ਨਿਊਜ਼ੀਲੈਂਡ: ਲਖਵਿੰਦਰ ਵਡਾਲੀ ਦੀ ਸੂਫੀ ਸ਼ਾਇਰੀ ਅਤੇ ਚਰਚਿਤ ਗੀਤਾਂ ਨੇ ਰੁਸ਼ਨਾਈ ਸੁਰਮਈ ਸ਼ਾਮ
- ਤੁਝੇ ਦੇਖਾ ਤੋ ਲਗਾ ਮੁਝੇ ਐਸੇ, ਜੈਸੇ ਮੇਰੀ ਈਦ ਹੋ ਗਈ
- ਸ਼ਾਨ-ਏ-ਪੰਜਾਬ ਕਲੱਬ ਅਤੇ ਪਾਲ ਪ੍ਰੋਡਕਸ਼ਨ ਦੀ ਬਿਹਤਰੀਨ ਪੇਸ਼ਕਸ਼
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 25 ਮਈ 2025 - ਬੀਤੀ ਰਾਤ ਸ਼ਾਨ-ਏ-ਪੰਜਾਬ ਕਲੱਬ ਵੱਲੋਂ ਪਾਲ ਪ੍ਰੋਡਕਸ਼ਨ ਈਵੈਂਟ ਮੈਨਜਮੈਂਚ ਦੇ ਸਹਿਯੋਗ ਨਾਲ ਪ੍ਰਸਿੱਧ ਪੰਜਾਬੀ ਸੂਫੀ ਅਤੇ ਸਭਿਆਚਾਰਕ ਗੀਤਾਂ ਦੇ ਅੰਤਰਰਾਸ਼ਟਰੀ ਗਾਇਕ ਲਖਵਿੰਦਰ ਵਡਾਲੀ ਹੋਰਾਂ ਦਾ ਸ਼ੋਅ ਡਿਊ ਡ੍ਰਾਪ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ। ਹਾਊਸ ਫੁੁੱਲ ਇਸ ਸੁਰਮਈ ਸ਼ਾਮ ਦੇ ਵਿਚ ਗਾਇਕ ਲਖਵਿੰਦਰ ਵਡਾਈ ਨੇ ਸੂਫੀ ਸ਼ਾਇਰੀ ਅਤੇ ਆਪਣੇ ਚਰਚਿਤ ਗੀਤਾਂ ਦੇ ਨਾਲ ਇਸ ਸ਼ਾਮ ਨੂੰ ਸੰਗੀਤਕ ਸੁਰਾਂ ਨਾਲ ਰੁਸ਼ਨਾ ਦਿੱਤਾ। ਉਸਨੇ ਆਰੰਭਤਾ ਦੇ ਵਿਚ ਉਸ ਅੱਲਾ, ਰਾਮ ਅਤੇ ਵਾਹਿਗੁਰੂ ਨੂੰ ਸਮਰਪਿਤ ਕਵਾਲੀ ਪੇਸ਼ ਕਰਦਿਆਂ ‘ਤੇਰਾ ਨਾਮ ਤੇਰਾ ਨਾਮ’ ਦੀ ਸੁਰ ਅਲਾਪ ਕੇ ਸੰਗੀਤਕ ਸਟੇਜ ਨੂੰ ਅੱਗੇ ਤੋਰਿਆ।
‘ਆਂਖ ਸੇ ਆਂਖ ਮਿਲਾਓ ਤਾਂ ਕੋਈ ਬਾਤ ਬਣੇ’, ‘ਜੱਗ ਭਾਂਵੇਂ ਲੱਖ ਵਸਦਾ ਵੇ ਸਾਨੂੰ ਤੇਰੀ ਯਾਦ ਸਤਾਵੇ, ਕੋਈ ਐਸਾ ਥਾਂ ਦੱਸਦੇ ਜਿੱਥੇ ਯਾਦ ਤੇਰੀ ਨਾ ਆਵੇ’ ਨੇ ਗੀਤ ਨੇ ਸਾਰੇ ਦਰਸ਼ਕਾਂ ਨੂੰ ਤਾੜੀਆਂ ਮਾਰਨ ’ਤੇ ਮਜ਼ਬੂਰ ਕਰ ਦਿੱਤਾ। ‘ਵੇ ਮਾਹੀਆ ਤੇਰੇ ਦੇਖਣ ਨੂੰ ਚੁੱਕ ਚਰਖਾਂ ਗਲੀ ਦੇ ਵਿਚ ਡਾਹਵਾਂ’,‘ਨਿੱਤ ਖੈਰ ਮੰਗਾ ਸੋਹਣਿਆ ਮੈਂ ਤਰੀ ਦੁਆ ਨਾ ਕੋਈ ਹੋਰ ਮੰਗਦੀ,‘ ਆ ਜਾ ਵੇ ਤੈਨੂੰ ਅੱਖੀਆਂ ਉਡੀਕਦੀਆਂ’ ਸਮੇਤ ਆਪਣੇ ਸਾਰੇ ਚਰਚਿਤ ਗੀਤਾਂ ਨਾਲ ਖੂਰ ਰੌਣਕ ਲਾਈ।
ਸਟੇਜ ਸੰਚਾਲਨ ਲਵਲੀਨ ਕੌਰ ਅਤੇ ਰਾਜਨ ਰਾਝਾਂ ਨੇ ਕੀਤਾ। ਸਟੇਜ ਦੀ ਸੁੰਦਰਤਾ ਪਿਛੇ ਲੱਗੀਆਂ ਸੁੰਦਰ ਸਕਰੀਨਾਂ ਦੇ ਨਾਲ ਸੋਨੇ ’ਤੇ ਸੁਹਾਗਾ ਹੋ ਗਈ ਸੀ। ਦਰਸ਼ਕਾਂ ਦੇ ਬੈਠਣ ਦਾ ਵਧੀਆ ਪ੍ਰਬੰਧ ਸੀ। ਗੋਲ ਟੇਬਲਾਂ ਉਤੇ ਸਪਾਂਸਰਜ਼ ਬੈਠੇ ਸਨ ਜਦ ਕਿ ਜਨਰਲ ਸ਼੍ਰੇਣੀ ਵਾਲੇ ਆਮ ਸੀਟਾਂ ਉਤੇ ਬੈਠ ਕੇ ਅਨੰਦ ਮਾਣ ਰਹੇ ਸਨ। ਪ੍ਰੋਗਰਾਮ ਦੇ ਅਖੀਰ ਵਿਚ ਲਖਵਿੰਦਰ ਵਡਾਲੀ ਨੇ ਭੰਗੜੇ ਵਾਲੇ ਗੀਤ ਵੀ ਪੇਸ਼ ਕੀਤੇ ਅਤੇ ਸਾਰੇ ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤੀ।