'ਔੜ 'ਤੇ ਬਰਸਾਤ ' ਬਾਰੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਨਵੰਬਰ ,2026
ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ, ਵੱਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ ਸ਼ਾਇਰ ਗੁਰਦੀਪ ਸਿੰਘ ਸੈਣੀ ਦੇ ਪਲੇਠੇ ਗ਼ਜ਼ਲ ਸੰਗ੍ਰਹਿ 'ਔੜ 'ਤੇ ਬਰਸਾਤ ' ਬਾਰੇ ਵਿਚਾਰ ਚਰਚਾ ਅਤੇ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਡਾ.ਰਣਜੀਤ ਸਿੰਘ, ਪ੍ਰੋਫੈਸਰ ਬਲਜੀਤ ਸਿੰਘ ਬੱਲੀ, ਪ੍ਰਿੰਸੀਪਲ ਡਾ. ਹਰਭਜਨ ਸਿੰਘ ਕਰਨਾਣਾ ( ਭਾਰਤ ਵਿਭੂਸ਼ਣ), ਡਾਕਟਰ ਸੋਮਾ ਸਬਲੋਕ, ਗੁਰਦੀਪ ਸੈਣੀ ਸ਼ੁਸ਼ੋਬਤ ਸਨ | ਸਮਾਗਮ ਦੀ ਸ਼ੁਰੁਆਤ ਕਰਦਿਆਂ ਮੰਚ ਦੇ ਪ੍ਰਧਾਨ ਸੋਮਾ ਸਬਲੋਕ ਜੀ ਨੇ ਆਏ ਹੋਏ ਸਭ ਮਹਿਮਾਨਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਿਹਾ | ਉਨ੍ਹਾਂ ਵੱਲੋਂ ਮੰਚ ਦੇ ਉਦੇਸ਼ ਪ੍ਰਤੀ ਅਤੇ ਪਿਛਲੇ ਸਮੇਂ ਵਿੱਚ ਕੀਤੀ ਕਾਰਗੁਜਾ਼ਰੀ ਦਾ ਵੇਰਵਾ ਸਾਂਝਾ ਕੀਤਾ ਗਿਆ | ਡਾਕਟਰ ਸ਼ਮਸੇ਼ਰ ਮੋਹੀ ਹੋਰਾਂ ਨੇ ਪੁਸਤਕ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਵੱਲੋਂ ਨਿੱਜੀ ਗ਼ਮਾਂ ਨਾਲੋਂ ਸਮਾਜਿਕ ਮਸਲਿਆਂ ਨੂੰ ਤਰਜੀਹ ਦਿੱਤੀ ਗਈ ਹੈ | ਮਨੁੱਖੀ ਕਿਰਦਾਰ ਦੀ ਸੁੱਚਤਾ ਅਤੇ ਬੁਲੰਦੀ ਨੂੰ ਮਨੁੱਖ ਹੋਣ ਦੀ ਮੁੱਢਲੀ ਸ਼ਰਤ ਤਸਲੀਮ ਕਰਦਿਆਂ ਇਸ ਦੇ ਇਰਦ -ਗਿਰਦ ਆਪਣੇ ਵਿਚਾਰਾਂ ਦਾ ਤਾਣਾ ਬਾਣਾ ਬੁਣਦਾ ਹੈ | ਉਸਦਾ ਪ੍ਰਮੁੱਖ ਫਿ਼ਕਰ ਇਹ ਹੈ ਕਿ ਮਨੁੱਖੀ ਕਿਰਦਾਰ ਨੂੰ ਬਹੁਤ ਭਾਰੀ ਢਾਹ ਲਗ ਚੁੱਕੀ ਹੈ | ਉਸਨੂੰ ਆਪਣੇ ਆਲੇ-ਦੁਆਲੇ ਜ਼ਿਆਦਾਤਰ ਬੌਣੇ, ਖੋਖਲੇ, ਦਾਗੀ਼, ਕਪਟੀ ਕਿਰਦਾਰ ਨਜ਼ਰ ਆਉਂਦੇ ਹਨ | ਭਾਵ ਸਮੁੱਚਾ ਪ੍ਰਬੰਧ ਦੀ ਗਰਕ ਚੁੱਕਾ ਹੈ | ਸ.ਸੰਤ ਸਿੰਘ ਸੋਹਲ ਨੇ ਕਿਹਾ ਕਿ ਹੁਣ ਗ਼ਜ਼ਲ ਔਰਤਾਂ ਨਾਲ ਗੱਲਾਂ ਹੀ ਨਹੀਂ ਕਰਦੀ ਸਗੋਂ ਵਿਸ਼ਵਵਿਆਪੀ ਵਰਤਾਰਿਆਂ ਵਿੱਚ ਵਿਚਰਦੀ ਇੱਕ ਅੱਤ ਹੀ ਸੰਵੇਦਨਸੀ਼ਲ ਹਰਮਨ ਪਿਆਰੀ ਵਿਧਾ ਬਣ ਗਈ ਹੈ | ਇਸ ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਲੇਖਕ ਅਵਾਮ ਨੂੰ ਸੁਚੇਤ ਹੋਣ ਲਈ ਪ੍ਰੇਰਦਾ ਹੈ ਅਤੇ ਆਪਣੇ ਹਿੱਤਾਂ ਵਾਸਤੇ ਲੜਨ, ਖੜ੍ਹਨ ਦਾ ਹੋਕਾ ਦਿੰਦਾ ਹੈ |ਅੰਧਵਿਸ਼ਵਾਸ, ਮਜ਼ਹਬੀ ਜਨੂੰਨ, ਜਾਤ-ਪਾਤ ਦੀਆਂ ਘਾਤਕ ਚਾਲਾਂ ਖੇਡਣ ਵਾਲਿਆਂ ਖਿਲਾਫ਼ ਲੇਖਕ ਦੀ ਕਲਮ ਲੋਕਾਂ ਨੂੰ ਜਾਗਰੂਕ ਕਰ ਰੌਸ਼ਨੀ ਵੱਲ ਵਧਣ ਦੀ ਪ੍ਰੇਰਨਾ ਦਿੰਦੀ ਨਜ਼ਰ ਆਉਂਦੀ ਹੈ | ਜਿੱਥੇ ਹਰ ਮਨੁੱਖ ਦੇ ਹਿੱਤ ਮਹਿਫੂਜ਼ ਹੋਣ | ਪ੍ਰਿੰਸੀਪਲ ਡਾਕਟਰ ਰਣਜੀਤ ਸਿੰਘ ਹੋਰਾਂ ਪੰਜਾਬੀ ਸਾਹਿਤ ਨੂੰ ਪ੍ਰਫੁਲਿੱਤ ਕਰਨ ਲਈ ਕੀਤੇ ਜਾ ਰਹੇ ਕਾਰਜ ਲਈ ਸ਼ਲਾਘਾ ਕੀਤੀ | ਇਸ ਪਰਚੇ ਤੇ ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਡਾਕਟਰ ਕੁਲਦੀਪ ਕੌਰ, ਨਾਵਲਕਾਰ ਗੁਰਨਾਮ ਬਾਵਾ, ਡਾਕਟਰ ਗੁਰਨਾਮ ਸਿੰਘ ਕਨੇਡਾ, ਡਾ ਗੁਲਬਹਾਰ ਸਿੰਘ ਨੇ ਚਰਚਾ ਵਿੱਚ ਭਾਗ ਲਿਆ ਅਤੇ ਸਿਫ਼ਤ, ਸੁਝਾਵ ਅਤੇ ਅਲੋਚਨਾ ਦੇ ਪੱਖ ਤੋਂ ਵਿਚਾਰ ਪੇਸ਼ ਕੀਤੇ | ਸ਼ਾਇਰ ਗੁਰਦੀਪ ਸੈਣੀ ਨੇ ਸਮੁੱਚੀ ਚਰਚਾ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸ਼ਲਾਘਾ ਅਤੇ ਆਲੋਚਨਾ 'ਤੇ ਤਸੱਲੀ ਪ੍ਰਗਟਾਈ ਅਤੇ ਮੰਚ ਵੱਲੋਂ ਸਮਾਗਮ ਰਚਾਉਣ ਲਈ ਧੰਨਵਾਦ ਕੀਤਾ | ਸਮਾਪਤੀ ਤੇ ਪ੍ਰਿੰਸੀਪਲ ਡਾਕਟਰ ਹਰਭਜਨ ਸਿੰਘ ਕਰਨਾਣਾ(ਭਾਰਤ ਵਿਭੂਸ਼ਣ) ਹੋਰਨਾਂ ਨੇ ਸਾਰੇ ਮਹਿਮਾਨਾਂ,ਚਰਚਾ ਵਿੱਚ ਭਾਗ ਲੈਣ ਵਾਲਿਆਂ ,ਸਰੋਤਿਆਂ ਅਤੇ ਦੇ ਕਾਲਜ ਦੀ ਪ੍ਰਿੰਸੀਪਲ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ | ਇੰਜੀਨੀਅਰ ਜਸਵੀਰ ਸਿੰਘ ਮੋਰੋਂ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਬਾਖੂਬੀ ਨਿਭਾਈ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਸਾਹਿਤਕ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸੋਡੀ ਰਾਣਾ ਲਾਂਦੜਾ, ਜਸਵਿੰਦਰ ਭਟੋਆ,ਆਕਾਸ਼ ਵਿਰਦੀ, ਗੁਰਨਾਮ ਬਾਵਾ ਨਾਵਲਕਾਰ, ਸੁਰੇਸ਼ ਚੌਹਾਨ ਕਰਨਾਣਾ, ਦੀਪ ਜਗਤਪੁਰੀ, ਰਣਜੀਤ ਪੋਸੀ, ਸਾ਼ਮ ਸੁੰਦਰ ਪੋਸੀ, ਅਮਰਜੀਤ ਅਮਰੀ (ਪਾਲ ਕਦੀਮ), ਵਿਨੈ ਸ਼ਰਮਾ, ਮੈਡਮ ਰਜਨੀ ਸ਼ਰਮਾ, ਡਾਕਟਰ ਕੇਵਲ ਰਾਮ,ਦਲਵੀਰ ਮਾਹੀ,ਸਰਬਜੀਤ ਮੰਗੂਵਾਲ,ਸਤਪਾਲ ਸਾਹਲੋਂ, ਕੁਲਵਿੰਦਰ ਕੁੱਲਾ, ਨੂਰ ਕਮਲ,ਦੀਪ ਸੇ਼ਰਗਿੱਲ, ਗੁਰਕਰਨ ਪੱਦੀ, ਸੇਵਾ ਸਿੰਘ ਨੂਰਪੁਰੀ, ਬਲਜੀਤ ਕੌਰ ਝੁੱਟੀ ਆਦਿ ਨੇ ਸ਼ਮੂਲੀਅਤ ਕੀਤੀ |