ਪ੍ਰਾਪਰਟੀ ਡੀਲਰ ਦੇ ਦਫ਼ਤਰ 'ਤੇ ਫਿਰੌਤੀ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ
- ਕੁਝ ਦਿਨ ਪਹਿਲਾਂ 50 ਲੱਖ ਦੀ ਮੰਗੀ ਗਈ ਸੀ ਫਿਰੌਤੀ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 22 ਮਈ 2025 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਪਿਛਲੇ ਕੁਝ ਸਮੇਂ ਵਿਚ ਵੱਖ-ਵੱਖ ਕਾਰੋਬਾਰੀਆਂ ਨੂੰ ਫਿਰੌਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਸਨ, ਇਸ ਸਬੰਧੀ ਮੀਡੀਏ ਨਾਲ ਗੱਲਬਾਤ ਕਰਦਿਆਂ ਪ੍ਰਾਪਰਟੀ ਡੀਲਰ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸੁੱਖਾ ਨੇ ਦੱਸਿਆ ਕਿ ਪਿਛਲੇ ਦਿਨੀਂ ਗੈਂਗਸਟਰਾਂ ਵਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ, ਪਰ ਅੱਜ ਦਿਨ ਦਿਹਾੜੇ ਢਾਈ ਵਜੇ ਦੇ ਕਰੀਬ 2 ਅਣ-ਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੇਰੇ ਦਫਤਰ ਦ ਬਾਹਰ ਸਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ । 2 ਗੋਲੀਆਂ ਉਨ੍ਹਾਂ ਦੇ ਦਫਤਰ ਦੇ ਸ਼ੀਸ਼ਿਆਂ ਵਿਚੋਂ ਲੰਘਦੀਆਂ ਹੋਈਆਂ ਦੀਵਾਰਾਂ ਜਾ ਵੱਜੀਆਂ।
ਇਸ ਦੌਰਾਨ ਦਫ਼ਤਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਜਿਸ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਇਸ ਮੌਕੇ ਥਾਣਾ ਘੁਮਾਣ ਦੇ ਮੁਖੀ ਬਿਕਰਮ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਨੇੜੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤਰਾਂ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚੱਲਣ ਨਾਲ ਕਸਬਾ ਘੁਮਾਣ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।