ਬਠਿੰਡਾ: ਸਲਾਨਾ ਕਲਾ ਮੇਲੇ ਦੌਰਾਨ ਕਲਾ ਖੇਤਰ ਦੀਆਂ ਪੰਜ ਸ਼ਖਸ਼ੀਅਤਾਂ ਦੀ ਸਨਮਾਨਿਤ ਕਰਨ ਦਾ ਫੈਸਲਾ
ਕ੍ਰਿਸ਼ਨ ਸਿੰਘ ਰਤੀਆ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ
ਅਸ਼ੋਕ ਵਰਮਾ
ਬਠਿੰਡਾ, 15 ਨਵੰਬਰ 2026: ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ 32ਵਾਂ ਸਾਲਾਨਾ ਕਲਾ ਮੇਲਾ 26 ਤੋਂ 29 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਾਲ ਦਾ ਕਲਾ ਮੇਲਾ ਪ੍ਰਸਿੱਧ ਪੰਜਾਬੀ ਚਿੱਤਰਕਾਰ ਸ. ਸੋਭਾ ਸਿੰਘ ਦੇ 125ਵੇਂ ਜਨਮ ਵਰ੍ਹੇ ਨੂੰ ਸਮਰਪਿਤ ਹੈ। ਇਸ ਮੌਕੇ ਵਿਸ਼ੇਸ਼ ਆਕਰਸ਼ਣ ਕਲਾ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਯੋਗਦਾਨ ਪਾ ਰਹੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਜਾਣ ਵਾਲੇ ਵੱਕਾਰੀ ਸਾਲਾਨਾ ਕਲਾ ਸਨਮਾਨ ਅਤੇ ਲਾਈਫਟਾਈਮ ਅਚੀਵਮੈਂਟ ਐਵਾਰਡ ਹੋਣਗੇ। ਸੋਸਾਇਟੀ ਵੱਲੋਂ ਇਸ ਸਾਲ ਦੇ ਸਨਮਾਨਾਂ ਲਈ ਚੁਣੀਆਂ ਗਈਆਂ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਾਲ ਲਾਈਫਟਾਈਮ ਅਚੀਵਮੈਂਟ ਐਵਾਰਡ ਲਈ ਸ੍ਰੀ ਕ੍ਰਿਸ਼ਨ ਸਿੰਘ ਰਤੀਆ ਦੀ ਚੋਣ ਕੀਤੀ ਗਈ ਹੈ। ਇਹ ਸਨਮਾਨ ਕਲਾ ਦੇ ਖੇਤਰ ਵਿੱਚ ਲੰਮੇ ਸਮੇਂ ਦੌਰਾਨ ਪਾਏ ਗਏ ਯੋਗਦਾਨ ਅਤੇ ਕਲਾ ਪ੍ਰਤੀ ਸਮਰਪਣ ਨੂੰ ਮਾਨਤਾ ਦੇਣ ਦਾ ਪ੍ਰਤੀਕ ਹੈ।
ਇਸੇ ਤਰ੍ਹਾਂ ਸਾਲਾਨਾ ਕਲਾ ਸਨਮਾਨਾਂ ਲਈ ਡਾ. ਗੁਰਦੀਪ ਕੌਰ ਲੁਧਿਆਣਾ, ਰਮਨਦੀਪ ਕੌਰ ਬਠਿੰਡਾ, ਗੁਰਪਿੰਦਰ ਧਾਲੀਵਾਲ ਮੁਕਤਸਰ, ਸ੍ਰੀ ਜਗਜੀਤ ਸਿੰਘ ਪਟਿਆਲਾ ਅਤੇ ਸ੍ਰੀ ਹਰੀਸ਼ ਵਰਮਾ ਜਲੰਧਰ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਨਮਾਨਾਂ ਰਾਹੀਂ ਕਲਾ ਦੇ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਅਤੇ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੱਤੀ ਜਾਵੇਗੀ।
