ਬਾਬੂਸ਼ਾਹੀ · ਲੜੀਵਾਰ ਨਾਵਲ
ਆਪੇ ਦੀ ਭਾਲ਼
Aape Di Bhaal ਰਛਪਾਲ ਸਹੋਤਾ
ਕਿਸ਼ਤ 6 — ਨਤੀਜਾ
ਸੋਮਵਾਰ, 23 ਨਵੰਬਰ 2026
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀਆਂ ਕਿਸ਼ਤਾਂ ਹਰ ਸੋਮਵਾਰ ਅਤੇ ਵੀਰਵਾਰ
ਪਿਛਲੀ ਕਿਸ਼ਤ ਵਿੱਚ
“ਜਾ ਤਾਂ ਰਿਹਾ ਸੀ, ਪਰ ਤੂੰ ਫ਼ਿਕਰ ਨਾ ਕਰ, ਮੈਂ ਸੋਮਵਾਰ ਜਾਵਾਂਗਾ, ਉਹਨੂੰ ਮਿਲਣ ਤੋਂ ਬਾਅਦ,” ਭਰੋਸਾ ਦਿਵਾ ਪ੍ਰੋਫੈਸਰ ਚਲਾ ਗਿਆ।
ਕਾਂਡ 5
ਮਾਰਚ ਮਹੀਨੇ ਦਾ ਅਖੀਰਲਾ ਸੋਮਵਾਰ ਸੀ, ਤੇ ਬੱਚਿਆਂ ਲਈ ਇਹ ਬਹੁਤ ਉਤਸ਼ਾਹ ਭਰਿਆ ਦਿਨ ਸੀ। ਅੱਜ ਉਹਨਾਂ ਨੇ ਅਗਲੀ ਜਮਾਤ ਵਿੱਚ ਹੋ ਜਾਣਾ ਸੀ ਤੇ ਫਿਰ ਪੂਰਾ ਹਫ਼ਤਾ ਛੁੱਟੀਆਂ ਸਨ। ਆਉਂਦੇ ਸੋਮਵਾਰ ਉਹ ਨਵੀਂਆਂ ਜਮਾਤਾਂ ਵਿੱਚ ਆਉਣਗੇ। ਸ਼ਾਨਦਾਰ ਸਵੇਰ ਸੀ ਤੇ ਸਕੂਲ ਖੁੱਲਣ ਦੀ ਘੰਟੀ ਹਾਲਾਂ ਨਹੀਂ ਸੀ ਵੱਜੀ। ਮਾਸਟਰ ਸੁਰਜੀਤ ਸਿੰਘ ਨਿੰਮ ਦੀ ਛਾਵੇਂ, ਅੱਖਾਂ ਮੀਟੀ ਠੰਢੀ ਹਵਾ ਦਾ ਅਨੰਦ ਮਾਣ ਰਿਹਾ ਸੀ ਕਿ ਉਹਨੇ ਇੱਕ ਵੱਡੇ ਬੰਦੇ ਦੀ ਪੈੜਚਾਲ, ਸਕੂਲ ਅੰਦਰ ਵੜੀ ਮਹਿਸੂਸ ਕੀਤੀ। ਉਹਨੇ ਅੱਖਾਂ ਖੋਲ੍ਹੀਆਂ ਤੇ ਆ ਰਹੇ ਪ੍ਰਾਹੁਣੇ ਨੂੰ ਵੇਖ ਹੈਰਾਨ ਹੋ ਗਿਆ—ਪ੍ਰੋਫੈਸਰ ਤਾਰਾ ਸਿੰਘ ਸੀ। ਪ੍ਰੋਫੈਸਰ ਤਾਰਾ ਸਿੰਘ ਦੀ ਪਿੰਡ ਵਿੱਚ ਕਾਫ਼ੀ ਇੱਜ਼ਤ ਸੀ। ਸੁਰਜੀਤ ਸਿੰਘ ਨੂੰ ਤਾਰਾ ਸਿੰਘ ਦੇ ਔਕਸਫੋਰਡ ਤੋਂ ਪੜ੍ਹੇ ਹੋਣ ਦਾ ਪਤਾ ਸੀ ਅਤੇ ਉਹ ਤਾਰਾ ਸਿੰਘ ਦੀ ਪਛਾਣ ਤੋਂ ਭਲੀ ਭਾਂਤ ਜਾਣੂੰ ਸੀ। ਤਾਰਾ ਸਿੰਘ ਨੇ ਸੋਹਣੇ ਪੜ੍ਹੇ ਲਿਖਿਆਂ ਵਾਲੇ ਕੱਪੜੇ ਪਾਏ ਸਨ—ਹਲਕੇ ਰੰਗ ਦੀ ਅੱਧੀਆਂ ਬਾਂਹਾਂ ਵਾਲੀ ਕਮੀਜ਼, ਉਹਦੀ ਸੋਹਣੀ ਬੰਨੀ ਪੱਗ ਨਾਲ ਮੇਲ ਖਾਂਦੀ ਸੀ, ਤੇ ਗਾੜ੍ਹੇ ਨੀਲੇ ਰੰਗ ਦੀ ਟਾਈ ਉਹਦੀ ਪੈਂਟ ਨਾਲ।
