ਜੌਗਰਫ਼ੀ ਟੀਚਰਜ ਯੂਨੀਅਨ ਦਾ ਵਫ਼ਦ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਿਆ
*ਲੈਕਚਰਾਰਾਂ ਦੀਆਂ ਕੁੱਲ 13252 ਆਸਾਮੀਆਂ 'ਚੋਂ ਜੌਗਰਫ਼ੀ ਦੀਆਂ ਕੇਵਲ 357*
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 24 ਮਈ 2025
ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ ਯੂਨੀਅਨ ਪੰਜਾਬ ਦਾ ਵਫ਼ਦ ਸੂਬੇ ਵਿੱਚ ਜੌਗਰਫ਼ੀ (ਭੂਗੋਲ) ਵਿਸ਼ੇ ਨੂੰ ਪ੍ਰਫੁੱਲਿਤ ਕਰਨ ਅਤੇ ਮੌਜ਼ਦੂ ਸਮੇਂ ਵਿਦਿਆਰਥੀਆਂ ਲਈ ਜੌਗਰਫ਼ੀ ਵਿਸ਼ੇ ਦਾ ਗਿਆਨ ਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕਰਨ ਅਤੇ ਅਧਿਆਪਕਾਂ ਦੀਆਂ ਪਦਉੱਨਤੀਆਂ, ਬਦਲੀਆਂ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਜੌਗਰਫ਼ੀ ਵਿਸ਼ਾ ਪੜ੍ਹਾਏ ਜਾਣ ਵਾਲੇ ਸਕੂਲਾਂ ਵਿੱਚ ਭੂਗੋਲ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਆਦਿ ਮੰਗਾਂ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਿਆ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ (ਸਕੂਲਾਂ) ਪੰਜਾਬ ਦੇ ਡਾਇਰੈਕਟਰ ਦੇ ਨਾਮ ਮੰਗ ਪੱਤਰ ਦਿੱਤੇ। ਪੱਤਰ ਵਿੱਚ ਦੱਸਿਆ ਗਿਆ ਕਿ ਜੌਗਰਫੀ ਲੈਕਚਰਾਰਾਂ ਦੀਆਂ ਕੁੱਲ 357 ਆਸਾਮੀਆਂ ਮੰਨਜੂਰ ਹਨ ਪਰੰਤੂ ਇਹਨਾਂ ਸਾਰੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ ਪੋਰਟਲ 'ਤੇ ਦਰਸਾਇਆ ਨਹੀਂ ਜਾਂਦਾ ਜਿਸ ਕਰਕੇ ਨਾ ਤਾਂ ਵਿਦਿਆਰਥੀਆਂ ਨੂੰ ਜੌਗਰਫੀ ਲੈਕਚਰਾਰ ਮਿਲਦੇ ਹਨ ਅਤੇ ਨਾ ਹੀ ਅਧਿਆਪਕਾਂ ਦੀ ਸਿੱਧੀ ਭਰਤੀ ਜਾਂ ਪਦ-ਉੱਨਤੀ ਹੁੰਦੀ ਹੈ। ਉਹਨਾਂ ਨੂੰ ਦੱਸਿਆ ਗਿਆ ਕਿ ਆਪ ਜੀ ਦੇ ਸ਼ਹਿਰ ਕੋਟਕਪੂਰਾ ਦੇ ਕੰਨਿਆ ਸਕੂਲ ਵਿੱਚ ਆਸਾਮੀਆਂ ਪੂਰੀਆਂ ਹਨ, ਉੱਥੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਇਹ ਵਿਸ਼ਾ ਰੱਖਦੀਆਂ ਹਨ, ਉੱਥੇ ਲੜਕਿਆਂ ਦੇ ਸਕੂਲ ਵਿੱਚ ਮੰਨਜ਼ੂਰਸ਼ੁਦਾ ਅਸਾਮੀਆਂ ਨੂੰ ਪੋਰਟਲ ਉੱਪਰ ਨਹੀਂ ਦਰਸਾਇਆ ਜਾ ਰਿਹਾ। ਪੱਤਰ ਵਿੱਚ ਦੱਸਿਆ ਗਿਆ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਦੇ ਹਰੇਕ ਸਕੂਲ ਵੱਚਿ ਜੌਗਰਫੀ ਲੈਕਚਰਾਰਾਂ ਦੀਆਂ ਆਸਾਮੀਆਂ ਉਪਲੱਬਧ ਹਨ ਪਰੰਤੂ ਪੰਜਾਬ ਵਿੱਚ 2000 ਸਕੂਲਾਂ ਵਿੱਚੋਂ ਕੇਵਲ 250 ਸਕੂਲਾਂ ਵਿੱਚ ਹੀ ਜੌਗਰਫ਼ੀ ਵਿਸ਼ਾ ਪੜ੍ਹਾਇਆ ਜਾਂਦਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਜੱਥੇਬੰਦੀ ਦਾ ਮੰਗ-ਪੱਤਰ ਸਿਫਾਰਿਸ਼ ਸਹਿਤ ਭੇਜਣ ਦਾ ਯਕੀਨ ਦੁਆਇਆ। ਵਫਦ ਵਿੱਚ ਹਰਜੋਤ ਸਿੰਘ ਬਰਾੜ, ਸੁਰਿੰਦਰ ਸੱਚਦੇਵਾ, ਗਗਨਦੀਪ ਸਿੰਘ ਸੰਧੂ, ਹਰਵਿੰਦਰ ਸਿੰਘ, ਪ੍ਰੇਮ ਕੁਮਾਰ, ਮਨਜਿੰਦਰ ਕੌਰ, ਮਨਦੀਪ ਸਿੰਘ ਅਤੇ ਦਵਿੰਦਰ ਕੁਮਾਰ ਵੀ ਹਾਜਰ ਸਨ।