ਡਾ. ਨਵਜੋਤ ਕੌਰ ਸਿੱਧੂ ਦਾ ਰਾਜਾ ਵੜਿੰਗ 'ਤੇ ਤਿੱਖਾ ਸ਼ਬਦੀ ਹਮਲਾ: ਕਿਹਾ- 'ਤੁਹਾਨੂੰ ਇਲਾਜ ਦੀ ਲੋੜ
Ravi Jakhu
ਅੰਮ੍ਰਿਤਸਰ/ਪੰਜਾਬ, 3 ਫਰਵਰੀ, 2026: ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਿਖਰਾਂ 'ਤੇ ਪਹੁੰਚ ਗਿਆ ਹੈ। ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਤਿੱਖੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੜਿੰਗ ਦੀ ਮਾਨਸਿਕ ਸਥਿਤੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਪਾਰਟੀ ਦੀ ਬਰਬਾਦੀ ਦਾ ਜ਼ਿੰਮੇਵਾਰ ਠਹਿਰਾਇਆ ਹੈ।
ਡਾ. ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ, ਡਾ. ਸਿੱਧੂ ਨੇ ਲਿਖਿਆ, "ਰਾਜਾ ਵੜਿੰਗ, ਇਲਾਜ ਦੀ ਲੋੜ ਤੁਹਾਨੂੰ ਹੈ। ਮੈਂ ਇੱਕ ਡਾਕਟਰ ਹਾਂ ਅਤੇ ਜਾਣਦੀ ਹਾਂ ਕਿ ਤੁਸੀਂ ਮਾਨਸਿਕ ਤੌਰ 'ਤੇ ਅਸਥਿਰ ਹੋ। ਤੁਸੀਂ ਇਹ ਗੱਲ ਇੱਕ-ਦੋ ਵਾਰ ਨਹੀਂ, ਸਗੋਂ ਸੌ ਵਾਰ ਸਾਬਤ ਕੀਤੀ ਹੈ।"
ਉਨ੍ਹਾਂ ਅੱਗੇ ਕਿਹਾ ਕਿ ਆਪਣੇ ਭ੍ਰਿਸ਼ਟਾਚਾਰ ਕਾਰਨ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਂਗਲਾਂ 'ਤੇ ਨੱਚ ਰਹੇ ਹਨ ਅਤੇ ਪੂਰਾ ਪੰਜਾਬ ਉਨ੍ਹਾਂ ਦਾ 'ਕਾਮੇਡੀ ਸ਼ੋਅ' ਦੇਖ ਕੇ ਮਜ਼ੇ ਲੈ ਰਿਹਾ ਹੈ।
ਡਾ. ਸਿੱਧੂ ਨੇ ਦੋਸ਼ ਲਾਇਆ ਕਿ ਵੜਿੰਗ ਨੇ ਪੰਜਾਬ ਕਾਂਗਰਸ ਵਿੱਚ ਕਈ ਗੁੱਟ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੜਿੰਗ ਨੇ ਇੱਕ-ਇੱਕ ਸੀਟ 'ਤੇ 3-4 ਲੋਕਾਂ ਨੂੰ ਵਿਧਾਇਕ ਬਣਾਉਣ ਦਾ ਝੂਠਾ ਵਾਅਦਾ ਕੀਤਾ ਤਾਂ ਜੋ ਉਹ ਆਪਸ ਵਿੱਚ ਲੜਦੇ ਰਹਿਣ ਅਤੇ ਪਾਰਟੀ ਬਰਬਾਦ ਹੋ ਜਾਵੇ।
ਉਨ੍ਹਾਂ ਵੜਿੰਗ ਨੂੰ ਕਾਂਗਰਸ ਪਾਰਟੀ ਲਈ ਇੱਕ 'ਸ਼ਰਮ' ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਮਾਨਦਾਰੀ ਅਤੇ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਲਈ ਹੈ।
ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਰਾਜਾ ਵੜਿੰਗ ਵਿਰੁੱਧ ਖੋਲ੍ਹੇ ਗਏ ਇਸ ਮੋਰਚੇ ਨੇ ਸੂਬੇ ਦੀ ਸਿਆਸਤ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ। ਅਜਿਹੇ ਸਮੇਂ ਵਿੱਚ ਜਦੋਂ ਕਾਂਗਰਸ ਨੂੰ ਇੱਕਜੁੱਟ ਹੋਣ ਦੀ ਲੋੜ ਹੈ, ਡਾ. ਸਿੱਧੂ ਦੇ ਇਨ੍ਹਾਂ ਸ਼ਬਦੀ ਹਮਲਿਆਂ ਨੇ ਪਾਰਟੀ ਹਾਈਕਮਾਂਡ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ।
Click to Follow Babushahi Facebook page →