
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2026 ਦੇ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਦਾ ਐਲਾਨ,
ਵੱਖ ਵੱਖ ਵੰਨਗੀਆਂ ਦੀਆਂ 07 ਸਰਵੋਤਮ ਪੁਸਤਕਾਂ ਨੂੰ ਪੰਜਾਬੀ ਮਾਹ ਦੌਰਾਨ ਪ੍ਰਦਾਨ ਕੀਤੇ ਜਾਣਗੇ ਪੁਰਸਕਾਰ
ਪਟਿਆਲਾ, 09 ਅਕਤੂਬਰ
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਪੁਸਤਕ ਪੁਰਸਕਾਰਾਂ ਤਹਿਤ ਵਿਭਾਗ ਵੱਲੋਂ ਸਰਵੋਤਮ ਹਿੰਦੀ ਅਤੇ ਉਰਦੂ ਪੁਸਤਕ ਪੁਰਸਕਾਰਾਂ (2026) ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ, ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ 2026 ਦੇ ਪੰਜਾਬੀ ਮਾਹ ਦੇ ਰਾਜ ਪੱਧਰੀ ਸਮਾਪਨ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਪਿਛਲੇ ਸਾਲ (2025) ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਹਿੰਦੀ ਤੇ ਉਰਦੂ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਅਤੇ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ। ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000/- ਦੇ ਨਾਲ-ਨਾਲ ਇਕ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਹ ਪੁਰਸਕਾਰ ਸਾਲ 2025 ‘ਚ ਛਪੀਆਂ ਹਿੰਦੀ ਤੇ ਉਰਦੂ ਭਾਸ਼ਾ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ 07 ਸਰਵੋਤਮ ਹਿੰਦੀ ਤੇ ਉਰਦੂ ਪੁਸਤਕਾਂ ਨੂੰ ਦਿੱਤੇ ਜਾਣਗੇ।
ਅੱਜ ਐਲਾਨੇ ਗਏ ਨਤੀਜਿਆਂ ਤਹਿਤ ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ਤਹਿਤ ਸੁਦਰਸ਼ਨ ਗਲਪ (ਨਾਵਲ/ਕਹਾਣੀ) ਪੁਰਸਕਾਰ, ਸ੍ਰੀ ਸੁਰੇਸ਼ ਹੰਸ ਦੀ ਪੁਸਤਕ “ਕਸਤੂਰੀ ਕੁੰਡਲ” ਨੂੰ, ਇੰਦਰਨਾਥ ਮਦਾਨ (ਆਲੋਚਨਾ/ਸੰਪਾਦਨ/ਗਿਆਨ/ਖੋਜ) ਪੁਰਸਕਾਰ ਡਾ. ਰਾਕੇਸ਼ ਪ੍ਰੇਮ ਦੀ ਪੁਸਤਕ ‘ਕਥਾਸ਼ਿਲਪੀ ਪ੍ਰੇਮਚੰਦ’ ਨੂੰ, ਬਾਬਾ ਫ਼ਤਹਿ ਸਿੰਘ (ਬਾਲ ਸਾਹਿਤ) ਪੁਰਸਕਾਰ ਡਾ. ਪੂਨਮ ਗੁਪਤਾ ਦੀ ਪੁਸਤਕ ‘ਨੰਨ੍ਹੇ ਕਦਮ ਬੜੀ ਬਾਤੇਂ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਇਕਾਂਗੀ/ਨਾਟਕ) ਪ੍ਰੋ. ਕਸ਼ਮੀਰ ਲੂਨਾ ਦੀ ਪੁਸਤਕ “ਜਨਕ” ਨੂੰ ਪ੍ਰਦਾਨ ਕੀਤਾ ਜਾਵੇਗਾ। ਸਰਵੋਤਮ ਉਰਦੂ ਪੁਸਤਕ ਪੁਰਸਕਾਰ ਤਹਿਤ ਹਾਫ਼ਿਜ਼ ਮਹਿਮੂਦ ਸ਼ੀਰਾਨੀ (ਤਨਕੀਦ)-2025, ਡਾ. ਡਾ. ਸਾਲਿਕ ਜਮੀਲ ਬਰਾੜ ਦੀ ਪੁਸਤਕ ‘ਉਰਦੂ ਮੇਂ ਅਦਬ-ਏ ਅਤਲਾਫ਼ ਕਾ ਮੰਜ਼ਰ- ਪਸ਼ੇ ਮੰਜ਼ਰ’ ਨੂੰ, ਸਾਹਿਰ ਲੁਧਿਆਣਵੀਂ ਸ਼ਾਇਰੀ ਪੁਰਸਕਾਰ ਹਰਭਜਨ ਸਿੰਘ ਤਸੱਵਰ ਦੀ ਪੁਸਤਕ “ਮਨ ਕੀਸਤਮ ਮਨ ਨੀਸਤਮ” ਨੂੰ, ਕਨ੍ਹਈਆ ਲਾਲ ਪੁਰਸਕਾਰ ਨਸਰ (ਵਾਰਤਕ) ਮਲਕੀਤ ਸਿੰਘ ਮਛਾਣਾ ਦੀ ਪੁਸਤਕ “ਚੁਟਕੀਆਂ” ਨੂੰ ਪ੍ਰਦਾਨ ਕੀਤਾ ਜਾਵੇਗਾ।
ਸ. ਜਸਵੰਤ ਸਿੰਘ ਜ਼ਫ਼ਰ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ।
ਤਸਵੀਰ: ਸਰਵੋਤਮ ਹਿੰਦੀ ਉਰਦੂ ਪੁਸਤਕ ਪੁਰਸਕਾਰ ਜੇਤੂ ਪੁਸਤਕਾਂ ਦੇ ਸਰਵਰਕ