ਦੋ ਪਿਸਟਲਾਂ ਨਾਲ ਫੜੇ ਗਏ ਮੁਲਜ਼ਮ ਨੇ ਰਿਮਾਂਡ ਦੌਰਾਨ ਬਰਾਮਦ ਕਰਾਈ ਚੋਰੀ ਦੀ ਕਾਰ
ਦੀਪਕ ਜੈਨ
ਜਗਰਾਉਂ, 24 ਮਈ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ ਵੱਲੋਂ ਚਲਾਈ ਗਈ ਭੈੜੇ ਅੰਸਰਾਂ ਨੂੰ ਕਾਬੂ ਕਰਨ ਵਾਲੀ ਮੁਹਿੰਮ ਦੇ ਅਧੀਨ 22 ਮਈ ਦਿਨ ਵੀਰਵਾਰ ਨੂੰ ਸਭ ਡਿਵੀਜ਼ਨ ਦਾਖਾ ਡੀਐਸਪੀ ਵਰਿੰਦਰ ਸਿੰਘ ਖੋਸਾ ਦੀ ਜੇਰੇ ਨਿਗਰਾਨੀ ਅਤੇ ਥਾਣਾ ਜੋਧਾਂ ਦੇ ਮੁਖੀ ਸਾਹਿਬ ਜੀਤ ਸਿੰਘ ਦੀ ਟੀਮ ਵੱਲੋਂ ਦੋਸ਼ੀ ਹਰਸਦੀਪ ਸਿੰਘ ਉਰਫ ਹਰਸ਼ ਪੁੱਤਰ ਸਵਰਨਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾਝਰੀ ਥਾਣਾ ਦਾਖਾ ਜਿਲਾ ਲੁਧਿਆਣਾ ਨੂੰ ਗਿਰਫਤਾਰ ਕੀਤਾ ਗਿਆ ਸੀ।
ਉਸ ਪਾਸੋਂ ਦੋ ਨਜਾਇਜ਼ ਹਥਿਆਰ ਜਿਸ ਵਿੱਚ ਇੱਕ ਪਿਸਟਲ 32 ਬੋਰ ਅਤੇ ਇੱਕ 30 ਬੋਰ ਬਰਾਮਦ ਹੋਏ ਸਨ ਦੋਸ਼ੀ ਨੂੰ 23 ਮਈ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। ਜਿਸਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਆਪਣੇ ਸਾਥੀ ਸਰਬਜੋਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਾਝਰੀ ਨਾਲ ਮਿਲ ਕੇ ਨਜਾਇਜ਼ ਅਸਲੇ ਦੀ ਵਰਤੋਂ ਨਾਲ ਲੋਕਾਂ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਜਿਸ ਦੀ ਪੁੱਛਗਿੱਛ ਤੇ ਸਰਬਜੋਤ ਸਿੰਘ ਨੂੰ ਇਸ ਮਾਮਲੇ ਵਿੱਚ ਨਾਮਜਦ ਕੀਤਾ ਗਿਆ।
ਇਸ ਤੋਂ ਇਲਾਵਾ ਦੋਸ਼ੀ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਆਪਣੇ ਸਾਥੀ ਸਰਬਜੋਤ ਸਿੰਘ ਨਾਲ ਮਿਲ ਕੇ ਇੱਕ ਕਾਰ ਬਲੀਨੋ ਚੋਰੀ ਕੀਤੀ ਸੀ। ਜਿਸ ਉੱਤੇ ਉਸ ਵੱਲੋਂ ਜਾਅਲੀ ਨੰਬਰ ਪੀਵੀ 91ਪੀ 90 91 ਲਗਾਇਆ ਗਿਆ ਸੀ। ਜਿਸਦੀ ਨਿਸ਼ਾਨ ਦੇਹੀ ਉੱਪਰ ਉਕਤ ਕਾਰ ਬਰਾਮਦ ਕੀਤੀ ਗਈ ਅਤੇ ਦੋਸ਼ੀ ਕੋਲੋਂ ਹੋਰ ਵਾਰਦਾਤਾਂ ਵਿੱਚ ਸਰਬਜੋਤ ਸਿੰਘ ਦੇ ਸ਼ਾਮਿਲ ਹੋਣ ਦੀ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਨਾਮਜਦ ਦੋਸ਼ੀ ਸਰਬਜੋਤ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐਸਪੀ ਖੋਸਾ ਨੇ ਦੱਸਿਆ ਕਿ ਦੂਸਰੇ ਦੋਸ਼ੀ ਨੂੰ ਵੀ ਜਲਦੀ ਹੀ ਗਿਰਫਤਾਰ ਕਰ ਲਿਤਾ ਜਾਵੇਗਾ।