ਪਿਛਲੇ 8 ਸਾਲਾਂ ਤੋਂ ਜੰਗਲਾਂ ਵਿਚ ਰਹਿ ਰਹੀ ਰੂਸੀ ਔਰਤ ਨੇ ਕੀਤੇ ਵੱਡੇ ਦਾਅਵੇ
'ਅਸੀਂ ਮਰ ਨਹੀਂ ਰਹੇ ਸੀ': ਕਰਨਾਟਕ ਦੀ ਗੋਕਰਨ ਗੁਫਾ ਵਿੱਚ ਬੱਚਿਆਂ ਨਾਲ ਰੂਸੀ ਔਰਤ
ਕਰਨਾਟਕ, 15 ਜੁਲਾਈ 2025 : ਕਰਨਾਟਕ ਦੇ ਗੋਕਰਨ ਵਿੱਚ ਰਾਮਤੀਰਥ ਪਹਾੜੀਆਂ ਦੀ ਇੱਕ ਗੁਫਾ ਵਿੱਚ ਆਪਣੀਆਂ ਦੋ ਧੀਆਂ ਨਾਲ ਪਿਛਲੇ 8 ਸਾਲਾਂ ਤੋਂ ਰਹਿੰਦੀ ਮਿਲੀ ਰੂਸੀ ਨਾਗਰਿਕ ਨੀਨਾ ਕੁਟੀਨਾ (ਉਮਰ 40) ਨੇ ਦਾਅਵਾ ਕੀਤਾ ਕਿ ਉਹ ਅਤੇ ਉਸਦੇ ਬੱਚੇ ਖ਼ਤਰੇ ਵਿੱਚ ਨਹੀਂ ਸਨ ਅਤੇ ਉਹਨਾਂ ਦੀ ਜ਼ਿੰਦਗੀ ਕੁਦਰਤ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ।
ਨੀਨਾ ਨੇ ਕਿਹਾ ਕਿ ਉਹ ਗੁਫਾ ਪਿੰਡ ਦੇ ਬਹੁਤ ਨੇੜੇ ਸੀ, ਕੋਈ ਵੱਡਾ ਜੰਗਲ ਨਹੀਂ ਸੀ, ਅਤੇ ਉਹਨਾਂ ਨੂੰ ਖਾਣ-ਪੀਣ ਜਾਂ ਸੁਰੱਖਿਆ ਦੀ ਕੋਈ ਵੱਡੀ ਸਮੱਸਿਆ ਨਹੀਂ ਸੀ। ਉਸਦੇ ਸ਼ਬਦਾਂ ਵਿੱਚ, "ਸਾਨੂੰ ਕੁਦਰਤ ਵਿੱਚ ਰਹਿਣ ਦਾ ਬਹੁਤ ਤਜਰਬਾ ਹੈ... ਅਸੀਂ ਮਰ ਨਹੀਂ ਰਹੇ ਸੀ। ਮੇਰੇ ਬੱਚੇ ਭੁੱਖ ਨਾਲ ਨਹੀਂ ਮਰ ਰਹੇ ਸਨ, ਉਹ ਬਹੁਤ ਖੁਸ਼ ਸਨ"।
ਨੀਨਾ ਕੁਟੀਨਾ ਨੇ ਦੱਸਿਆ ਕਿ ਉਹ ਅਤੇ ਉਸਦੇ ਬੱਚੇ ਪਲਾਸਟਿਕ ਦੀਆਂ ਚਾਦਰਾਂ 'ਤੇ ਸੌਂਦੇ ਸਨ, ਝਰਨਿਆਂ 'ਚ ਤੈਰਦੇ ਅਤੇ ਜ਼ਿਆਦਾਤਰ ਸਮਾਂ ਧਿਆਨ, ਡਰਾਇੰਗ, ਯੋਗਾ ਅਤੇ ਭਜਨ-ਕੀਰਤਨ ਵਿੱਚ ਗੁਜ਼ਾਰਦੇ। ਗੁਫਾ ਵਿੱਚ ਰੂਸੀ ਕਿਤਾਬਾਂ, ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਅਤੇ ਰੁਦ੍ਰ ਦੀ ਮੂਰਤੀ ਮਿਲੀ। ਨੀਨਾ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਸੱਪਾਂ ਦੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ, ਤਾਂ ਉਸਨੇ ਕਿਹਾ, "ਸੱਪ ਸਾਡੇ ਦੋਸਤ ਹਨ, ਜਦ ਤੱਕ ਅਸੀਂ ਉਨ੍ਹਾਂ ਨੂੰ ਤੰਗ ਨਹੀਂ ਕਰਦੇ, ਉਹ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦੇ"।
ਹਾਲਾਂਕਿ, ਪੁਲਿਸ ਅਤੇ ਪ੍ਰਸ਼ਾਸਨ ਨੇ ਇਲਾਕੇ ਨੂੰ ਖ਼ਤਰਨਾਕ ਮੰਨਿਆ, ਕਿਉਂਕਿ ਇੱਥੇ ਲੈਂਡਸਲਾਈਡ ਅਤੇ ਜ਼ਹਿਰੀਲੇ ਜਾਨਵਰਾਂ ਦਾ ਖ਼ਤਰਾ ਹੈ। ਨੀਨਾ ਅਤੇ ਉਸਦੇ ਬੱਚਿਆਂ ਨੂੰ ਰਾਹਤ ਕੇਂਦਰ 'ਚ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਵਾਪਸੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੀਨਾ ਦਾ ਵੀਜ਼ਾ 2017 ਵਿੱਚ ਖਤਮ ਹੋ ਗਿਆ ਸੀ, ਪਰ ਉਹ 2017 ਤੋਂ ਬਾਅਦ ਵੀ ਭਾਰਤ, ਗੋਆ, ਨੈਪਾਲ ਅਤੇ ਹੋਰ ਜਗ੍ਹਾਂ ਰਹਿ ਚੁੱਕੀ ਹੈ। ਉਸਦੇ ਦੋਵੇਂ ਬੱਚੇ ਭਾਰਤ ਵਿੱਚ ਹੀ ਪੈਦਾ ਹੋਏ।