ਧਨੌਲਾ ਥਾਣੇ ’ਚ ਨੌਜਵਾਨ ਵੱਲੋਂ ਦਵਾਈ ਨਿਗਲਣ ਦੇ ਮਾਮਲੇ ’ਚ ਨਵਾਂ ਮੋੜ
Kamaljeet Singh
ਬਰਨਾਲਾ, 24 ਸਤੰਬਰ, 2026 — ਬਰਨਾਲਾ ਦੇ ਧਨੌਲਾ ਥਾਣੇ ਵਿੱਚ ਕਾਰ ਨੂੰ ਅੱਗ ਲੱਗਣ ਦੀ ਰਿਪੋਰਟ ਦੀ ਕਾਪੀ ਲੈਣ ਆਏ ਜੋਬਨਪ੍ਰੀਤ ਸਿੰਘ ਨਾਮ ਦੇ ਨੌਜਵਾਨ ਵੱਲੋਂ ਦਵਾਈ ਨਿਗਲਣ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਪੁਲਿਸ ਦਾ ਪੱਖ ਸਾਹਮਣੇ ਆਉਣ ਤੋਂ ਬਾਅਦ ਇੱਕ ਨਵਾਂ ਮੋੜ ਆ ਗਿਆ ਹੈ। ਜਿੱਥੇ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਪੁਲਿਸ 'ਤੇ ਤੰਗ-ਪਰੇਸ਼ਾਨ ਕਰਨ ਅਤੇ ਪੈਸਿਆਂ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਸਨ, ਉੱਥੇ ਹੀ ਡੀਐੱਸਪੀ (DSP) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਪਰਿਵਾਰਕ ਜ਼ਮੀਨ-ਜਾਇਦਾਦ ਦੇ ਵਿਵਾਦ ਕਾਰਨ ਪਹਿਲਾਂ ਤੋਂ ਹੀ ਮਾਨਸਿਕ ਤਣਾਅ (ਡਿਪ੍ਰੈਸ਼ਨ) ਵਿੱਚ ਸੀ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐੱਸਪੀ ਨੇ ਦੱਸਿਆ ਕਿ 11 ਸਤੰਬਰ ਨੂੰ ਜੋਬਨਪ੍ਰੀਤ ਸਿੰਘ ਦੀ ਸਵਿਫ਼ਟ (Swift) ਕਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਸਬੰਧੀ ਉਸ ਵੱਲੋਂ ਥਾਣੇ ਵਿੱਚ ਦਰਜ ਕਰਵਾਈ ਗਈ ਰਿਪੋਰਟ ਦੀ ਕਾਪੀ ਲੈਣ ਲਈ ਉਹ ਅਗਲੇ ਦਿਨ ਥਾਣੇ ਆਇਆ ਸੀ। ਉਸ ਸਮੇਂ ਥਾਣਾ ਮੁਖੀ (SHO) ਦੀ ਵੀਡੀਓ ਕਾਨਫਰੰਸ (VC) ਚੱਲ ਰਹੀ ਸੀ, ਜਿਸ ਕਾਰਨ ਉਸਨੂੰ ਕੁਝ ਸਮਾਂ ਬੈਠਣ ਲਈ ਕਿਹਾ ਗਿਆ ਸੀ। ਇਸੇ ਦੌਰਾਨ ਨੌਜਵਾਨ ਵੱਲੋਂ ਸ਼ੱਕੀ ਦਵਾਈ ਨਿਗਲ ਲਈ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਉਸਨੂੰ ਇਲਾਜ ਲਈ ਬਰਨਾਲਾ ਦੇ ਬੀਐੱਮਸੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਨੌਜਵਾਨ ਹੁਣ ਖਤਰੇ ਤੋਂ ਬਾਹਰ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਦੂਜੇ ਪਾਸੇ ਬੀਐੱਮਸੀ ਹਸਪਤਾਲ ਦੇ ਐੱਮਡੀ ਡਾਕਟਰ ਈਸ਼ਾਨ ਬਾਂਸਲ ਨੇ ਦੱਸਿਆ ਕਿ ਜੋਬਨਪ੍ਰੀਤ ਨੂੰ 24 ਘੰਟਿਆਂ ਲਈ ਆਈਸੀਯੂ (ICU) ਵਿੱਚ ਅੰਡਰ ਓਬਜ਼ਰਵੇਸ਼ਨ (ਨਿਗਰਾਨੀ ਹੇਠ) ਰੱਖਿਆ ਗਿਆ ਹੈ ਅਤੇ 24 ਘੰਟੇ ਬੀਤਣ ਤੋਂ ਬਾਅਦ ਹੀ ਉਸ ਦੀ ਸਿਹਤ ਦੀ ਅਸਲ ਸਥਿਤੀ ਬਾਰੇ ਸਪੱਸ਼ਟ ਕੀਤਾ ਜਾ ਸਕੇਗਾ। ਪੁਲਿਸ ਮੁਤਾਬਕ ਮਾਮਲੇ ਦੀ ਅਗਲੀ ਤਫ਼ਤੀਸ਼ ਦੇ ਤੱਥਾਂ ਤੋਂ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ।
- Download Babushahi App
-
-