ਤਾਰਾ ਸਿੰਘ ਦੇ ਹੱਥ ਵਿੱਚ ਇੱਕ ਛੋਟੀ ਜਿਹੀ ਕਾਪੀ ਅਤੇ ਇੱਕ ਕਿਤਾਬ ਫੜੀ ਹੋਈ ਸੀ। ਉਹ ਪਹਿਲਾਂ ਕਦੀ ਸਕੂਲੇ ਨਹੀਂ ਸੀ ਆਇਆ ਤੇ ਇਸ ਅਚਾਨਕ ਬਣੀ ਸਥਿਤੀ ਨੇ ਸੁਰਜੀਤ ਸਿੰਘ ਅੰਦਰ ਇੱਕ ਅਣਸੁਖਾਵੀਂ ਨਿਮਰਤਾ ਲੈ ਆਂਦੀ। ਉਹ ਪ੍ਰੋਫੈਸਰ ਨੂੰ ਜੀ ਆਇਆਂ ਕਹਿਣ ਲਈ ਉੱਠ ਖਲੋਤਾ।
“ਸਤਿ ਸ੍ਰੀ ਅਕਾਲ, ਪ੍ਰੋਫੈਸਰ ਸਾਹਿਬ, ਜੀ ਆਇਆਂ ਨੂੰ ਸਾਡੇ ਸਕੂਲ ਆਉਣ ਲਈ। ਕਿਹੜੀ ਗੱਲ ਨੇ ਤੁਹਾਡੇ ਆਉਣ ਦਾ ਸਾਨੂੰ ਮਾਣ ਬਖ਼ਸ਼ਿਆ ਏ?” ਕਹਿੰਦਿਆਂ ਮਾਸਟਰ ਨੇ ਕੁਰਸੀ ਧੱਕ ਕੇ ਪ੍ਰੋਫੈਸਰ ਵੱਲ ਕਰ ਦਿੱਤੀ ਤੇ ਹੱਥ ਮਿਲਾਉਣ ਲਈ ਬਾਂਹ ਬਾਹਰ ਕੱਢੀ। ਪ੍ਰੋਫੈਸਰ ਨੇ ਹੱਥ ਮਿਲਾਇਆ ਅਤੇ ਕੁਰਸੀ ਤੇ ਬੈਠ ਗਿਆ।
“ਸਰਦਾਰ ਸੁਰਜੀਤ ਸਿੰਘ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮੇਰੇ ਕੋਲ ਬਹੁਤਾ ਟਾਈਮ ਨਹੀਂ; ਮੈਂ ਜਿੰਨੀ ਛੇਤੀ ਹੋ ਸਕੇ ਚੰਡੀਗੜ੍ਹ ਲਈ ਰਵਾਨਾ ਹੋਣਾ ਹੈ,” ਬਿਨਾਂ ਕੋਈ ਫ਼ਾਲਤੂ ਗੱਲ ਕਰਦਿਆਂ ਪ੍ਰੋਫੈਸਰ ਨੇ ਕਿਹਾ।
ਪ੍ਰੋਫੈਸਰ ਦੀ ਆਵਾਜ਼ ਵਿਚਲਾ ਰੁੱਖਾਪਣ ਸੁਰਜੀਤ ਸਿੰਘ ਨੂੰ ਟੁੰਬ ਗਿਆ। “ਹਾਂ ਜੀ ਦੱਸੋ ਪ੍ਰੋਫੈਸਰ ਸਾਹਿਬ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ,” ਉਹਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ, ਤੇ ਗਹੁ ਨਾਲ ਪ੍ਰੋਫੈਸਰ ਵੱਲ ਵੇਖਣ ਲੱਗਾ।
“ਮੈਨੂੰ ਪਤਾ ਲੱਗਾ ਏ ਕਿ ਤੁਸੀਂ ਤੇਜਾ ਸਿੰਘ ਦੇ ਬੇਟੇ ਨੂੰ ਪਹਿਲੀ ਜਮਾਤ ਵਿੱਚ ਹੀ ਰੱਖਣ ਦਾ ਫ਼ੈਸਲਾ ਕਰੀ ਬੈਠੇ ਹੋ।“
ਸੁਰਜੀਤ ਸਿੰਘ ਕੁਰਸੀ ਤੇ ਬੈਠਾ ਹੀ ਕਸਮਿਸਾਇਆ। ਚੱਲੀ ਆਉਂਦੀ ਪਿਰਤ ਮੁਤਾਬਕ, ਪਹਿਲੀ ਜਮਾਤ ਦਾ ਹਰ ਵਿਦਿਆਰਥੀ ਜਿਹੜਾ ਛੇ ਮਹੀਨੇ ਤੋਂ ਸਕੂਲ ਆ ਰਿਹਾ ਹੋਵੇ, ਅਗਲੀ ਜਮਾਤ ਵਿੱਚ ਹੋ ਜਾਂਦਾ ਸੀ। ਉਹਨੂੰ ਲੱਗਾ ਕਿ ਉਸ ਪਿਰਤ ਨੂੰ ਤੋੜਨ ਕਰਕੇ ਪ੍ਰੋਫੈਸਰ ਉਹਨੂੰ ਝਿੜਕਣ ਆਇਆ ਹੈ।
“ਪ੍ਰੋਫੈਸਰ ਸਾਹਿਬ, ਮੇਰਾ ਵਿਚਾਰ ਹੈ ਕਿ ਉਹ ਬੱਚਾ ਅਜੇ ਅਗਲੀ ਜਮਾਤ ਵਿੱਚ ਜਾਣ ਜੋਗਾ ਨਹੀਂ। ਉਹ ਕਾਇਦਾ ਵੀ ਨਹੀਂ ਪੜ੍ਹ ਸਕਦਾ। ਅਸੀਂ ਪਹਿਲੀ ਜਮਾਤ ਵਾਲਿਆਂ ਤੋਂ ਉਮੀਦ ਕਰਦੇ ਹਾਂ ਕਿ ਉਹ ਘੱਟੋ ਘੱਟ ਦਸ ਤੀਕਰ ਪਹਾੜੇ ਯਾਦ ਕਰ ਲੈਣ, ਪਰ ਉਹਨੂੰ ਤੇ, ਦੋ ਦੂਣੀ ਕੀ ਹੁੰਦਾ ਏ, ਇਹ ਵੀ ਨਹੀਂ ਪਤਾ,” ਸੁਰਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ।
“ਤੁਸੀਂ ਗ਼ੁੱਸਾ ਤੇ ਨਹੀਂ ਕਰੋਗੇ ਜੇਕਰ ਕੁੱਝ ਮਿੰਟਾਂ ਲਈ ਆਪਾਂ ਜੱਗੀ ਨੂੰ ਐਥੇ ਬੁਲਾ ਲਈਏ?”
“ਕਿਉਂ?” ਸੁਰਜੀਤ ਸਿੰਘ ਖਿਝ ਕੇ ਬੋਲਿਆ। ਆਖਰ ਉਹਨੇ ਇਹ ਫ਼ੈਸਲਾ ਬੱਚੇ ਦੀ ਭਲਾਈ ਲਈ ਹੀ ਤਾਂ ਲਿਆ ਸੀ।
“ਕਿਉਂਕਿ ਮੈਂ ਬੱਚੇ ਨੂੰ ਜਾਣਦਾ ਹਾਂ, ਅਤੇ ਮੈਂ ਤੁਹਾਡੇ ਫ਼ੈਸਲੇ ਨਾਲ ਸਹਿਮਤ ਨਹੀਂ। ਇਹ ਤਾਂ ਜਾਇਜ਼ ਹੀ ਹੈ ਨਾ ਕਿ ਆਪਾਂ ਦੋਵੇਂ ਉਹਨੂੰ ਇਕੱਠਿਆਂ ਪਰਖ ਲਈਏ?”