ਸੁਸਾਇਟੀ ਦੇ ਪ੍ਰਧਾਨ ਮਿਥੁਨ ਮੰਡਲ ਨੇ ਦੱਸਿਆ ਕਿ ਸਾਲਾਨਾ ਕਲਾ ਸਨਮਾਨ ਸੋਸਾਇਟੀ ਦੀ ਇੱਕ ਮਹੱਤਵਪੂਰਨ ਪਰੰਪਰਾ ਹਨ। ਇਨ੍ਹਾਂ ਦਾ ਉਦੇਸ਼ ਸਿਰਫ਼ ਕਲਾਕਾਰਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਹੀ ਨਹੀਂ, ਸਗੋਂ ਸਮਾਜ ਵਿੱਚ ਕਲਾ ਅਤੇ ਕਲਾਕਾਰਾਂ ਦੇ ਯੋਗਦਾਨ ਨੂੰ ਉਭਾਰਨਾ, ਨਵੀਂ ਪੀੜ੍ਹੀ ਨੂੰ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਅਤੇ ਕਲਾ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਕਲਾਕਾਰਾਂ ਦੀ ਸਾਲਾਂ ਦੀ ਸਾਧਨਾ, ਸਿਰਜਣਾਤਮਕਤਾ ਅਤੇ ਸਮਰਪਣ ਦੀ ਜਨਤਕ ਪੱਧਰ 'ਤੇ ਕਦਰ ਕਰਨ ਦਾ ਇੱਕ ਅਹਿਮ ਮਾਧਿਅਮ ਹਨ।
ਕਲਾ ਮੇਲੇ ਦੌਰਾਨ ਚਾਰ ਰੋਜ਼ਾ ਕਲਾ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਤੋਂ ਲਗਭਗ 100 ਚਿੱਤਰਕਾਰ ਅਤੇ ਮੂਰਤੀਕਾਰ ਆਪਣੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕਰਨਗੇ। ਇਹ ਪ੍ਰਦਰਸ਼ਨੀ ਕਲਾ ਪ੍ਰੇਮੀਆਂ ਨੂੰ ਵੱਖ-ਵੱਖ ਕਲਾ ਸ਼ੈਲੀਆਂ, ਵਿਚਾਰਾਂ ਅਤੇ ਸਿਰਜਣਾਤਮਕ ਪ੍ਰਯੋਗਾਂ ਨਾਲ ਰੂਬਰੂ ਕਰਵਾਏਗੀ।
ਕਲਾ ਮੇਲੇ ਦੇ ਪਹਿਲੇ ਦਿਨ, 26 ਨਵੰਬਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਕਲਾ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਗਰੁੱਪ ਏ, ਅੱਠਵੀਂ ਤੋਂ ਦਸਵੀਂ ਜਮਾਤ ਤੱਕ ਲਈ ਗਰੁੱਪ ਬੀ ਅਤੇ ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਤੇ ਕਾਲਜ ਵਿਦਿਆਰਥੀਆਂ ਲਈ ਗਰੁੱਪ ਸੀ ਹੋਵੇਗਾ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਮਿਥੁਨ ਮੰਡਲ ਨੇ ਦੱਸਿਆ ਕਿ 32 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਇਹ ਕਲਾ ਮੇਲਾ ਕਲਾਕਾਰਾਂ, ਕਲਾ ਵਿਦਿਆਰਥੀਆਂ ਅਤੇ ਕਲਾ ਪ੍ਰੇਮੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਦਾ ਆ ਰਿਹਾ ਹੈ। ਸੋਸਾਇਟੀ ਦਾ ਮੁੱਖ ਉਦੇਸ਼ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਉੱਭਰ ਰਹੀ ਕਲਾਤਮਕ ਪ੍ਰਤਿਭਾ ਨੂੰ ਮੌਕੇ ਪ੍ਰਦਾਨ ਕਰਨਾ ਅਤੇ ਕਲਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹੈ।