ਨਾਮਵਰ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਵੱਲੋਂ ਭਾਰਤ ਦੀ ਵੰਡ ਬਾਰੇ ਅਹਿਮ ਖੁਲਾਸੇ
ਅੰਗਰੇਜ਼ਾਂ ਨੇ ਕਦੇ ਨਹੀਂ ਸੀ ਚਿਤਵਿਆ ਕਿ ਉਨ੍ਹਾਂ ਨੂੰ ਭਾਰਤ ਛੱਡ ਕੇ ਜਾਣਾ ਪਵੇਗਾ-ਵੰਡ ਦਾ ਆਧਾਰ ਹਿੰਦੂ-ਮੁਸਲਿਮ ਜਨਸੰਖਿਆ ਸੀ
ਸਿੱਖ ਆਗੂਆਂ ਨੇ ਵੀ ਵੱਖਰਾ ਮੁਲਕ ਮੰਗਿਆ ਸੀ ਪਰ ਸਿੱਖ ਕਿਤੇ ਵੀ ਬਹੁਗਿਣਤੀ ਵਿਚ ਨਹੀ ਸਨ
ਸਰੀ, 11 ਸਤੰਬਰ (ਹਰਦਮ ਮਾਨ)-ਸਾਊਥ ਏਸ਼ੀਅਨ ਰਿਵਿਊ ਅਤੇ ਪੰਜਾਬੀ ਵਿਰਸਾ ਵੱਲੋਂ ਬੀਤੇ ਦਿਨ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਇਸ ਦੇ ਨਤੀਜਿਆਂ ਉੱਪਰ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ 1947 ਦੀ ਪੰਜਾਬ ਦੀ ਵੰਡ ਬਾਰੇ ਖੋਜ ਭਰਪੂਰ ਪੁਸਤਕ ‘ਲਹੂ ਲੁਹਾਣ ਪੰਜਾਬ’ ਦੇ ਰਚਨਹਾਰੇ ਨਾਮਵਰ ਇਤਿਹਾਸਕਾਰ, ਵਿਗਿਆਨੀ ਅਤੇ ਵਿਦਵਾਨ ਡਾ. ਇਸ਼ਤਿਆਕ ਅਹਿਮਦ ਮੁੱਖ ਬੁਲਾਰੇ ਸਨ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਨਵਰੂਪ ਸਿੰਘ ਨੇ ਸਮਾਗਮ ਵਿੱਚ ਪਹੁੰਚੀਆਂ ਸਭਨਾਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਉਨ੍ਹਾਂ ਡਾ. ਇਸ਼ਤਿਆਕ ਅਹਿਮਦ ਦੀ ਜਾਣ ਪਛਾਣ ਕਰਵਾਉੱਦਿਆਂ ਦੱਸਿਆ ਕਿ ਡਾ. ਇਸ਼ਤਿਆਕ ਅਹਿਮਦ ਸਟੌਕਹੋਮ ਯੂਨੀਵਰਸਿਟੀ ਸਵੀਡਨ ਵਿੱਚ ਰਾਜਨੀਤੀ ਸ਼ਾਸਤਰ ਦੇ ਸੇਵਾ ਮੁਕਤ ਪ੍ਰੋਫੈਸਰ ਅਤੇ ਸਿੰਘਾਪੁਰ ਨੈਸ਼ਨਲ ਯੂਨੀਵਰਸਿਟੀ ਵਿੱਚ ਦੱਖਣੀ ਏਸ਼ੀਆ ਅਧਿਐਨ ਸੰਸਥਾਨ ਵਿੱਚ ਰਸਮੀ ਖੋਜੀ ਹਨ। ਇਨ੍ਹਾਂ ਨੇ ਸਿਆਸੀ ਇਸਲਾਮ, ਨਸਲ, ਕੌਮਵਾਦ, ਇਨਸਾਨੀ ਅਤੇ ਘੱਟ ਗਿਣਤੀਆਂ ਦੇ ਹੱਕ ਵੰਡ ਅਤੇ ਸਿਨਮੇ ਦੀ ਕਲਾ ਨੂੰ ਪੰਜਾਬ ਦੀ ਦੇਣ ਆਦਿ ਵਿਸ਼ਿਆਂ ਬਾਰੇ ਡੂੰਘਾ ਖੋਜ ਕਾਰਜ ਕੀਤਾ ਹੈ। ਉਹ ਲਾਹੌਰ ਦੇ ਅੰਗਰੇਜ਼ੀ ਅਖਬਾਰ ‘ਫਰਾਈ ਡੇ’ ਵਿੱਚ ਹਫਤਾਵਰੀ ਕਾਲਮ ਵੀ ਲਿਖਦੇ ਹਨ। ਉਹਨਾਂ ਦੀਆਂ ਹੁਣ ਤੱਕ ਸੱਤ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਤੇ ਉਹ ਬਹੁਤ ਸਾਰੇ ਖੋਜ ਪੱਤਰਾਂ ਦੇ ਘੋਖ ਕਰਤਾ ਰਹੇ ਹਨ। ਉਹਨਾਂ ਨੇ 1947 ਦੀ ਤਰਾਸਦੀ ਸਬੰਧੀ ਗੁਪਤ ਬਰਤਾਨਵੀ ਰਿਪੋਰਟਾਂ ‘ਤੇ ਅਧਾਰਤ ਅਤੇ ਮੌਕੇ ਦੇ ਗਵਾਹਾਂ ਦੀ ਜ਼ਬਾਨੀ ਲਹੂ ਲਹਾਨ ਹੋਏ ਵੰਡੇ ਤੇ ਵੱਢੇ ਟੁੱਕੇ ਪੰਜਾਬ ਦੀ ਵਿਥਿਆ ਨੂੰ ਆਪਣੀ ਪੁਸਤਕ ਵਿੱਚ ਬਿਆਨ ਕੀਤਾ ਹੈ। ਇਹ ਪੁਸਤਕ ਉਹਨਾਂ ਮੂਲ ਵਿੱਚ ਅੰਗਰੇਜ਼ੀ ਵਿੱਚ ਲਿਖੀ ਸੀ ਜੋ ਬਾਅਦ ਵਿੱਚ ਉਰਦੂ, ਹਿੰਦੀ ਤੇ ਪੰਜਾਬੀ ਵਿੱਚ ਅਨੁਵਾਦ ਹੋ ਚੁੱਕੀ ਹੈ।
ਡਾ. ਇਸ਼ਤਿਆਕ ਅਹਿਮਦ ਨੇ ਭਾਰਤੀ ਉਪ ਮਹਾਂਦੀਪ ਦੀ ਵੰਡ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੰਗਰੇਜ਼ ਆਪਣੇ ਆਪ ਨੂੰ ਸਭ ਤੋਂ ਵੱਡੀ ਸਿਵਲਾਈਜੇਸ਼ਨ ਪਾਵਰ ਸਮਝਦੇ ਸਨ ਅਤੇ ਉਹ ਸਮਝਦੇ ਸਨ ਕਿ ਏਸ਼ੀਆ ਅਤੇ ਭਾਰਤ ਦੇ ਲੋਕ ਇਸ ਕਾਬਲ ਨਹੀਂ ਕਿ ਆਪਣੀ ਹਕੂਮਤ ਖ਼ੁਦ ਚਲਾ ਸਕਣ। ਅੰਗਰੇਜ਼ਾਂ ਨੇ ਭਾਰਤ ਆ ਕੇ ਚੋਣਾਂ ਦਾ ਸਿਧਾਂਤ ਲਿਆਂਦਾ ਜੋ ਸ਼ੁਰੂ ਵਿਚ ਸਿਰਫ ਇਕ ਦੋ ਪ੍ਰਤੀਸ਼ਤ ਉਨ੍ਹਾਂ ਭਾਰਤੀ ਲੋਕਾਂ ਨੂੰ ਦਿੱਤਾ ਗਿਆ ਜਿਹਨਾਂ ਕੋਲ ਵੱਡੀ ਜਾਇਦਾਦ ਅਤੇ ਵਿਦਿਅਕ ਯੋਗਤਾ ਸੀ।
ਡਾ. ਇਸ਼ਤਿਆਕ ਅਹਿਮਦ ਨੇ ਤੱਥਾਂ ‘ਤੇ ਆਧਾਰਤ ਦੱਸਿਆ ਕਿ ਅੰਗਰੇਜ਼ਾਂ ਨੇ ਭਾਰਤ ਉੱਪਰ ਆਪਣੀ ਹਕੂਮਤ ਕਾਇਮ ਕੀਤੀ ਅਤੇ ਉਨ੍ਹਾਂ ਕਦੇ ਵੀ ਇਹ ਨਹੀਂ ਸੀ ਚਿਤਵਿਆ ਕਿ ਇਕ ਦਿਨ ਇਹ ਹਕੂਮਤ ਛੱਡ ਕੇ ਉਨ੍ਹਾਂ ਨੂੰ ਵਾਪਸ ਇੰਗਲੈਂਡ ਜਾਣਾ ਪਵੇਗਾ। ਉਨ੍ਹਾਂ ਅੰਗਰੇਜ਼ਾਂ ਵੱਲੋਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੇ ਆਪਸੀ ਭਾਈਚਾਰੇ ਵਿਚ ਵੰਡੀਆਂ ਪਾਉਣ, ਮੁਹੰਮਦ ਅਲੀ ਜਿੱਨਾਹ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਦੀ ਵੰਡ ਲਈ ਉਕਸਾਉਣ, ਬੰਗਾਲ ਵਿਚ ਹਿੰਸਕ ਵਾਰਦਾਤਾਂ ਦੀ ਸ਼ੁਰੂਆਤ ਤੋਂ ਲੈ ਕੇ ਪੰਜਾਬ ਦੀ ਵੰਡ, ਪੰਜਾਬ ਵਿਚ ਆਪਣਿਆਂ ਹੱਥੋਂ ਮਾਰੇ 8 ਲੱਖ ਪੰਜਾਬੀਆਂ ਦੀ ਦਾਸਤਾਨ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਲਗਾਤਾਰ 11 ਸਾਲਾਂ ਦੀ ਆਪਣੀ ਖੋਜ ਦੌਰਾਨ ਉਨ੍ਹਾਂ ਪਾਕਿਸਤਾਨ, ਭਾਰਤ, ਇੰਗਲੈਂਡ, ਅਮਰੀਕਾ, ਕੈਨੇਡਾ, ਸਿੰਘਾਪੁਰ ਆਦਿ ਦੇਸ਼ਾਂ ਵਿਚ ਜਾ ਕੇ 1947 ਦੀ ਪੰਜਾਬ ਵੰਡ ਤੋਂ ਪੀੜਤ ਪਰਿਵਾਰਾਂ ਦੇ ਲੱਗਭੱਗ 450 ਮੈਂਬਰਾਂ ਨਾਲ ਇੰਟਰਵਿਊ ਕੀਤੀ ਜੋ ਉਨ੍ਹਾਂ ਦੀ ਖੋਜ ਭਰਪੂਰ ਕਿਤਾਬ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿਚ ਦਰਜ ਜਾਣਕਾਰੀ ਤੱਥਾਂ ਅਤੇ ਦਸਤਾਵੇਜ਼ਾਂ ‘ਤੇ ਆਧਾਰਿਤ ਹੈ।
ਇਸ ਮੌਕੇ ਉਨ੍ਹਾਂ ਲੋਕਾਂ ਵੱਲੋਂ ਵੰਡ ਸਬੰਧੀ ਅਤੇ ਉਸ ਸਮੇਂ ਦੀਆਂ ਰਾਜਸੀ ਹਸਤੀਆਂ ਦੀ ਭੂਮਿਕਾ ਅਤੇ ਹੋਰ ਕਈ ਸਵਲ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਉਭਰਵੇਂ ਰੂਪ ਵਿਚ ਭਾਰਤ-ਪਾਕਿ ਵੰਡ ਦੌਰਾਨ ਅੰਗਰੇਜ਼ਾਂ ਵਲੋਂ ਅਪਣਾਏ ਗਏ ਦੋ ਕੌਮੀ ਫਾਰਮੂਲੇ ਅਤੇ ਸਿੱਖ ਭਾਈਚਾਰੇ ਨੂੰ ਅਣਗੌਲੇ ਜਾਣ ਬਾਰੇ ਪੁੱਛੇ ਗਏ ਸਵਾਲਾਂ ਦੇ ਵੀ ਸਟੀਕ ਜਵਾਬ ਦਿੱਤੇ। ਉਹਨਾਂ ਇਸ ਧਾਰਣਾ ਨੂੰ ਗਲਤ ਦੱਸਿਆ ਕਿ ਉਸ ਸਮੇਂ ਸਿੱਖ ਆਗੂਆਂ ਨੇ ਵੱਖਰੀ ਸਿੱਖ ਸਟੇਟ ਦੀ ਮੰਗ ਨਹੀ ਕੀਤੀ। ਉਹਨਾਂ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਦੱਸਿਆ ਖਾਲਸਾ ਰਾਜ ਸਮੇਂ ਵਿਚ ਸਿੱਖਾਂ ਦੀ ਆਬਾਦੀ ਕਦੇ ਵੀ 12-14 ਪ੍ਰਤੀਸ਼ਤ ਤੋਂ ਵੱਧ ਨਹੀ ਸੀ। ਹਿੰਦੁਸਤਾਨ ਦੀ ਵੰਡ ਹਿੰਦੂ-ਮੁਸਲਿਮ ਆਬਾਦੀ ਨੂੰ ਆਧਾਰ ਬਣਾਕੇ ਕੀਤੀ ਗਈ ਸੀ ਪਰ ਪੰਜਾਬ ਵਿਚ 1947 ਦੇ ਸਮੇਂ ਵਿਚ ਕੇਵਲ ਇਕ ਤਰਨ ਤਾਰਨ ਤਹਿਸੀਲ ਨੂੰ ਛੱਡਕੇ ਕਿਤੇ ਵੀ ਸਿੱਖ ਬਹੁਗਿਣਤੀ ਵਿਚ ਨਹੀ ਸਨ। ਅਜਿਹੀ ਸਥਿਤੀ ਨੂੰ ਵੇਖਦਿਆਂ ਹੀ ਉਸ ਸਮੇਂ ਦੇ ਸਿੱਖ ਆਗੂਆਂ ਨੇ ਭਾਰਤ ਨਾਲ ਜਾਣ ਦੀ ਚੋਣ ਕੀਤੀ।
ਅਜੋਕੇ ਦੌਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਆਧਾਰ ਬਣਾ ਕੇ ਕੁਝ ਸਿੱਖਾਂ ਵਲੋਂ ਖਾਲਿਸਤਾਨ ਦੀ ਮੰਗ ਕੀਤੇ ਜਾਣ ਤੇ ਸੰਘਰਸ਼ ਬਾਰੇ ਪੁੱਛੇ ਜਾਣ ਤੇ ਉਹਨਾਂ ਸਪੱਸ਼ਟ ਦੱਸਿਆ ਕਿ ਅੱਜ ਦੇ ਜਮਹੂਰੀ ਮਾਡਲ ਅਤੇ ਯੂ ਐਨ ਓ ਦੇ ਚਾਰਟਰ ਮੁਤਾਬਿਕ ਕਿਸੇ ਵੀ ਮੈਂਬਰ ਮੁਲਕ ਨੂੰ ਤੋੜਨ ਦੀ ਇਜਾਜ਼ਤ ਨਹੀਂ। ਇਸ ਲਈ ਇਕੋ ਤਰੀਕਾ ਹੈ ਕਿ ਜਾਂ ਤਾਂ ਦਾਅਵੇਦਾਰ ਧਿਰ ਸਬੰਧਿਤ ਮੁਲਕ ਨਾਲ ਗੱਲਬਾਤ ਦੀ ਟੇਬਲ ਤੇ ਆਵੇ ਜਾਂ ਦੂਸਰਾ ਹੱਲ ਕਿ ਤੁਸੀਂ ਲੜਾਈ ਲੜ ਕੇ ਵੱਖਰਾ ਮੁਲਕ ਬਣਾ ਲਵੋ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਦੀ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਨਾਲ ਮਿਲਣੀ ਦੀਆਂ ਤਸਵੀਰਾਂ ਬਾਰੇ ਸੋਸ਼ਲ ਮੀਡੀਆ ਉਪਰ ਵਿਪਰੀਤ ਟਿਪਣੀਆਂ ਬਾਰੇ ਕਿਹਾ ਕਿ ਉਹਨਾਂ ਦਾ ਸਥਾਨਕ ਸਿਆਸਤ ਨਾਲ ਕੋਈ ਲੈਣ ਦੇਣ ਨਹੀ। ਉਹ ਉੱਜਲ
ਦੋਸਾਂਝ ਦੇ ਪੁਰਾਣੇ ਮਿੱਤਰ ਹਨ, ਇਸ ਲਈ ਉਹਨਾਂ ਨੂੰ ਮਿਲਣ ਗਏ ਸਨ। ਇਸ ਲਈ ਕਿਸੇ ਨੂੰ ਵੀ ਇਤਰਾਜ ਨਹੀ ਹੋਣਾ ਚਾਹੀਦਾ।
ਸਮਾਗਮ ਵਿਚ ਸਰੀ, ਵੈਨਕੂਵਰ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਇਸ ਮੌਕੇ ਦੋਹਾਂ ਸੰਸਥਾਵਾਂ ਵੱਲੋਂ ਡਾ. ਇਸ਼ਤਿਆਕ ਅਹਿਮਦ ਦਾ ਸਨਮਾਨ ਕੀਤਾ ਗਿਆ। ਅੰਤ ਵਿਚ ਨਵਰੂਪ ਸਿੰਘ ਨੇ ਇਸ ਸਮਾਗਮ ਲਈ ਸਹਿਯੋਗ ਦੇਣ ਵਾਲੇ ਕਾਰੋਬਾਰੀਆਂ, ਸਹਿਯੋਗੀਆਂ, ਸ਼ਾਮਲ ਲੋਕਾਂ ਅਤੇ ਵਿਸ਼ੇਸ਼ ਕਰ ਕੇ ਡਾ. ਇਸ਼ਤਿਆਕ ਅਹਿਮਦ ਦਾ ਧੰਨਵਾਦ ਕੀਤਾ।