ਸੁਰਜੀਤ ਸਿੰਘ ਨੇ ਇਸ ਬਿਨ ਬੁਲਾਏ ਮਹਿਮਾਨ ਵੱਲ ਕੌੜੀ ਅੱਖ ਨਾਲ ਝਾਕਿਆ।
ਪ੍ਰੋਫੈਸਰ ਮਾਸਟਰ ਦੇ ਗ਼ੁੱਸੇ ਨੂੰ ਭਾਂਪ ਗਿਆ।
“ਸਰਦਾਰ ਸਾਹਿਬ, ਮੈਂ ਤੁਹਾਡਾ ਅਪਮਾਨ ਕਰਨ ਲਈ ਨਹੀਂ ਆਇਆ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਆਪਣੇ ਸਾਰੇ ਵਿਦਿਆਰਥੀਆਂ ਦਾ ਭਲਾ ਚਾਹੁੰਦੇ ਹੋ। ਪਰ ਜਿਹੜੀ ਗੱਲ ਮੈਨੂੰ ਪ੍ਰੇਸ਼ਾਨ ਕਰ ਰਹੀ ਹੈ ਉਹ ਇਹ ਕਿ ਆਪਾਂ ਦੋਵੇਂ, ਇੱਕੋ ਬੱਚੇ ਨੂੰ ਐਨਾ ਵੱਖਰੀ ਵੱਖਰੀ ਤਰਾਂ ਕਿਉਂ ਵੇਖ ਰਹੇ ਹਾਂ ਅਤੇ ਇਹਦਾ ਕੀ ਕਾਰਨ ਹੋ ਸਕਦਾ ਹੈ।“
“ਸੋ ਤੁਸੀਂ ਇਹ ਕਹਿ ਰਹੇ ਹੋ ਕਿ ਮੇਰੀ ਪਰਖ ਗ਼ਲਤ ਹੈ,” ਮਾਸਟਰ ਸਖ਼ਤ ਸ਼ਬਦਾਂ ਚ ਬੋਲਿਆ,” ਠੀਕ ਹੈ, ਮੈਂ ਉਹਨੂੰ ਬੁਲਾ ਲੈਂਦਾ ਹਾਂ।“
ਪਹਿਲੀ ਜਮਾਤ ਥੋੜ੍ਹੀ ਦੂਰੀ ਤੇ ਬੈਠੀ ਸੀ। ਸੁਰਜੀਤ ਸਿੰਘ ਨੇ ਜਮਾਤ ਵੱਲ ਵੇਖ ਕੇ ਜੱਗੀ ਨੂੰ ਵਾਜ ਮਾਰੀ ਤੇ ਜੱਗੀ ਉੱਠ ਕੇ ਉਹਨਾਂ ਕੋਲ ਆ ਗਿਆ।
“ਹੈਲੋ, ਜੱਗੀ ਬੇਟੇ,” ਪ੍ਰੋਫੈਸਰ ਨੇ ਕਿਹਾ।
ਜੱਗੀ ਨੇ ਮੂੰਹ ਉੱਤੇ ਚੁੱਕ ਕੇ ਪ੍ਰੋਫੈਸਰ ਵੱਲ ਵੇਖਿਆ, ਪਰ ਝੱਟ ਨਜ਼ਰ ਥੱਲੇ ਕਰ ਲਈ ਤੇ ਆਪਣੀਆਂ ਉਂਗਲਾਂ ਨਾਲ ਖੇਡਣ ਲੱਗ ਪਿਆ।
“ਬੇਟੇ ਕੀ ਤੂੰ ਮਾਸਟਰ ਜੀ ਨੂੰ ਵਿਖਾ ਸਕਦਾ ਏਂ ਜੋ ਆਪਾਂ ਉਸ ਦਿਨ ਕੀਤਾ ਸੀ?” ਕਹਿੰਦਿਆਂ ਤਾਰਾ ਸਿੰਘ ਨੇ ਕਾਪੀ ਅਤੇ ਬਾਲ-ਪੁਆਇੰਟ ਪੈੱਨ ਜੱਗੀ ਵੱਲ ਸਰਕਾ ਦਿੱਤਾ। ਜੱਗੀ ਚੁੱਪ ਚਾਪ, ਬਿਨਾਂ ਹਿੱਲੇ ਜੁੱਲੇ ਖੜ੍ਹਾ ਰਿਹਾ।
“ਜੱਗੀ ਬੇਟੇ, ਜੋ ਮੈਂ ਸਵਾਲ ਪੁੱਛਾਂਗਾ, ਉਹਦਾ ਜਵਾਬ ਐਥੇ ਲਿਖ ਦੇਵੀਂ, ਠੀਕ?” ਪ੍ਰੋਫੈਸਰ ਨੇ ਕਿਹਾ ਤੇ ਜੱਗੀ ਨੇ ਹਾਂ ਵਿੱਚ ਸਿਰ ਹਿਲਾਇਆ।
“ਦਾਹੋ ਦਾਹੀ ਕਿੰਨਾ ਹੁੰਦਾ ਏ?”
ਬਿਨਾਂ ਸੋਚੇ ਜੱਗੀ ਨੇ ਸੌ ਲਿਖ ਦਿੱਤਾ। ਪ੍ਰੋਫੈਸਰ ਪੁੱਛਦਾ ਗਿਆ, ਛੇ ਆਠਾ, ਨੌ ਨੌਆਂ, ਪੰਜ ਚੌਕਾ, ਤਿੰਨ ਨਾਇਆਂ, ਅਤੇ ਜੱਗੀ ਸਾਰੇ ਜਵਾਬ, ਇਕ ਦਮ ਠੀਕ ਲਿਖਦਾ ਗਿਆ। ਸੁਰਜੀਤ ਸਿੰਘ ਚੁੱਪ ਕਰੀ ਵੇਖ ਰਿਹਾ ਸੀ।
“ਪੰਦਰੋ ਪੰਦਰੀਆ ਕੀ ਹੁੰਦਾ ਏ?” ਪ੍ਰੋਫੈਸਰ ਨੇ ਪੁੱਛਿਆ।
“ਅਸੀਂ ਇਹਨਾਂ ਨੂੰ ਪਹਾੜੇ ਦਸ ਤੀਕਰ ਹੀ ਸਿਖਾਉਂਦੇ ਹਾਂ,” ਸੁਰਜੀਤ ਸਿੰਘ ਨੇ ਟੋਕਿਆ।
“ਸ਼ੀ...,” ਪ੍ਰੋਫੈਸਰ ਨੇ ਆਪਣੇ ਮੂੰਹ ਤੇ ਉਂਗਲ ਰੱਖਦਿਆਂ ਮਾਸਟਰ ਨੂੰ ਚੁੱਪ ਕਰਾਇਆ।
ਜੱਗੀ ਨੇ ਇੱਕ ਪਲ ਲਈ ਪਾਸੇ ਵੇਖਿਆ ਤੇ 225 ਲਿਖ ਦਿੱਤਾ। ਬਿਨਾਂ ਸੋਚੇ ਕਿ ਜੋ ਉਹ ਪੁੱਛ ਰਿਹਾ ਸੀ ਸੌਖਾ ਸੀ ਜਾਂ ਔਖਾ, ਪ੍ਰੋਫੈਸਰ ਉਹਨੂੰ ਵੀਹ ਤੀਕਰ ਦੇ ਸਾਰੇ ਪਹਾੜੇ ਪੁੱਛਦਾ ਗਿਆ ਅਤੇ ਬਿਨਾਂ ਗ਼ਲਤੀ ਕੀਤਿਆਂ, ਜੱਗੀ ਸਾਰੇ ਜਵਾਬ ਸਹੀ ਲਿਖਦਾ ਗਿਆ।
ਪ੍ਰੋਫੈਸਰ ਨੇ ਚਕਾਚੌਂਧ ਹੋਏ ਮਾਸਟਰ ਵਾਲ ਕਰਾਰੀ ਨਜ਼ਰ ਸੁੱਟੀ। “ਚੰਗਾ ਹੁਣ ਉਹ ਲਿਖ ਜੋ ਮੈਂ ਬੋਲਾਂਗਾ,” ਉਹਨੇ ਜੱਗੀ ਵੱਲ ਵੇਖਦਿਆਂ ਕਿਹਾ। ਫਿਰ ਉਸ ਨੇ ਪੰਜਾਬੀ ਦੀ ਕਹਾਣੀਆਂ ਵਾਲੀ ਕਿਤਾਬ, ਜੋ ਉਹ ਨਾਲ ਲੈ ਕੇ ਆਇਆ ਸੀ, ਵਿਚੋਂ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਜੱਗੀ ਇੱਕ ਇੱਕ ਸ਼ਬਦ ਬਿਨਾਂ ਗ਼ਲਤੀ ਕੀਤਿਆਂ ਲਿਖਣ ਲੱਗਾ।
“ਚੰਗਾ ਬੇਟੇ, ਬੱਸ, ਹੁਣ ਤੂੰ ਆਪਣੀ ਸੀਟ ਤੇ ਵਾਪਸ ਜਾ,” ਪ੍ਰੋਫੈਸਰ ਨੇ ਜੱਗੀ ਦਾ ਸਿਰ ਪਲੋਸਦਿਆਂ ਕਿਹਾ ਤੇ ਉਹ ਚਲਾ ਗਿਆ।
ਮਾਸਟਰ ਨੇ ਭਮੱਤਰਿਆਂ ਵਾਂਗ ਪ੍ਰੋਫੈਸਰ ਵੱਲ ਵੇਖਿਆ।
“ਸਰਦਾਰ ਸੁਰਜੀਤ ਸਿੰਘ ਜੀ, ਕੀ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਉਹਨੂੰ ਪਹਿਲੀ ਜਮਾਤ ਵਿੱਚ ਰੱਖਣ ਦਾ ਫ਼ੈਸਲਾ ਕੀ ਸੋਚ ਕੇ ਲਿਆ ਹੈ?”
