ਸੰਗਰੂਰ ਵਿਖੇ ਕਰਵਾਈ ਜਾਣ ਵਾਲੀ ਜਬਰ ਵਿਰੋਧੀ ਰੈਲੀ ਦੀਆਂ ਤਿਆਰੀਆਂ ਸਬੰਧੀ ਲਾਮਬੰਦੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ 17 ਜੁਲਾਈ 2025 :ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਝੁੰਬਾ ਤੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ 25 ਜੁਲਾਈ ਨੂੰ ਸੰਗਰੂਰ ਵਿਖੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਵਿੱਚ ਪਹੁੰਚਣ ਲਈ ਪਿੰਡਾਂ ਦੀਆਂ ਤਿਆਰੀਆਂ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਤੋਂ ਜਮੀਨਾਂ ਅਤੇ ਰੁਜ਼ਗਾਰ ਖੋਹ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਲੋਕ ਵਿਰੋਧੀ ਨੀਤੀਆਂ ਨੂੰ ਧੱਕੇ ਨਾਲ ਲਾਗੂ ਕਰਨ ਲਈ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ,ਔਰਤਾਂ,ਬੱਚਿਆਂ ਤੇ ਜਬਰ ਢਾਹ ਕੇ ਹੱਕ ਸੱਚ ਦੀ ਆਵਾਜ਼ ਨੂੰ ਬੰਦ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਆਪਣੇ ਹੱਕਾਂ ਲਈ ਅਤੇ ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਕਿਸਾਨਾਂ, ਮਜ਼ਦੂਰਾਂ,ਔਰਤਾਂ ਨੂੰ ਸਰਕਾਰ ਵੱਲੋਂ ਝੂਠੇ ਪੁਲਿਸ ਕੇਸਾਂ ਤਹਿਤ ਲੰਮੇ ਸਮੇਂ ਲਈ ਜੇਲਾਂ ਵਿੱਚ ਬੰਦ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਅੰਨਾ ਜਬਰ ਢਾਹਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਜਬਰ ਵਿਰੁੱਧ ਸੰਗਰੂਰ ਵਿਖੇ 25 ਜੁਲਾਈ ਨੂੰ ਕੀਤੀ ਜਾ ਰਹੀ ਜ਼ਬਰ ਵਿਰੋਧੀ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਮੀਟਿੰਗ ਵਿੱਚ ਮਤੇ ਰਾਹੀਂ ਕਿਸਾਨ ਆਗੂ ਜਗਸੀਰ ਦੇ ਬੇਟੇ ਰਾਜਦੀਪ ਦੇ 24 ਜੁਲਾਈ ਨੂੰ ਝੁੰਬਾ ਵਿਖੇ ਭੋਗ ਸਮਾਗਮ ਤੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ।ਅੱਜ ਦੀ ਮੀਟਿੰਗ ਵਿੱਚ ਹਰਜਿੰਦਰ ਸਿੰਘ ਬੱਗੀ, ਜਸਵੀਰ ਸਿੰਘ ਬੁਰਜ ਸੇਮਾ, ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇਵਾਲਾ, ਹਰਿੰਦਰ ਕੌਰ ਬਿੰਦੂ, ਮਾਲਣ ਕੌਰ ਕੋਠਾ ਗੁਰੂ, ਹਰਪ੍ਰੀਤ ਕੌਰ ਜੇਠੂਕੇ, ਰਾਜਵਿੰਦਰ ਸਿੰਘ ਰਾਮਨਗਰ, ਰਾਮ ਸਿੰਘ ਕੋਟ ਗੁਰੂ, ਅਜੈਪਾਲ ਸਿੰਘ ਘੁੱਦਾ, ਅਮਰੀਕ ਸਿੰਘ ਸਿਵੀਆਂ, ਗੁਰਪਾਲ ਸਿੰਘ ਦਿਓਣ, ਜਸਪਾਲ ਸਿੰਘ ਕੋਠਾ ਗੁਰੂ, ਗੁਲਾਬ ਸਿੰਘ ਜਿਉਂਦ, ਬੂਟਾ ਸਿੰਘ ਬੱਲ੍ਹੋ ਸਮੇਤ ਸਰਗਰਮ ਆਗੂ ਸ਼ਾਮਿਲ ਸਨ।