ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਅੰਮ੍ਰਿਤਸਰ ਦੌਰਾ: ਹਰਿਮੰਦਰ ਸਾਹਿਬ ਨਤਮਸਤਕ ਹੋਏ
ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਦੀ ਵੱਖਰੀ ਸਟੇਜ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 28 ਅਗਸਤ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਰੱਖੜ ਪੁੰਨਿਆ ਦੇ ਮੌਕੇ ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਦੇ ਦੌਰੇ 'ਤੇ ਪਹੁੰਚੇ। ਬਾਬਾ ਬਕਾਲਾ ਸਾਹਿਬ ਜਾਣ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਆਪਣੇ ਆਪ ਨੂੰ ਵਡਭਾਗਾ ਦੱਸਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਸ ਨੂੰ 'ਮਹਿਲਾ ਵਿਰੋਧੀ' ਕਰਾਰ ਦਿੱਤਾ ਅਤੇ ਮਹਿਲਾ ਰਾਖਵੇਂਕਰਨ ਬਿੱਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਵਿਰੋਧੀ ਧਿਰ ਵੱਲੋਂ ਖੰਡ ਦੇ ਭਾਅ ਵਧਣ ਨੂੰ ਲੈ ਕੇ ਲਗਾਏ ਗਏ 35 ਹਜ਼ਾਰ ਕਰੋੜ ਦੇ ਘੁਟਾਲੇ ਦੇ ਦੋਸ਼ਾਂ ਨੂੰ ਉਨ੍ਹਾਂ ਨੇ ਬੇਬੁਨਿਆਦ ਦੱਸਿਆ ਅਤੇ ਰਾਹੁਲ ਗਾਂਧੀ 'ਤੇ ਵੀ ਸਿਆਸੀ ਤਨਜ਼ ਕੱਸੇ।
ਰੱਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਇਸ ਵਾਰ ਭਾਜਪਾ ਵੱਲੋਂ ਪਹਿਲੀ ਵਾਰ ਆਪਣੀ ਵੱਖਰੀ ਰਾਜਨੀਤਿਕ ਸਟੇਜ ਸਜਾਈ ਗਈ ਹੈ। ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਤੋਂ ਹਰ ਸਾਲ ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਦੀ ਇਹ ਸਟੇਜ ਹਮੇਸ਼ਾ ਸਜੇਗੀ। ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਦੌਰਾਨ ਭਾਜਪਾ ਆਗੂ ਅਕਾਲੀ ਦਲ ਦੀ ਸਟੇਜ ਸਾਂਝੀ ਕਰਦੇ ਸਨ।
ਦੂਜੇ ਪਾਸੇ, ਜਿੱਥੇ ਭਾਜਪਾ ਆਗੂ ਬੀ.ਐੱਲ. ਸੰਤੋਸ਼ ਵੱਲੋਂ 117 ਸੀਟਾਂ 'ਤੇ ਇਕੱਲੇ ਚੋਣ ਲੜਨ ਦੀ ਗੱਲ ਕਹੀ ਗਈ ਸੀ, ਉੱਥੇ ਹੀ ਸੂਤਰਾਂ ਅਨੁਸਾਰ ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਦੀ ਮੁਲਾਕਾਤ ਤੋਂ ਬਾਅਦ ਮੁੜ ਗਠਜੋੜ ਦੀਆਂ ਚਰਚਾਵਾਂ ਛਿੜ ਪਈਆਂ ਹਨ। ਚਰਚਾ ਹੈ ਕਿ ਭਾਜਪਾ 70 ਅਤੇ ਅਕਾਲੀ ਦਲ 40 ਸੀਟਾਂ ਦੇ ਫਾਰਮੂਲੇ 'ਤੇ ਸਮਝੌਤਾ ਕਰ ਸਕਦੇ ਹਨ। ਆਪਣੇ ਦੌਰੇ ਦੌਰਾਨ ਸ਼ਿਵਰਾਜ ਸਿੰਘ ਚੌਹਾਨ ਬਾਬਾ ਬਕਾਲਾ ਸਾਹਿਬ ਵਿਖੇ 'ਕਿਸਾਨ ਚੌਪਾਲ' ਪ੍ਰੋਗਰਾਮ 'ਚ ਕਿਸਾਨਾਂ ਨਾਲ ਮੁਲਾਕਾਤ ਕਰਨਗੇ, ਜਿੱਥੇ ਕਿਸਾਨੀ ਮਸਲਿਆਂ 'ਤੇ ਕੋਈ ਵੱਡਾ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
- Download Babushahi App
-
-