ਅਸ਼ਵਨੀ ਸ਼ਰਮਾ ਦੀ ਸੁਰੱਖਿਆ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਹੈਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ
ਮੁਲਾਜ਼ਮ ਦਾ ਸਾਥੀ ਗੁੱਜਰ ਸਮੁਦਾਇ ਦਾ ਵਿਅਕਤੀ ਵੀ ਆਇਆ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ, 6 ਸਤੰਬਰ 2025
ਦੀਨਾ ਨਗਰ ਥਾਣੇ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਇੱਕ ਗੁੱਜਰ ਸਮੂਦਾਇ ਦੇ ਵਿਅਕਤੀ ਨੂੰ ਨਾਕੇ ਦੌਰਾਨ 250 ਗ੍ਰਾਮ ਦੇ ਕਰੀਬ ਹੈਰੋਇਨ ਤੇ ਡੇਢ ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਗਿਰਫ਼ਤਾਰ ਪੁਲਿਸ ਮੁਲਾਜ਼ਮ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਵਿੱਚ ਤਨਾਤ ਹੋਇਆ ਸੀ ।
ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ ਦੀਨਨਗਰ ਰਜਿੰਦਰ ਮਨਹਾਸ ਨੇ ਦੱਸਿਆ ਕਿ ਪਿੰਡ ਬਰਿਆਰ ਲਾਗੇ ਨਾਕਾਬੰਦੀ ਦੌਰਾਨ ਇੱਕ ਸਵਿਫ਼ਟ ਕਾਰ ਚੋਂ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾਂ ਕੋਲੋਂ 262 ਗ੍ਰਾਮ ਹੈਰੋਇਨ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਪੁੱਛਗਿਛ ਜਾਰੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੋਸੀਆਂ ਦੀ ਪਹਿਚਾਣ ਅਭੀਜੀਤ ਕੁਮਾਰ ਪੁੱਤਰ ਅਸ਼ਵਣੀ ਕੁਮਾਰ ਵਾਸੀ ਪੱਖਰੀ ਜੰਡਿਆਲ ਥਾਣਾ ਨਰੋਟ ਪਠਾਨਕੋਟ ਅਤੇ ਆਸਮਦੀਨ ਪੁੱਤਰ ਮੁਰੀਦਦੀਨ ਵਾਸੀ ਪੰਡੋਰੀ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਵਜੋਂ ਹੋਈ ਹੈ। ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਇਹਨਾਂ ਤਸਕਰਾਂ ਦੇ ਫੜੇ ਜਾਣ ਤੋਂ ਬਾਅਦ ਵੱਡੇ ਨਸ਼ਾ ਤਸਕਰਾਂ ਦੀ ਪਹਿਚਾਨ ਕਰਨਾ ਆਸਾਨ ਹੋ ਜਾਵੇਗਾ । ਉਹਨਾਂ ਦੱਸਿਆ ਕਿ ਇਹ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸਐਸਪੀ ਗੁਰਦਾਸਪੁਰ ਸ੍ਰੀ ਅਦਿਤਿਆ ਦੀ ਅਗਵਾਈ ਵਿੱਚ ਚੱਲ ਰਹੇ ਆਪਰੇਸ਼ਨ ਦਾ ਇੱਕ ਹਿੱਸਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।