ਪੀਟੀਏ ਮੀਟਿੰਗ ਤੇ ਗਏ ਮਾਪਿਆਂ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ
50 ਹਜ਼ਾਰ ਨਕਦੀ ਤੇ ਮੋਬਾਈਲ ਫੋਨ ਲੈ ਕੇ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ, 25 ਮਈ 2025 : ਦਿਨ-ਦਿਹਾੜੇ ਬਟਾਲਾ ਦੇ ਸੁੰਦਰ ਨਗਰ ਮੁਹੱਲੇ ਵਿਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨ ਬਣਾਇਆ ਹੈ। ਘਰ ਦਾ ਮਾਲਕ ਅਤੇ ਉਸਦੀ ਪਤਨੀ ਬੱਚਿਆਂ ਦੇ ਸਕੂਲ ਪੇਰੈਂਟਸ ਮੀਟਿੰਗ ਵਿਚ ਗਏ ਹੋਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਵਾਸੀ ਹਸਨਪੁਰਾ ਹਾਲ ਵਾਸੀ ਸੁੰਦਰ ਨਗਰ ਬਟਾਲਾ ਨੇ ਦੱਸਿਆ ਕਿ ਉਹ ਕਰੀਬ 10 ਦਿਨ ਪਹਿਲਾਂ ਹੀ ਸੁੰਦਰ ਨਗਰ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਰਹਿਣ ਲਈ ਆਇਆ ਸੀ। ਉਸ ਦੱਸਿਆ ਕਿ ਸ਼ਨੀਵਾਰ ਨੂੰ ਉਹ ਕਰੀਬ 11 ਵਜੇ ਆਪਣੀ ਪਤਨੀ ਦੇ ਨਾਲ ਬੱਚਿਆਂ ਦੀ ਪੇਰੈਂਟਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਗਿਆ ਸੀ। ਜਦੋਂ ਉਹ ਕਰੀਬ ਦੋ ਵਜੇ ਸਕੂਲ ਤੋਂ ਵਾਪਸ ਪਹੁੰਚੇ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਅੰਦਰ ਸਮਾਨ ਖਿੱਲਰਿਆ ਹੋਇਆ ਸੀ। ਸਰਬਜੀਤ ਸਿੰਘ ਨੇ ਅੱਗੇ ਦੱਸਿਆ ਕਿ ਚੋਰਾਂ ਨੇ ਅਲਮਾਰੀ ਦਾ ਦਰਵਾਜ਼ਾ ਤੋੜ ਕੇ ਅੰਦਰ ਪਈ 50 ਹਜ਼ਾਰ ਨਕਦੀ ਤੇ ਇਕ ਮੋਬਾਈਲ ਫੋਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਉਸ ਦੱਸਿਆ ਕਿ ਚੋਰਾਂ ਨੇ ਘਰ ਦਾ ਸਾਰਾ ਸਮਾਨ ਉਥਲ ਪੁਥਲ ਕੀਤਾ ਹੋਇਆ ਸੀ ਅਤੇ ਉਹ ਹੋਰ ਵੀ ਸਮਾਨ ਦੀ ਜਾਂਚ ਪੜਤਾਲ ਕਰ ਰਿਹਾ ਹੈ। ਉਸ ਦੱਸਿਆ ਕਿ ਇਸ ਸਬੰਧੀ 112 ’ਤੇ ਕੰਪਲੇਂਟ ਦਰਜ ਕਰਵਾਈ ਸੀ ਅਤੇ ਮੌਕੇ ’ਤੇ ਪਹੁੰਚੇ ਏ.ਐੱਸ.ਆਈ ਕਿਸ਼ਨ ਚੰਦ ਨੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।