ਈ.ਆਈ.ਐਸ.ਕੇ. ਨੇ ਨੈਸ਼ਨਲ ਬ੍ਰਿਜ ਚੈਂਪੀਅਨਸ਼ਿਪ ਟੀਮ ਖਿਤਾਬ ਜਿੱਤਿਆ
* ਅਨਿਲ ਭਰੀਹੋਕੇ ਅਤੇ ਆਰ.ਕੇ. ਗਰਗ ਡਬਲਜ਼ ਗਰੁੱਪ ਦੇ ਚੈਂਪੀਅਨ ਬਣੇ
ਚੰਡੀਗੜ੍ਹ, 25 ਮਈ 2025 - ਈ.ਆਈ.ਐਸ.ਕੇ. ਨੇ ਨੈਸ਼ਨਲ ਬ੍ਰਿਜ ਚੈਂਪੀਅਨਸ਼ਿਪ ਵਿੱਚ ਟੀਮ ਈਵੈਂਟ ਦਾ ਖਿਤਾਬ ਜਿੱਤਿਆ। ਅਨਿਲ ਭਰੀਹੋਕੇ ਅਤੇ ਆਰ.ਕੇ. ਗਰਗ ਦੀ ਜੋੜੀ ਡਬਲਜ਼ ਗਰੁੱਪ ਵਿੱਚ ਚੈਂਪੀਅਨ ਬਣੀ।
ਪੰਜਾਬ ਬ੍ਰਿਜ ਐਸੋਸੀਏਸ਼ਨ ਅਤੇ ਸਟੀਲ ਸਟ੍ਰਿਪਸ ਗਰੁੱਪ ਵੱਲੋਂ ਇੱਥੇ ਹੋਟਲ ਮਾਊਂਟਵਿਊ ਵਿਖੇ ਕਰਵਾਈ 13ਵੀਂ ਰਾਸ਼ਟਰੀ ਓਪਨ ਬ੍ਰਿਜ ਚੈਂਪੀਅਨਸ਼ਿਪ ਦੇ ਟੀਮ ਗਰੁੱਪ ਦੀਆਂ 8 ਟੀਮਾਂ ਸੁਪਰ ਲੀਗ ਵਿੱਚ ਪਹੁੰਚੀਆਂ। ਈ.ਆਈ.ਐਸ.ਕੇ. ਟੀਮ 89.30 ਅੰਕਾਂ ਨਾਲ ਚੈਂਪੀਅਨ ਬਣੀ ਜਦੋਂ ਕਿ ਸਟੀਲ ਸਟ੍ਰਿਪਸ ਟੀਮ 88.87 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਮਾਨਸਰੋਵਰ ਨੇ 82.87 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸ਼੍ਰੀ ਰਾਧੇ ਦੀ ਟੀਮ ਨੇ 67.24 ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।
ਡਬਲਜ਼ ਗਰੁੱਪ ਵਿੱਚ ਅਨਿਲ ਭਰੀਹੋਕੇ ਅਤੇ ਆਰਕੇ ਗਰਗ ਦੀ ਜੋੜੀ 891.17 ਅੰਕਾਂ ਨਾਲ ਜੇਤੂ ਰਹੀ ਅਤੇ ਰਾਮਕ੍ਰਿਸ਼ਨ ਮਜੂਮਦਾਰ ਅਤੇ ਭਾਸਕਰ ਸਰਕਾਰ ਦੀ ਜੋੜੀ 870.49 ਅੰਕਾਂ ਨਾਲ ਉਪ ਜੇਤੂ ਰਹੀ। ਕੇਆਰ ਵਿਜੇਨਾਦ ਸਿੰਘ ਅਤੇ ਪ੍ਰਦੀਪ ਸਿੰਘ ਦੀ ਜੋੜੀ ਨੇ 867.60 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸੌਮਦੀਪ ਘੋਸ਼ ਅਤੇ ਆਰੀਆ ਚੱਕਰਵਰਤੀ ਦੀ ਜੋੜੀ ਨੇ 857.81 ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।
ਟੀਮ ਈਵੈਂਟ ਵਿੱਚ ਪਹਿਲੇ ਚਾਰ ਸਥਾਨਾਂ ਉਤੇ ਆਈਆਂ ਟੀਮਾਂ ਨੂੰ ਕ੍ਰਮਵਾਰ ਇਕ ਲੱਖ ਰੁਪਏ, 75 ਹਜ਼ਾਰ ਰੁਪਏ, 60 ਹਜ਼ਾਰ ਰੁਪਏ ਅਤੇ 50 ਹਜ਼ਾਰ ਦਾ ਨਗਦ ਇਨਾਮ ਵੀ ਦਿੱਤਾ ਗਿਆ। ਇਸੇ ਤਰ੍ਹਾਂ ਡਬਲਜ਼ ਗਰੁੱਪ ਵਿੱਚ ਪਹਿਲੇ ਚਾਰ ਸਥਾਨਾਂ ਉਤੇ ਆਈਆਂ ਜੋੜੀਆਂ ਨੂੰ ਕ੍ਰਮਵਾਰ 50 ਹਜ਼ਾਰ ਰੁਪਏ, 45 ਹਜ਼ਾਰ ਰੁਪਏ, 40 ਹਜ਼ਾਰ ਰੁਪਏ ਤੇ 35 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।
ਪੰਜਾਬ ਬ੍ਰਿਜ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਕੇ.ਆਰ.ਲਖਨਪਾਲ, ਸਟੀਲ ਸਟ੍ਰਿਪਸ ਗਰੁੱਪ ਦੇ ਚੇਅਰਮੈਨ ਤੇ ਐਮ.ਡੀ. ਆਰ.ਕੇ. ਗਰਗ ਅਤੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਿਸਵਾਜੀਤ ਖੰਨਾ ਤੇ ਕੰਗਾਰੂ ਗਰੁੱਪ ਦੇ ਕ੍ਰਿਸ਼ਨ ਗੋਇਲ ਨੇ ਜੇਤੂ ਟੀਮਾਂ ਤੇ ਜੋੜੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਜੇਐਸ ਬਹਿਲ, ਅਰਵਿੰਦ ਗੁਪਤਾ ਅਤੇ ਦੁਰਗੇਸ਼ ਮਿਸ਼ਰਾ ਅਤੇ ਤਕਨੀਕੀ ਮਾਹਿਰ ਟੀ.ਸੀ. ਪੰਤ ਵੀ ਹਾਜ਼ਰ ਸਨ।