ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਵਿੱਚ ਐਮ ਬੀ ਬੀ ਐਸ ਦੀਆਂ 50 ਹੋਰ ਸੀਟਾਂ ਮਨਜ਼ੂਰ-ਗੁਰਦਿੱਤ ਸਿੰਘ ਸ਼ੇਖੋਂ
ਕਾਲਜ ਵਿੱਚ ਕੁੱਲ ਐਮ ਬੀ ਬੀ ਐਸ ਦੀਆਂ ਗਿਣਤੀ 200 ਹੋਈ
ਫ਼ਰੀਦਕੋਟ, 3 ਸਤੰਬਰ ( ਪਰਵਿੰਦਰ ਸਿੰਘ ਕੰਧਾਰੀ) –
ਪੰਜਾਬ ਦੇ ਸਿਹਤ ਖੇਤਰ ਲਈ ਇਕ ਹੋਰ ਇਤਿਹਾਸਕ ਉਪਲਬਧੀ ਦਰਜ ਕਰਦਿਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿੱਚ ਐਮ ਬੀ ਬੀ ਐਸ ਕੋਰਸ ਦੀਆਂ 50 ਹੋਰ ਸੀਟਾਂ ਵਧਾਉਣ ਦੀ ਮਨਜ਼ੂਰੀ ਮਿਲ ਗਈ ਹੈ। ਨੈਸ਼ਨਲ ਮੈਡੀਕਲ ਕੋਂਸਲ (ਐਨ.ਐਮ.ਸੀ) ਵੱਲੋਂ ਦਿੱਤੀ ਗਈ ਇਸ ਮਨਜ਼ੂਰੀ ਨਾਲ ਕਾਲਜ ਵਿੱਚ ਐਮ ਬੀ ਬੀ ਐਸ ਦੀਆਂ ਕੁੱਲ ਸੀਟਾਂ ਦੀ ਗਿਣਤੀ ਹੁਣ 200 ਹੋ ਜਾਵੇਗੀ।
ਇਹ ਉਪਲਬਧੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਅਤੇ ਸਿਹਤ ਵਿਭਾਗ ਦੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਇਸ ਖ਼ੁਸ਼ਖਬਰੀ ਦੀ ਜਾਣਕਾਰੀ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਸ. ਸੇਖੋਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਖੇਤਰਾਂ ਵਿੱਚ ਗੁਣਵੱਤਾ ਸੁਧਾਰ ਲਈ ਵਚਨਬੱਧ ਹੈ। “ਸਰਕਾਰ ਬਣਨ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਕੇਵਲ 100 ਐਮ ਬੀ ਬੀ ਐਸ ਸੀਟਾਂ ਸਨ। ਸਾਲ 2023 ਵਿੱਚ 50 ਸੀਟਾਂ ਵਧਾ ਕੇ ਇਹ ਗਿਣਤੀ 150 ਤੱਕ ਪਹੁੰਚੀ ਸੀ ਅਤੇ ਹੁਣ ਹੋਰ 50 ਸੀਟਾਂ ਦੇ ਵਾਧੇ ਨਾਲ ਇਹ ਗਿਣਤੀ 200 ਹੋ ਗਈ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਹੱਤਵਪੂਰਨ ਫ਼ੈਸਲੇ ਨਾਲ ਸਿਰਫ਼ ਸੂਬੇ ਦੇ ਨੌਜਵਾਨਾਂ ਲਈ ਮੈਡੀਕਲ ਸਿੱਖਿਆ ਦੇ ਹੋਰ ਮੌਕੇ ਹੀ ਨਹੀਂ ਬਣਨਗੇ, ਸਗੋਂ ਪੰਜਾਬ ਦੇ ਲੋਕਾਂ ਨੂੰ ਉੱਚ ਪੱਧਰੀ ਇਲਾਜੀ ਸਹੂਲਤਾਂ ਵੀ ਹੋਰ ਵਧੀਆ ਤਰੀਕੇ ਨਾਲ ਮਿਲ ਸਕਣਗੀਆਂ। ਵਧੀਆਂ ਸੀਟਾਂ ਨਾਲ ਕਾਲਜ ਦੀ ਸਮਰੱਥਾ ਵਧੇਗੀ, ਸਟਾਫ਼ ਅਤੇ ਸਹੂਲਤਾਂ ਵਿੱਚ ਵੀ ਸੁਧਾਰ ਹੋਵੇਗਾ, ਜਿਸ ਨਾਲ ਫ਼ਰੀਦਕੋਟ ਹੀ ਨਹੀਂ ਸਗੋਂ ਪੂਰੇ ਮਾਲਵਾ ਖੇਤਰ ਦੇ ਮਰੀਜ਼ਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪੰਜਾਬ ਨੂੰ ਸਿਹਤ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਵੱਲ ਇਕ ਵੱਡਾ ਕਦਮ ਹੈ ਅਤੇ ਮੈਡੀਕਲ ਖੇਤਰ ਵਿੱਚ ਕਾਬਲ ਡਾਕਟਰਾਂ ਦੀ ਉਤਪਤੀ ਲਈ ਇੱਕ ਸੁਨਹਿਰਾ ਮੌਕਾ ਹੈ।