ਜਿੱਥੇ ਲੱਗਾ ਕੂੜਾ ਸੁੱਟਣ ਵਾਲੇ ਨੂੰ 5000 ਰੁਪਏ ਜੁਰਮਾਨੇ ਦਾ ਬੋਰਡ, ਉਥੇ ਹੀ ਸੁੱਟਦੇ ਨੇ ਲੋਕ ਕੂੜਾ
- ਛੋਟੇ ਬੱਚਿਆਂ ਦੇ ਸਕੂਲ ਦੇ ਸਾਹਮਣੇ ਲੱਗੇ ਕੂੜੇ ਦੇ ਢੇਰਾਂ ਤੋ ਉਠਦੀ ਬਦਬੂ ਤੇ ਮੱਛਰਾਂ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ
ਰੋਹਿਤ ਗੁਪਤਾ
ਗੁਰਦਾਸਪੁਰ 16 ਜੁਲਾਈ 2025 - ਸ਼ਹਿਰ ਦੇ ਹਰਦੋਸ਼ਾਨੀ ਰੋਡ 'ਤੇ ਸਥਿਤ ਮੁਹੱਲਾ ਪ੍ਰੇਮ ਨਗਰ ਦੇ ਵਾਸੀ ਅਤੇ ਦੁਕਾਨਦਾਰ ਰੋਡ ਤੇ ਫੈਲੀ ਗੰਦਗੀ ਅਤੇ ਕੂੜੇ ਦੇ ਢੇਰਾਂ ਕਾਰਨ ਪ੍ਰੇਸ਼ਾਨ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹਨ, ਉੱਥੇ ਨਗਰ ਕੌਂਸਲ ਦਾ ਇੱਕ ਬੋਰਡ ਵੀ ਲੱਗਾ ਹੈ ਜਿਸ ਤੇ ਕੂੜਾ ਸੁੱਟਣ ਵਾਲੇ ਨੂੰ 5000 ਰੁਪਏ ਜੁਰਮਾਨਾ ਕਰਨ ਦੀ ਗੱਲ ਕਹੀ ਗਈ ਹੈ ਪਰ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਖੁਦ ਨਗਰ ਕੌਂਸਲ ਦੇ ਕਰਮਚਾਰੀ ਵੀ ਇੱਥੇ ਕੂੜਾ ਸੁੱਟ ਕੇ ਜਾਂਦੇ ਹਨ ਮੀਂਹ ਕਾਰਨ ਕੂੜੇ ਦੇ ਢੇਰ ਬਦਬੂਦਾਰ ਹੋਣ ਲੱਗ ਪਏ ਹਨ, ਜਿਸ 'ਤੇ ਪ੍ਰੇਸ਼ਾਨ ਦੁਕਾਨਦਾਰਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੂੜੇ ਦੇ ਢੇਰਾਂ ਦੇ ਬਿਲਕੁਲ ਸਾਹਮਣੇ ਇੱਕ ਬੱਚਿਆਂ ਦਾ ਨਿਜੀ ਸਕੂਲ ਵੀ ਹੈ, ਇਲਾਕਾ ਨਿਵਾਸੀ ਦਾ ਕਹਿਣਾ ਹੈ ਕਿ ਕਿ ਉਨ੍ਹਾਂ ਨੇ ਕੂੜੇ ਦੇ ਢੇਰਾਂ ਨੂੰ ਹਟਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਅਪੀਲ ਕੀਤੀ ਹੈ ਪਰ ਸੁਣਵਈ ਨਹੀਂ ਹੋ ਰਹੀ।
ਇਸੇ ਤਰ੍ਹਾਂ ਹਰਦੋਛੰਨੀ ਰੋਡ 'ਤੇ ਕਈ ਹੋਰ ਥਾਵਾਂ 'ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਰਹਿੰਦੇ ਹਨ, ਜਿਨਾਂ ਤੋਂ ਉੱਠਦੀ ਬਦਬੂ ਅਤੇ ਕੀੜੇ ਮਕੌੜੇ ਮੱਛਰਾ ਕਾਰਨ ਬਰਸਾਤ ਦੇ ਮੌਸਮ ਵਿੱਚ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ।