ਕੋਕਾ-ਕੋਲਾ ਨੇ ਹੜ੍ਹ ਪੀੜਤਾਂ ਲਈ 2 ਲੱਖ ਅਤੇ ਆਬਕਾਰੀ ਵਿਭਾਗ ਨੇ 92 ਹਜ਼ਾਰ ਦਾ ਪਾਇਆ ਯੋਗਦਾਨ
- ਡਿਪਟੀ ਕਮਿਸ਼ਨਰ ਨੇ ਸਮਾਜ ਸੇਵਕਾਂ, ਕੰਪਨੀਆਂ ਅਤੇ ਨਾਗਰਿਕਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 6 ਸਤੰਬਰ :
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਕਿਹਾ ਕਿ ਲੁਧਿਆਣਾ ਬੇਵਰੇਜ ਪ੍ਰਾਈਵੇਟ ਲਿਮਟਿਡ (ਕੋਕਾ-ਕੋਲਾ) ਨੇ ਹੜ੍ਹ ਪੀੜਤਾਂ ਲਈ 2 ਲੱਖ ਰੁਪਏ ਅਤੇ 2000 ਪਾਣੀ ਦੀਆਂ ਬੋਤਲਾਂ ਦਾਨ ਕਰਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਵਧੀਕ ਆਬਕਾਰੀ ਕਮਿਸ਼ਨਰ ਹਨੂਵੰਤ ਸਿੰਘ ਦੀ ਅਗਵਾਈ ਹੇਠ, ਉਨ੍ਹਾਂ ਦੇ ਵਿਭਾਗ ਦੇ ਕਰਮਚਾਰੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੀਆਂ ਤਨਖਾਹਾਂ ਵਿੱਚੋਂ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੂੰ 92,000 ਰੁਪਏ ਦੀ ਰਕਮ ਪ੍ਰਦਾਨ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਨੇਕ ਕਾਰਜ ਲਈ ਕੰਪਨੀ ਅਤੇ ਆਬਕਾਰੀ ਵਿਭਾਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮਦਦ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਵਿੱਚ ਬਹੁਤ ਮਦਦਗਾਰ ਹੋਵੇਗੀ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਹੜ੍ਹ ਵਰਗੀ ਆਫ਼ਤ ਦੇ ਸਮੇਂ ਸਮਾਜ ਦੇ ਹਰੇਕ ਵਰਗ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੰਪਨੀਆਂ, ਫੈਕਟਰੀਆਂ, ਉਦਯੋਗਪਤੀ, ਸਕੂਲ/ਕਾਲਜ ਪ੍ਰਬੰਧਕ, ਵਪਾਰੀ ਵਰਗ ਅਤੇ ਆਮ ਨਾਗਰਿਕ ਆਪਣੀ ਸਮਰੱਥਾ ਅਨੁਸਾਰ ਵਿੱਤੀ ਤੌਰ 'ਤੇ ਜਾਂ ਰਾਹਤ ਸਮੱਗਰੀ ਦੇ ਰੂਪ ਵਿੱਚ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੀ ਅਪੀਲ 'ਤੇ ਬਹੁਤ ਸਾਰੇ ਦਾਨੀ ਸੱਜਣ, ਸੰਸਥਾਵਾਂ ਅਤੇ ਆਮ ਲੋਕ ਸਰਗਰਮੀ ਨਾਲ ਸਹਿਯੋਗ ਕਰ ਰਹੇ ਹਨ। ਇਸ ਵਿੱਚ ਰਾਹਤ ਸਮੱਗਰੀ, ਰਾਸ਼ਨ ਕਿੱਟਾਂ, ਤਰਪਾਲਾਂ, ਮੱਛਰਦਾਨੀ, ਸਫਾਈ ਕਿੱਟਾਂ, ਰੋਟੀ, ਜੈਮ ਅਤੇ ਹੋਰ ਜ਼ਰੂਰੀ ਚੀਜ਼ਾਂ ਅਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਆਸ਼ਿਕਾ ਜੈਨ ਨੇ ਸਾਰੇ ਨਾਗਰਿਕਾਂ ਨੂੰ ਅੱਗੇ ਆਉਣ ਅਤੇ ਇਸ ਨੇਕ ਕੰਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੋਗਦਾਨ ਦੀ ਰਕਮ ਰੈੱਡ ਕਰਾਸ ਸੋਸਾਇਟੀ ਵੱਲੋਂ ਜਾਰੀ ਕੀਤੇ ਗਏ QR ਕੋਡ https://tinyurl.com/redcrosshoshiarpur ਰਾਹੀਂ ਸਿੱਧੇ ਤੌਰ 'ਤੇ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜੋਧਾ ਮੱਲ ਰੋਡ 'ਤੇ ਸਥਿਤ ਰੈੱਡ ਕਰਾਸ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।