ਸੀ ਜੀ ਸੀ ਮੋਹਾਲੀ ਨੇ ਰਚਨਾਤਮਿਕਤਾ ਅਤੇ ਬੌਧਿਕ ਸੰਪਤਾ ਜਾਗਰੂਕਤਾ 'ਚ ਵਾਧਾ ਕਰਨ ਲਈ IPMC ਸੈੱਲ ਦੀ ਸ਼ੁਰੂਆਤ ਕੀਤੀ ਗਈ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 15 ਮਈ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਮੋਹਾਲੀ, ਝੰਜੇੜੀ ਵੱਲੋਂ ਇੰਟੈਲੈਕਚੁਅਲ ਪ੍ਰਾਪਰਟੀ ਮੈਨੇਜਮੈਂਟ ਐਂਡ ਕਮਰਸ਼ਲਾਈਜ਼ੇਸ਼ਨ ਆਈ ਪੀ ਐੱਮ ਸੀ ਸੈੱਲ ਦੀ ਸ਼ੁਰੂਆਤ ਕੀਤੀ। ਇਸ ਸੈਲ਼ ਨੂੰ ਸ਼ੁਰੂ ਕਰਨ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹੋਏ ਰਚਨਾਤਮਿਕ ਵਿਅਕਤੀਆਂ ਨੂੰ ਆਪਣੀ ਬੌਧਿਕ ਸੰਪਤਾ ਦੀ ਰੱਖਿਆ ਅਤੇ ਵਪਾਰੀਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਸੈੱਲ ਪੇਟੈਂਟ ਇਨਫਰਮੇਸ਼ਨ ਸੈਂਟਰ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ (ਪੀ ਐੱਸ ਸੀ ਐੱਸ ਟੀ ) ਦੇ ਸਹਿਯੋਗ ਨਾਲ ਵਿਗਿਆਨ ਅਤੇ ਟੈਕਨੌਲੋਜੀ ਵਿਭਾਗ, ਭਾਰਤ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਕਾਇਮ ਕੀਤਾ ਗਿਆ ਹੈ। ਇਸ ਦੌਰਾਨ ਉਦਘਾਟਨ ਸਮਾਗਮ ਵਿਚ ਇੰਜ. ਪ੍ਰਿਤਪਾਲ ਸਿੰਘ, ਮਾਣਯੋਗ ਐਗਜ਼ੀਕਿਊਟਿਵ ਡਾਇਰੈਕਟਰ, ਪੀ ਐੱਸ ਸੀ ਐੱਸ ਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਅਧਿਕਾਰਕ ਤੌਰ 'ਤੇ ਸੈੱਲ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਡਾ. ਦਪਿੰਦਰ ਕੌਰ ਬਖ਼ਸ਼ੀ, ਜੁਆਇੰਟ ਡਾਇਰੈਕਟਰ, ਪੀ ਐੱਸ ਸੀ ਐੱਸ ਟੀ , ਵਿਦਿਆ ਮੰਤਰਾਲੇ, ਉਦਯੋਗ ਵਿਭਾਗ ਅਤੇ ਵੱਖ-ਵੱਖ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇੰਜ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੌਧਿਕ ਸੰਪਤਾ ਇੱਕ ਗਿਆਨ ਅਧਾਰਿਤ ਅਰਥਵਿਵਸਥਾ ਦੀ ਨੀਂਹ ਹੈ ਅਤੇ ਇਹ ਸੈੱਲ ਨੌਜਵਾਨ ਖੋਜਕਰਤਾਵਾਂ ਅਤੇ ਨਵੀਤਮ ਖੋਜਾਂ ਨੂੰ ਆਪਣੀਆਂ ਵਿਚਾਰਧਾਰਾਵਾਂ ਨੂੰ ਵਾਸਤਵਿਕ ਰੂਪ ਦੇਣ ਵਿਚ ਸਹਾਇਕ ਸਾਬਤ ਹੋਵੇਗਾ। ਡਾ. ਦਪਿੰਦਰ ਕੌਰ ਨੇ ਆਈ ਪੀ ਸਿੱਖਿਆ ਦੀ ਮਹੱਤਤਾ 'ਤੇ ਰੌਸ਼ਨੀ ਪਾਈ।
ਸੀ ਜੀ ਸੀ ਝੰਜੇੜੀ ਦਾ ਇਹ ਆਈ ਪੀ ਐੱਮ ਸੀ ਸੈੱਲ ਇੱਕ ਸਮਰਪਿਤ ਪਲੇਟਫ਼ਾਰਮ ਵਜੋਂ ਕੰਮ ਕਰੇਗਾ ਜੋ ਪੇਟੈਂਟ, ਟ੍ਰੇਡਮਾਰਕ, ਕਾਪੀ-ਰਾਈਟ ਅਤੇ ਡਿਜ਼ਾਈਨ ਰਜਿਸਟ੍ਰੇਸ਼ਨ ਵਿਚ ਮਦਦ ਦੇਵੇਗਾ ਅਤੇ ਬੌਧਿਕ ਸੰਪਤਾ ਕਾਨੂੰਨਾਂ, ਨਵੀਨਤਾ ਨੀਤੀਆਂ ਅਤੇ ਵਪਾਰੀ ਸੰਭਾਵਨਾਵਾਂ ਬਾਰੇ ਰਹਿਨੁਮਾਈ ਪ੍ਰਦਾਨ ਕਰੇਗਾ। ਇਹ ਸੈੱਲ ਵਿਦਿਆਰਥੀਆਂ, ਅਧਿਆਪਕਾਂ ਅਤੇ ਉਦਯੋਗਪਤੀਆਂ ਲਈ ਵਰਕਸ਼ਾਪਾਂ, ਜਾਗਰੂਕਤਾ ਪ੍ਰੋਗਰਾਮ ਅਤੇ ਟਰੇਨਿੰਗ ਕੈਂਪਾਂ ਦਾ ਆਯੋਜਨ ਵੀ ਕਰੇਗਾ। ਇਹ ਅਕਾਦਮੀਆਂ ਅਤੇ ਉਦਯੋਗ ਦੇ ਵਿਚਕਾਰ ਦੀ ਖਾਈ ਨੂੰ ਪੂਰਾ ਕਰਦੇ ਹੋਏ, ਆਈ ਪੀ ਆਧਾਰਿਤ ਖੋਜ, ਉਤਪਾਦ ਵਿਕਾਸ ਅਤੇ ਤਕਨਾਲੋਜੀ ਟਰਾਂਸਫ਼ਰ ਨੂੰ ਉਤਸ਼ਾਹਿਤ ਕਰੇਗਾ।
ਐਮ ਡੀ ਅਰਸ਼ ਧਾਲੀਵਾਲ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪਹਿਲ ਉਮੀਦ ਹੈ ਕਿ ਇੱਕ ਵਿਚਾਰ ਤੋਂ ਨਵੀਨਤਾ ਤੱਕ ਦੇ ਸਫ਼ਰ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਏਗੀ। ਇਸ ਆਈ ਪੀ ਐਮ ਸੀ ਸੈੱਲ ਨਾਲ ਸੀ ਜੀ ਸੀ ਮੋਹਾਲੀ, ਝੰਜੇੜੀ ਆਪਣੇ ਆਪ ਨੂੰ ਖੋਜ, ਉਦਮਤਾ ਅਤੇ ਬੌਧਿਕ ਸਸ਼ਕਤੀਕਰਨ ਲਈ ਇੱਕ ਪ੍ਰੇਰਕ ਵਜੋਂ ਸਾਬਤ ਕਰ ਰਿਹਾ ਹੈ। ਇਹ ਸ਼ੁਰੂਆਤ ਸਥਾਨਕ ਅਤੇ ਰਾਸ਼ਟਰੀ ਨਵੀਨਤਾ ਢਾਂਚੇ ਵਿਚ ਇੱਕ ਮਹੱਤਵਪੂਰਨ ਯੋਗਦਾਨ ਅਤੇ ਸੰਸਥਾ ਦੀ ਉੱਤਮਤਾ ਵੱਲ ਯਾਤਰਾ ਵਿਚ ਇਕ ਨਵਾਂ ਪੰਨਾ ਜੋੜਦੀ ਹੈ।