ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 24 ਮਈ 2025 : ਇਨਸਾਨ ਜੇਕਰ ਮਿਹਨਤ ਦਾ ਲੜ ਨਹੀਂ ਛੱਡਦਾ ਤਾਂ ਉਸ ਦੀ ਤਰੱਕੀ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿਉਂਕਿ ਮਿਹਨਤ ਵਿੱਚ ਹੀ ਤਰੱਕੀ ਛੁਪੀ ਹੋਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਡੀਆਈਜੀ ਬਠਿੰਡਾ ਰੇਂਜ ਸ ਹਰਜੀਤ ਸਿੰਘ ਨੇ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਮੈਰਿਟ ‘ਚ ਆਉਣ ਵਾਲੇ 10ਵੀ ਅਤੇ 12ਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ, ਐਸਪੀ ਹੈਡਕੁਰਟਰ ਸ੍ਰੀ ਜਗਦੀਸ਼ ਕੁਮਾਰ ਅਤੇ ਡੀਐਸਪੀ ਸ਼੍ਰੀ ਸੰਜੀਵ ਮਿੱਤਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਸਮਾਗਮ ਮੌਕੇ ਡੀਆਈਜੀ ਬਠਿੰਡਾ ਰੇਂਜ ਸ ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੰਦਗੀ ਵਿੱਚ ਅੱਗੇ ਵਧਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ ਤਾਂ ਹੀ ਉਚ ਅਹੁੱਦਿਆਂ ‘ਤੇ ਪਹੁੰਚਿਆਂ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਸਕੂਲ ਗਿਆਨ ਦਾ ਮੰਦਿਰ ਜਿਥੇ ਗਿਆਨ ਦਾ ਪਸਾਰ ਹੁੰਦਾ ਹੈ ਅਤੇ ਇਨਸਾਨ ਦੇ ਸਰਬਪੱਖੀ ਗੁਣਾਂ ਨੂੰ ਵਿਕਸਿਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਨ ਚੰਗੇ ਗੁਣਾਂ ਦੀ ਬਦੌਲਤ ਹੀ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਤਰੱਕੀ ਦੇ ਰਾਹ ਚੁਣਦਾ ਹੈ।
ਇਸ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਸਰਸਵਤੀ ਬੰਦਨਾ, ਸਵਾਗਤੀ ਗੀਤ, ਗਰੁੱਪ ਗੀਤ ਤੋਂ ਇਲਾਵਾ ਹੋਰ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਦੌਰਾਨ ਸਾਰੇ ਸਦਨਾਂ ਦੇ ਕਪਤਾਨਾਂ ਨੂੰ ਆਪਣੇ ਫਰਜ਼ ਬਾਖੂਬੀ ਨਿਭਾਉਣ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਵੱਲੋਂ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸਫਲਤਾ ‘ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਇਸੇ ਤਰ੍ਹਾਂ ਸਖਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਵੀ ਕੀਤਾ।