ਓਵਰਡੋਜ ਨਾਲ ਨੌਜਵਾਨ ਦੀ ਮੌਤ
ਸਰਪੰਚ ਦਾ ਵੱਡਾ ਖੁਲਾਸਾ ਸ਼ਰੇਆਮ ਵਿਕਦਾ ਪਿੰਡ ਵਿੱਚ ਚਿੱਟਾ
ਕਮਲਜੀਤ ਸਿੰਘ
ਬਰਨਾਲਾ, 26 ਜੁਲਾਈ, 2025: ਮਹਿਲ ਕਲਾਂ ਦੇ ਪਿੰਡ ਚੰਨਣਵਾਲ 'ਚ ਇੱਕ 26 ਸਾਲਾ ਨੌਜਵਾਨ ਬੇਅੰਤ ਸਿੰਘ, ਜੋ ਕਿ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ, ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਘਟਨਾ ਨੇ ਪਿੰਡ 'ਚ ਨਸ਼ਿਆਂ ਦੀ ਸ਼ਰੇਆਮ ਵਿਕਰੀ ਦਾ ਮਾਮਲਾ ਮੁੜ ਸੁਰਖੀਆਂ 'ਚ ਲਿਆ ਦਿੱਤਾ ਹੈ।
ਪਰਿਵਾਰ ਅਤੇ ਸਰਪੰਚ ਵੱਲੋਂ ਵੱਡੇ ਖੁਲਾਸੇ
ਮ੍ਰਿਤਕ ਦੇ ਮਾਪਿਆਂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ 40-45 ਵਿਅਕਤੀ ਸ਼ਰੇਆਮ ਚਿੱਟਾ (ਹੈਰੋਇਨ) ਵੇਚਦੇ ਹਨ। ਪਿੰਡ ਦੀ ਪੰਚਾਇਤ ਵੀ ਇਸ ਵਿਸ਼ੇ 'ਤੇ ਕਈ ਵਾਰ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਚੁੱਕੀ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਿੰਡ ਦੇ ਸਰਪੰਚ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ।
ਪੁਲਿਸ ਦੀ ਜਾਂਚ ਜਾਰੀ
ਇਸ ਮਾਮਲੇ ਸੰਬੰਧੀ ਜਦੋਂ ਥਾਣਾ ਮਹਿਲ ਕਲਾਂ ਦੇ ਐਸਐਚਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਇਆ ਜਾਵੇਗਾ, ਉਸੇ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਘਟਨਾ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਪ੍ਰਕੋਪ ਅਤੇ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕਰਦੀ ਹੈ।