, ਨਾਲ ਹੀ ਅਨੁਸ਼ਾਸਨ, ਇਕਾਗ੍ਰਤਾ ਅਤੇ ਸਮੇਂ ਦੇ ਪ੍ਰਬੰਧ ਦੀਆਂ ਆਦਤਾਂ ਵੀ ਸਿਖਾਉਂਦੀਆਂ ਹਨ। ਖੇਡਾਂ ਆਤਮਵਿਸ਼ਵਾਸ ਵਧਾਉਂਦੀਆਂ ਹਨ ਅਤੇ ਸਫਲਤਾ ਤੇ ਅਸਫਲਤਾ ਦੋਵਾਂ ਨਾਲ ਨਿਭਾਉਣਾ ਸਿਖਾਉਂਦੀਆਂ ਹਨ।
ਉਨ੍ਹਾਂ ਨੇ ਜਲੰਧਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਬੈਡਮਿੰਟਨ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਅਤੇ ਹੰਸਰਾਜ ਸਟੇਡੀਅਮ ਦੀ ਵਿਸ਼ਵ-ਪੱਧਰੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮ੍ਰਿਤਸਰ ਦੇ ਨਿਲੇਸ਼ ਸੇਠ, ਜਿਸ ਨੇ ਹਾਲ ਹੀ ਵਿੱਚ ਊਨਾ ਵਿੱਚ ਹੋਈ ਨੌਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਹੈ ਨੂੰ ਖ਼ਾਸ ਤੌਰ ‘ਤੇ 11,000 ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਸ਼੍ਰੀ ਹਰਨੂਰ ਸਿੰਘ ਮਾਨ, ਆਪ ਹਲਕਾ ਇੰਚਾਰਜ ਫਗਵਾੜਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਰਿਤਿਨ ਖੰਨਾ ਨੇ ਦੱਸਿਆ ਕਿ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਲਗਭਗ 300 ਖਿਡਾਰੀ ਅੰਡਰ-11 ਅਤੇ ਅੰਡਰ-13 ਸ਼੍ਰੇਣੀਆਂ ਦੀਆਂ 8 ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ। ਅਗਲੇ ਤਿੰਨ ਦਿਨਾਂ ਵਿੱਚ 300 ਮੈਚ ਖੇਡੇ ਜਾਣਗੇ ਅਤੇ ਫਾਈਨਲ 23 ਸਤੰਬਰ ਨੂੰ ਕਰਵਾਏ ਜਾਣਗੇ। ਜੇਤੂਆਂ ਨੂੰ ਨਗਦ ਇਨਾਮਾਂ ਅਤੇ ਆਕਰਸ਼ਕ ਤੋਹਫ਼ਿਆਂ ਦੇ ਨਾਲ-ਨਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਪ੍ਰਤੀਨਿਧਿਤਾ ਕਰਨ ਦਾ ਮੌਕਾ ਵੀ ਮਿਲੇਗਾ। ਇਸ ਮੌਕੇ ਰਾਕੇਸ਼ ਖੰਨਾ, ਜਤਿੰਦਰ ਸੰਧੂ , ਵਿਨੇ ਵੋਹਰਾ,ਹਰਪ੍ਰੀਤ ਸਿੰਘ,ਪੰਜਾਬ ਮਸੀਹ, ਧੀਰਜ ਸ਼ਰਮਾ, ਅਸ਼ੋਕ ਕੁਮਾਰ ਅਤੇ ਸਚਿਨ ਰੱਤੀ ਸਮੇਤ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਕਈ ਸੀਨੀਅਰ ਅਹੁਦੇਦਾਰ ਵੀ ਮੌਜੂਦ ਸਨ।