ਮਾਸਟਰ ਕੋਲ ਕੋਈ ਜਵਾਬ ਨਹੀਂ ਸੀ। “ਮੈਂ ਇਹ ਮੰਨ ਕੇ ਤੁਰਦਾ ਹਾਂ ਕਿ ਤੁਸੀਂ ਇਹ ਫ਼ੈਸਲਾ ਇਸ ਕਰਕੇ ਨਹੀਂ ਲਿਆ ਹੋਣਾ ਕਿ ਉਹ ਕੀਰਿਆਂ ਦਾ ਮੁੰਡਾ ਹੈ,” ਪ੍ਰੋਫੈਸਰ ਨੇ ਕਿਹਾ।
ਪ੍ਰੋਫੈਸਰ ਦੀ ਤਰਕ, ਸੁਰਜੀਤ ਸਿੰਘ ਨੂੰ ਵਲੂੰਧਰ ਗਈ।
“ਪ੍ਰੋਫੈਸਰ ਸਾਹਿਬ, ਨਹੀਂ, ਉਹਨੇ ਹੱਥ ਜੋੜਦਿਆਂ ਕਿਹਾ, ਇਹ ਬੇਇੱਜ਼ਤੀ ਮੈਂ ਨਹੀਂ ਕਰਵਾ ਸਕਦਾ। ਮੈਂ ਥਾਂ ਮਰ ਜਾਂ, ਜੇ ਕਿਸੇ ਵਿਦਿਆਰਥੀ ਨਾਲ ਉਹਦੀ ਜਾਤ ਕਰਕੇ ਵਿਤਕਰਾ ਕਰਾਂ।“ ਮਾਸਟਰ ਦੀ ਥਿੜਕਦੀ ਆਵਾਜ਼ ਵਿੱਚ ਗੱਚ ਭਰ ਆਇਆ ਸੀ।
“ਪਰ ਮੈਂ ਦੱਸਣਾ ਚਾਹਾਂਗਾ,” ਸੁਰਜੀਤ ਸਿੰਘ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਮੈਂ ਇੱਥੇ ਇਕੱਲਾ ਟੀਚਰ ਹਾਂ ਤੇ ਮੈਨੂੰ ਪੰਜਾਂ ਜਮਾਤਾਂ ਦੀ ਸੰਭਾਲ ਕਰਨੀ ਪੈਂਦੀ ਹੈ। ਉਤਲੀਆਂ ਦੋਵੇਂ ਜਮਾਤਾਂ ਮੇਰਾ ਬਹੁਤਾ ਟਾਈਮ ਲੈ ਜਾਂਦੀਆਂ ਨੇ। ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਮੈਨੂੰ ਵੱਡੇ ਵਿਦਿਆਰਥੀਆਂ ਦੀ ਮਦਦ ਲੈਣੀ ਪੈਂਦੀ ਹੈ। ਮੇਰੇ ਕੋਲ ਵਕਤ ਨਹੀਂ ਹੁੰਦਾ ਕਿ ਮੈਂ ਇਕੱਲੇ ਇਕੱਲੇ ਨੂੰ ਨਿੱਜੀ ਤਵੱਜੋ ਦੇ ਸਕਾਂ। ਸਭ ਤੋ ਵੱਡੀ ਗੱਲ ਤਾਂ ਇਹ ਹੈ ਕਿ ਇਹ ਬੱਚਾ ਆਪਣੀ ਗੱਲ ਸਮਝਾ ਨਹੀਂ ਸਕਦਾ।“
“ਮੈਨੂੰ ਤੇ ਲੱਗਦਾ ਏ ਉਹ ਆਪਣੀ ਗੱਲ, ਆਪਾਂ ਨੂੰ ਚੰਗੀ ਤਰਾਂ ਸਮਝਾ ਗਿਆ ਏ। ਕੀ ਤੁਸੀਂ ਸਹਿਮਤ ਨਹੀਂ? ਉਹਨੂੰ ਹੱਕ ਪੈਂਦੀ ਹੈ, ਅਤੇ ਜਦੋਂ ਦੂਜੇ ਬੱਚੇ ਉਸ ਦੇ ਬੋਲਣ ਤੇ ਹੱਸਣਾ ਸ਼ੁਰੂ ਕਰ ਦਿੰਦੇ ਨੇ ਤਾਂ ਉਹ ਸ਼ਰਮਾ ਕੇ ਚੁੱਪ ਕਰ ਜਾਂਦਾ ਏ,” ਪ੍ਰੋਫੈਸਰ ਨੇ ਕਿਹਾ। “ਜੇ ਮੈਂ ਉਹਦਾ ਟੀਚਰ ਹੁੰਦਾ ਤਾਂ ਮੈਂ ਉਹਨੂੰ ਸਿੱਧਾ ਤੀਜੀ ਜਮਾਤ ਵਿੱਚ ਕਰ ਦੇਣਾ ਸੀ। ਮੈਂ ਸ਼ਰਤ ਨਾਲ ਕਹਿ ਸਕਦਾ ਹਾਂ ਕਿ ਉਸ ਜਮਾਤ ਵਿੱਚ ਵੀ ਉਹ ਬਹੁਤਿਆਂ ਨਾਲ਼ੋਂ ਵੱਧ ਜਾਣਦਾ ਹੋਵੇਗਾ।“
