ਕਿਤਾਬ ‘ਸੋਚਾਂ ਦੇ ਵਲਵਲਿਆਂ ਵਿਚੋ ਉੱਭਰੇ ਜਜ਼ਬਾਤ’ ਰਿਲੀਜ਼
ਮਨਪ੍ਰੀਤ ਕੌਰ ਸੋਢੀਆਂ ਦੀਆਂ ਕਹਾਣੀਆਂ ਨੂੰ ਸਲਾਹਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਸਤੰਬਰ, 2026
ਨਾਮਵਰ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਦੀ ਪੁਸਤਕ ‘ਸੋਚਾਂ ਦੇ ਵਲਵਲਿਆਂ ਵਿਚੋ ਉੱਭਰੇ ਜਜ਼ਬਾਤ’ ਰਿਲੀਜ਼ ਕੀਤੀ ਗਈ। ਇਹ ਰਸਮ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਐਮ ਐਸ ਕਰਨ ਹਸਪਤਾਲ ਬੰਗਾ, ਸਤਪਾਲ ਸਾਹਲੋਂ ਸੰਪਾਦਕ ਅਦਬੀ ਮਹਿਕ, ਦਵਿੰਦਰ ਸਕੋਹਪੁਰੀ ਪ੍ਰਧਾਨ ਨਵਜੋਤ ਸਾਹਿਤ ਸੰਸਥਾ ਔੜ ਅਤੇ ਸੁਰਜੀਤ ਮਜਾਰੀ ਸੰਸਥਾਪਕ ਸਮਾਜਿਕ ਸਾਂਝ ਸੰਸਥਾ ਬੰਗਾ ਨੇ ਸਾਂਝੇ ਤੌਰ ’ਤੇ ਨਿਭਾਈ।
ਇਹਨਾਂ ਪਤਵੰਤਿਆਂ ਨੇ ਉਕਤ ਕਿਤਾਬ ਅਤੇ ਇਸ ਦੇ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਕਿਹਾ ਕਿ ਇਹ ਕਿਤਾਬ ਸਮਾਜ ਅੰਦਰ ਪਰਿਵਾਰਕ, ਸਮਾਜਿਕ, ਰਾਜਸੀ ਅਤੇ ਅਧਿਆਤਮਕ ਤੌਰ ’ਤੇ ਪ੍ਰੀਵਰਤਤ ਹੋ ਰਹੀਆਂ ਪ੍ਰਸਿਥੀਆਂ ਦਾ ਢੁੱਕਵਾਂ ਅਨੁਵਾਦ ਹੈ। ਉਹਨਾਂ ਇਸ ਕਿਤਾਬ ਲਈ ਇਸ ਦੀ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਨੂੰ ਵਧਾਈ ਦਿੰਦਿਆਂ ਉਸ ਵਲੋਂ ਕਾਵਿ ਦੇ ਨਾਲ ਨਾਲ ਵਾਰਤਕ ਖੇਤਰ ਵਿੱਚ ਪਰਪੱਕ ਲਿਖਤਾਂ ਨੂੰ ਸਾਹਿਤਕ ਵਿਹੜੇ ਦਾ ਭਾਗ ਦੱਸਿਆ। ਉਹਨਾਂ ਕਿਹਾ ਕਿ ਲੇਖਿਕਾ ਦਾ ਅਧਿਆਪਨ ਖੇਤਰ ਵਿੱਚ ਵੱਡੇ ਪੱਧਰ ਦੀਆਂ ਉਪਲੱਬਧੀਆਂ ਕਰਨਾ ਵੀ ਸਨਮਾਨਯੋਗ ਹੈ।
ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਨੇ ਦੱਸਿਆ ਕਿ ਉਸ ਨੇ ਸਮਾਂ ਦਰ ਸਮਾਂ ਜਨ ਜੀਵਨ ਅੰਦਰ ਜਿਸ ਤਰ੍ਹਾਂ ਦੇ ਉਤਰਾਅ ਚੜਾਅ ਦੇਖਣ ਅਤੇ ਇਹਨਾਂ ’ਚੋਂ ਕਈਆਂ ਨੂੰ ਹੰਢਾਉਂਦਿਆਂ ਮਨ ’ਚ ਚਿਤਵੇ ਵਿਚਾਰਾਂ ਨੂੰ ਹੀ ਇਹਨਾਂ ਕਹਾਣੀਆਂ ਦਾ ਰੂਪ ਦਿੱਤਾ ਗਿਆ ਹੈ। ਉਹਨਾਂ ਆਪਣੀਆਂ ਲਿਖਤਾਂ ਬਾਰੇ ਪਾਠਕਾਂ ਨੂੰ ਨਿਰਪੱਖ ਰਾਏ ਬਣਾਉਣ ਦੀ ਅਪੀਲ ਵੀ ਕੀਤੀ ਅਤੇ ਨਵਜੋਤ ਸਾਹਿਤ ਸੰਸਥਾ ਔੜ ਨਾਲ ਜੁੜਣ ਤੋਂ ਬਾਅਦ ਮਿਲੇ ਉਤਸ਼ਾਹ ਲਈ ਧੰਨਵਾਦੀ ਸ਼ਬਦ ਵੀ ਸਾਂਝੇ ਕੀਤੇ।
ਮੰਚ ਦਾ ਸੰਚਾਲਨ ਡਾ. ਕੇਵਲ ਰਾਮ ਨਵਾਂ ਸ਼ਹਿਰ ਨੇ ਕੀਤਾ। ਇਸ ਮੌਕੇ ਸ਼ਾਇਰ ਗੁਰਨੇਕ ਸਿੰਘ ਸ਼ੇਰ, ਪ੍ਰਿੰ. ਰਾਮ ਕਿਸ਼ਨ ਕਟਾਰੀਆ, ਗਾਇਕ ਹਰੀ ਕ੍ਰਿਸ਼ਨ ਪਟਵਾਰੀ, ਗੀਤਕਾਰ ਦੇਸ ਰਾਜ ਬਾਲੀ, ਅਧਿਆਪਕ ਸ਼ਿਵ ਬਛੌੜੀ ਆਦਿ ਵੀ ਸ਼ਾਮਲ ਸਨ।
ਕੈਪਸ਼ਨ- ਮਨਪ੍ਰੀਤ ਕੌਰ ਸੋਢੀਆਂ ਦੀ ਕਿਤਾਬ ਰਿਲੀਜ਼ ਕਰਨ ਸਮੇਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ।