ਐਨਕਾਊਂਟਰ: ਮੋਟਰਸਾਈਕਲ ਸਵਾਰ ਨੂੰ ਨਾਕੇ ਤੇ ਰੁਕਣ ਦਾ ਕੀਤਾ ਇਸ਼ਾਰਾ ਤਾਂ ਚਲਾ ਦਿੱਤੀ ਗੋਲੀ, ਜਵਾਬੀ ਫਾਇਰਿੰਗ 'ਚ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 22 ਮਈ 2025 - ਗੁਰਦਾਸਪੁਰ ਦੇ ਕਲਾਨੌਰ ਥਾਣੇ ਅਧੀਨ ਪੈਂਦੇ ਪਿੰਡ ਦੋਸਤਪੁਰ ਨੇੜੇ ਪੁਲਿਸ ਅਤੇ ਇੱਕ ਸ਼ੱਕੀ ਅਪਰਾਧੀ ਵਿਚਕਾਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ, ਜਦੋਂ ਸ਼ੱਕੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੇ ਪਿਸਤੌਲ ਕੱਢੀ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਇਸ ਵਿਅਕਤੀ ਦਾ ਪਿੱਛਾ ਕੀਤਾ ਗਿਆ ਤਾਂ ਸ਼ੱਕੀ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ, ਜਵਾਬੀ ਗੋਲੀਬਾਰੀ ਵਿੱਚ ਸ਼ੱਕੀ ਜ਼ਖਮੀ ਹੋ ਗਿਆ। ਉਸ ਦੀ ਲੱਤ ਤੇ ਗੋਲੀ ਲੱਗੀ ਹੈ ਤੇ ਉਸਨੂੰ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੂਜੇ ਪਾਸੇ, ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਟੀਨ ਦੇ ਨਾਕੇ ਦੌਰਾਨ ਜਦੋਂ ਪਿੰਡ ਦੋਸਤਪੁਰ ਨੇੜੇ ਇੱਕ ਮੋਟਰਸਾਈਕਲ ਸਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਆਪਣੀ ਪਿਸਤੌਲ ਕੱਢ ਕੇ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਮਿਸ ਹੋ ਗਿਆ। ਜਦੋਂ ਪੁਲਿਸ ਪਾਰਟੀ ਨੇ ਉਸਦਾ ਪਿੱਛਾ ਕੀਤਾ ਤਾਂ ਉਸਨੇ ਦੁਬਾਰਾ ਗੋਲੀ ਚਲਾਈ ਜੋ ਪੁਲਿਸ ਦੀ ਗੱਡੀ ਤੇ ਲੱਗੀ ਪਰ ਜਵਾਬੀ ਗੋਲੀਬਾਰੀ ਦੌਰਾਨ ਭੱਜਦੇ ਬਦਮਾਸ਼ ਦੇ ਲੱਤ ਵਿੱਚ ਗੋਲੀ ਲੱਗ ਗਈ ਅਤੇ ਉਸਨੂੰ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਅਪਰਾਧੀ ਦੀ ਪਛਾਣ ਜਸਪਾਲ ਜੱਸੀ ਵਜੋਂ ਹੋਈ ਹੈ, ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ। ਫਿਲਹਾਲ ਇਹ ਖੁਲਾਸਾ ਕੀਤਾ ਗਿਆ ਹੈ ਕਿ ਜਖਮੀ ਕਿਹੜੀ ਕਿਹੜੀ ਵਾਰਦਾਤ ਵਿੱਚ ਸ਼ਾਮਿਲ ਹੈ ਤੇ ਕਿਹੜੇ ਗੈਂਗ ਨਾਲ ਇਸ ਦਾ ਸੰਬੰਧ ਹੈ ਪਰ ਜਲਦੀ ਹੀ ਇਸ ਬਾਰੇ ਪੁਲਿਸ ਵੱਲੋਂ ਖੁਲਾਸੇ ਕਰਨ ਦੀ ਉਮੀਦ ਹੈ।