ਨਿਵੇਕਲੀ ਪਹਿਲ: ਨਵਜਨਮੇਂ ਬੱਚਿਆਂ ਦੀਆਂ ਮਾਵਾਂ ਨੂੰ ਹਰਿਆਲੀ ਵਧਾਉਣ ਲਈ ਪੌਦੇ ਦੇਣ ਦਾ ਫੈਸਲਾ
ਅਸ਼ੋਕ ਵਰਮਾ
ਗੋਨਿਆਣਾ, 24 ਮਈ 2025: ਸਥਾਨਕ ਸੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਨਵ ਜਨਮੇਂ ਬੱਚਿਆਂ ਦੀਆਂ ਮਾਵਾਂ ਨੂੰ ਬੂਟੇ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਐਸ.ਐਮ.ਓ. ਮੈਡਮ ਨੇ ਨਵੀਆਂ ਬਣੀਆਂ ਮਾਵਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਆਪਣੇ ਬੱਚੇ ਦੇ ਪਾਲਣ—ਪੋਸ਼ਣ ਦੇ ਨਾਲ—ਨਾਲ ਆਪਣੇ ਘਰ ਵਿੱਚ ਲਗਾਏ ਜਾਣ ਵਾਲੇ ਇਸ ਨਿੰਮ੍ਹ ਦੇ ਬੂਟੇ ਦੀ ਵੀ ਦੇਖਭਾਲ ਕਰਨ ਤਾਂ ਕਿ ਬੱਚੇ ਦੇ ਨਾਲ ਹੀ ਬੂਟਾ ਵੀ ਵੱਡਾ ਹੋ ਸਕੇ।ਇਸ ਮੌਕੇ ਆਪਣੇ ਸੰਬੋਧਨ ਵਿੱਚ ਐਸ.ਐਮ.ਓ. ਨੇ ਕਿਹਾ ਕਿ ਉਨ੍ਹਾਂ ਦੇ ਮਨ ਦੀ ਇੱਛਾ ਸੀ ਕਿ ਧਰਤੀ ਨੂੰ ਹਰਾ—ਭਰਾ ਬਣਾਉਣ ਲਈ ਕੋਈ ਮੁਹਿੰਮ ਵਿੱਢੀ ਜਾਵੇ।
ਉਹਨਾਂ ਕਿਹਾ ਕਿ ਇਸ ਕਾਰਨ ਹੀ ਉਨ੍ਹਾਂ ਕੁੱਖ ਭਰੀ ਧਰਤੀ ਹਰੀ ਨਾਮ ਦੀ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਵਾਂਗ ਹੀ ਬੂਟੇ ਨਾਲ ਲਗਾਵ ਬਣੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਬੱਚੇ ਦੇ ਜਨਮ ਮੌਕੇ ਮਿਲੇ ਇਸ ਬੂਟੇ ਪ੍ਰਤੀ ਪਿਆਰ ਬਣੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੱਚਾ ਰੋਗ ਮਾਹਿਰ ਡਾ: ਮੋਨਿਕਾ, ਬੱਚਾ ਰੋਗ ਮਾਹਿਰ ਡਾ: ਮੋਨਿਸ਼ਾ ਗਰਗ, ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ਼ ਕੌਰ, ਫਾਰਮੇਸੀ ਅਫ਼ਸਰ ਸ਼ੁਭਮ ਸ਼ਰਮਾ, ਨਰਸਿੰਗ ਸਿਸਟਰ ਕਿਰਨ ਰਾਣੀ, ਸੀ.ਐਚ.ਓ. ਸੁਖਦੀਪ ਕੌਰ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਸਟਾਫ ਨਰਸ ਮਨਦੀਪ ਕੌਰ, ਰਮਨਦੀਪ ਕੌਰ ਅਤੇ ਸੰਤੋਸ਼ ਰਾਣੀ ਆਦਿ ਹਾਜ਼ਰ ਸਨ।