ਸ਼੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਮਾਮਲੇ ਵਿੱਚ ਗੁਰਦਾਸਪੁਰ ਦਾ ਨੌਜਵਾਨ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 23 ਨਵੰਬਰ, 2026
ਰਾਜਸਥਾਨ ਦੇ ਸ਼੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਮਾਮਲੇ ਵਿੱਚ ਰਾਜਸਥਾਨ ਪੁਲਿਸ ਵੱਲੋਂ ਗੁਰਦਾਸਪੁਰ ਦੇ ਇੱਕ ਹੋਰ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੋ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਸ਼ਹੂਰ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਹੀ ਜੇਲ ਵਿੱਚ ਸੀ। ਹਰਪ੍ਰੀਤ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਸਤੰਬਰ ਮਹੀਨੇ ਵਿੱਚ ਦੁਬਈ ਤੋਂ ਵਾਪਸ ਆਪਣੇ ਪਿੰਡ ਪਰਤਿਆ ਸੀ ,ਉਸ ਨੇ ਪਿਛਲੇ ਮਹੀਨੇ 25 ਅਕਤੂਬਰ ਨੂੰ ਆਪਣੇ ਹੀ ਪਿੰਡ ਦੇ ਅਕਾਲੀ ਆਗੂ ਤੇ ਗੋਲੀ ਚਲਾ ਦਿੱਤੀ ਸੀ ਅਤੇ ਗੁਰਦਾਸਪੁਰ ਪੁਲਿਸ ਵੱਲੋਂ ਉਸ ਨੂੰ ਇਰਾਦਾ ਕਤਲ ਅਤੇ ਅਸਲਾ ਐਕਟ ਦੇ ਤਹਿਤ ਗਿਰਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ।
ਨੌਜਵਾਨ ਹਰਪ੍ਰੀਤ ਸਿੰਘ ਨੂੰ ਪ੍ਰੋਡਕਸ਼ਨ ਵਰੰਟ ਤੇ ਗ੍ਰਿਫਤਾਰ ਕਰਕੇ ਸ੍ਰੀ ਗੰਗਾਨਗਰ ਪੁਲਿਸ ਲੈ ਗਈ ਹੈ ਅਤੇ ਉਸ ਕੋਲੋਂ ਹੋਰ ਪੁੱਛਗਿਛ ਕਰ ਰਹੀ ਹੈ । ਦੋਸ਼ੀ ਦੇ ਪਾਕਿਸਤਾਨ ਕਨੈਕਸ਼ਨ ਵੀ ਸਾਹਮਣੇ ਆਉਣ ਦੀ ਗੱਲ ਸੀਨੀਅਰ ਅਧਿਕਾਰੀਆਂ ਵੱਲੋਂ ਕਹੀ ਜਾ ਰਹੀ ਹੈ। ਸੀਨੀਅਰ ਅਫਸਰਾਂ ਅਨੁਸਾਰ ਹਰਪ੍ਰੀਤ ਸਿੰਘ ਨੇ ਹੀ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਆਤੰਕੀ ਹੈਂਡਲਰ ਸ਼ਾਹ ਨੂੰ ਵਿਸਫੋਟ ਕੀਤੀ ਥਾਂ ਦੀ ਲੋਕੇਸ਼ਨ ਭੇਜੀ ਸੀ ਅਤੇ ਸ਼ਾਹ ਵੱਲੋਂ ਇਸ ਮਾਮਲੇ ਵਿੱਚ ਪਹਿਲਾ ਤੋਂ ਹੀ ਗ੍ਰਿਫਤਾਰ ਕੀਤੀ ਗਈ ਲੜਕੀ ਮਹਿਕਪ੍ਰੀਤ ਅਤੇ ਦੂਸਰੇ ਗ੍ਰਿਫਤਾਰ ਦਵਿੰਦਰ ਸਿੰਘ ਨੂੰ ਇਹ ਲੋਕੇਸ਼ਨ ਅੱਗੇ ਟਰਾਂਸਫਰ ਕੀਤੀ ਗਈ ਅਤੇ ਠੀਕ ਉਸ ਲੋਕੇਸ਼ਨ ਤੇ ਹੀ ਮਹਿਕ ਪ੍ਰੀਤ ਅਤੇ ਦਵਿੰਦਰ ਸਿੰਘ ਵੱਲੋਂ ਵਿਸਫੋਟ ਕੀਤਾ ਗਿਆ ਸੀ। ਜਾਣਕਾਰੀ ਮਿਲੀ ਹੈ ਕਿ ਹਰਪ੍ਰੀਤ ਸਿੰਘ ਦਵਿੰਦਰ ਸਿੰਘ ਦਾ ਸਕੂਲ ਦਾ ਸਾਥੀ ਸੀ ।
ਉੱਥੇ ਹੀ ਹਰਪ੍ਰੀਤ ਦੇ ਪਿਤਾ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਾ ਤਾਂ ਪਤਾ ਹੈ ਕਿ ਹਰਪ੍ਰੀਤ ਰਾਜਸਥਾਨ ਗਿਆ ਸੀ ਪਰ ਬੱਚੇ ਕੀ ਕਰਦੇ ਹਨ ਇਸ ਬਾਰੇ ਮਾਪਿਓ ਨੂੰ ਕਿੱਥੇ ਦੱਸਦੇ ਹਨ । ਉਨਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਏ ਕਿ ਹਰਪ੍ਰੀਤ ਸਿੰਘ ਦੀ ਸ੍ਰੀ ਗੰਗਾ ਨਗਰ ਬਲਾਸਟ ਹੋਏ ਥੇ ਕਿੰਨੀ ਕੂ ਭੂਮਿਕਾ ਹੈ ।
- Download Babushahi App
-
-