ਸੁਰਜੀਤ ਸਿੰਘ ਚੁੱਪ ਰਿਹਾ।
“ਸਰਦਾਰ ਸਾਹਿਬ, ਹੁਣ ਮੈਨੂੰ ਜਾਣਾ ਚਾਹੀਦਾ ਏ,” ਪ੍ਰੋਫੈਸਰ ਨੇ ਗੱਲ ਮੁਕਾਉਂਦਿਆਂ ਕਿਹਾ, “ਪਰ ਤੁਸੀਂ ਸਮਝ ਗਏ ਹੋਵੋਗੇ ਕਿ ਮੈਨੂੰ ਤੁਹਾਡੇ ਕੋਲ ਆਉਣ ਦੀ ਲੋੜ ਕਿਉਂ ਪੈ ਗਈ। ਆਹ ਮੈਂ ਤੁਹਾਡੇ ਕੋਲ ਹੀ ਛੱਡ ਜਾਵਾਂਗਾ,” ਉੱਠਣ ਵੇਲੇ ਉਹਨੇ ਨਾਲ ਲਿਆਂਦੀ ਕਾਪੀ ਅਤੇ ਕਿਤਾਬ ਵੱਲ ਇਸ਼ਾਰਾ ਕਰਦਿਆਂ ਕਿਹਾ। ਸੁਰਜੀਤ ਸਿੰਘ ਨੇ ਕੁੱਝ ਨਾ ਕਿਹਾ ਤੇ ਨਾ ਹੀ ਉਹ ਪ੍ਰੋਫੈਸਰ ਨਾਲ ਹੱਥ ਮਿਲਾਉਣ ਲਈ ਉੱਠਿਆ।
ਪ੍ਰੋਫੈਸਰ ਦੇ ਜਾਣ ਤੋਂ ਬਾਅਦ ਸੁਰਜੀਤ ਸਿੰਘ ਕੁਰਸੀ ਤੋਂ ਉੱਠਿਆ ਅਤੇ ਸੋਚਾਂ ਚ ਖੁੱਭਾ ਵਿਹੜੇ ਦੇ ਚੱਕਰ ਲਾਉਣ ਲੱਗਾ। ਪਹਾੜੇ ਨਾ ਸੁਣਾਉਣ ਕਰਕੇ, ਜਾਂ ਨਾ ਪੜ੍ਹ ਸਕਣ ਕਰਕੇ ਜੱਗੀ ਦੇ ਹਰ ਰੋਜ਼ ਮੁਰਗ਼ਾ ਬਣਨ ਦਾ ਦ੍ਰਿਸ਼ ਉਹਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ। ਉਹਨੇ ਆਪਣੀ ਤੀਜੀ ਜਮਾਤ ਬਾਰੇ ਸੋਚਿਆ; ਉਹਨਾਂ ਚੋਂ ਤਾਂ ਕੀ, ਬਹੁਤੇ ਚੌਥੀ ਜਮਾਤ ਵਾਲੇ ਵੀ ਸੋਲ੍ਹਾਂ ਤੋਂ ਅੱਗੇ ਪਹਾੜੇ ਨਹੀਂ ਸਨ ਜਾਣਦੇ।
ਉਹਨੇ ਬੱਚਿਆਂ ਵੱਲ ਵੇਖਿਆ ਜੋ ਨਤੀਜੇ ਸੁਣਨ ਦੀ ਤਾਂਘ ਵਿੱਚ ਉਤਸੁਕ ਬੈਠੇ ਸਨ। ਉਹਦੀ ਨਿਗਾਹ ਜੱਗੀ ਤੇ ਰੁਕੀ ਅਤੇ ਉਹਨੇ ਜੱਗੀ ਨੂੰ ਆਪਣੇ ਕੋਲ ਬੁਲਾ ਲਿਆ।
“ਪੁੱਤਰ ਇੱਕ ਕੰਮ ਕਰੇਂਗਾ?” ਜੱਗੀ ਨੇ ਹਾਂ ਵਿੱਚ ਸਿਰ ਹਿਲਾਇਆ। “ਇਸ ਵਰਕੇ ਤੇ ਲਿਖ ਕਿ ਤੂੰ ਸਕੂਲੋਂ ਘਰੇ ਜਾ ਕੇ ਕੀ ਕਰਦਾ ਹੁੰਦਾ ਏਂ। ਜੋ ਤੇਰੇ ਮਨ ਚ ਆਉਂਦਾ ਏ ਲਿਖ ਦੇਵੀਂ। ਮੈਂ ਇਹ ਤੇਰੀਆਂ ਗ਼ਲਤੀਆਂ ਦੇਖਣ ਲਈ ਨਹੀਂ ਲਿਖਵਾ ਰਿਹਾ,” ਉਹਨੇ ਜੱਗੀ ਦੇ ਮੂਹਰੇ ਇੱਕ ਕਾਪੀ ਤੇ ਪੈਨਸਿਲ ਕਰਦਿਆਂ ਕਿਹਾ। “ਇਸ ਕਾਪੀ ਦਾ ਇੱਕ ਪੂਰਾ ਸਫ਼ਾ ਭਰ ਦੇ।“
ਜੱਗੀ ਨੇ ਕਾਪੀ ਤੇ ਪੈਨਸਿਲ ਫੜੀ, ਪਰ ਕੁੱਝ ਨਾ ਲਿਖਿਆ। ਉਹ ਇੱਕ ਅਜੀਬ ਜਿਹੀ ਉਲਝਣ ਵਿੱਚ ਪੈ ਗਿਆ ਲਗਦਾ ਸੀ। “ਕੋਈ ਗੱਲ ਨਹੀਂ ਪੁੱਤਰ, ਮੈਂ ਤਾਂ ਸਿਰਫ ਇਹ ਵੇਖਣਾ ਹੈ ਕਿ ਤੂੰ ਕਿੰਨਾ ਹੁਸ਼ਿਆਰ ਏਂ। ਕਾਹਲ ਕਰਨ ਦੀ ਲੋੜ ਨਹੀਂ, ਹੌਲੀ ਹੌਲੀ ਸੋਚ ਕੇ ਲਿਖੀਂ। ਮੈਂ ਨੰਬਰ ਦੋ ਜਾਣਾ ਹੈ, ਥੋੜ੍ਹੀ ਦੇਰ ਚ ਵਾਪਸ ਆਵਾਂਗਾ,” ਕਹਿਕੇ ਸੁਰਜੀਤ ਸਿੰਘ ਬਾਹਰ ਚਲਾ ਗਿਆ।
ਜਦੋਂ ਉਹ ਵਾਪਸ ਪਰਤਿਆ ਤਾਂ, ਪੈਨਸਿਲ ਵਿੱਚੇ ਅੜਿੰਗੀ, ਕਾਪੀ ਮੇਜ਼ ਤੇ ਪਈ ਸੀ। ਸੁਰਜੀਤ ਸਿੰਘ ਨੇ ਕਾਪੀ ਖੋਲੀਵਿੱਚ ਲਿਖਿਆ ਸੀ:
‘ਪਹਿਲਾਂ ਮਾਂ ਮੈਨੂੰ ਘੁੱਟ ਕੇ ਜੱਫੀ ਪਾਉਂਦੀ ਹੈ। ਉਹ ਮੈਨੂੰ ਦੁੱਧ ਦੇ ਗਲਾਸ ਨਾਲ ਇੱਕ ਬਿਸਕੁਟ ਦਿੰਦੀ ਹੈ। ਉਹ ਬਾਪੂ ਜੀ ਲਈ ਚਾਹ ਬਣਾਉਂਦੀ ਹੈ ਅਤੇ ਅਸੀਂ ਖੇਤਾਂ ਨੂੰ ਜਾਂਦੇ ਹਾਂ। ਮੇਰਾ ਬਾਪੂ ਜੀ ਚਾਹ ਪੀਂਦਾ ਹੈ। ਮੈਂ ਝਾੜੀਆਂ ਤੋਂ ਬੇਰ ਤੋੜਨ ਜਾਂਦਾ ਹਾਂ। ਮੈਂ ਬਾਪੂ ਜੀ ਦੇ ਮੋਢਿਆਂ ਤੇ ਚੜ ਜਾਂਦਾ ਹਾਂ ਤੇ ਅਸੀਂ ਗੱਡੇ ਤੇ ਬੈਠ ਜਾਂਦੇ ਹਾਂ। ਅਸੀਂ ਘਰ ਜਾਂਦੇ ਹਾਂ। ਮੇਰਾ ਬਾਪੂ ਜੀ ਰੋਟੀ ਖਾਂਦਾ ਹੈ। ਮੇਰੀ ਮਾਂ ਰੋਟੀ ਖਾਂਦੀ ਹੈ। ਮੈਂ ਇੱਕ ਅੰਡਾ, ਤੇ ਇੱਕ ਰੋਟੀ ਦਾਲ ਨਾਲ ਖਾਂਦਾ ਹਾਂ। ਮੈਂ ਫੇਰ ਦੁੱਧ ਪੀਂਦਾ ਹਾਂ। ਮੇਰੀ ਮਾਂ ਮੈਨੂੰ ਪੜ੍ਹ ਕੇ ਸੁਣਾਉਂਦੀ ਹੈ। ਮੈਂ ਮਾਂ ਨੂੰ ਪੜ੍ਹ ਕੇ ਸੁਣਾਉਂਦਾ ਹਾਂ। ਮਾਂ ਮੈਨੂੰ ਘੁੱਟ ਕੇ ਜੱਫੀ ਪਾਉਂਦੀ ਹੈ। ਉਹ ਮੈਨੂੰ ਕਹਾਣੀ ਸੁਣਾਉਂਦੀ ਹੈ। ਮੈਂ ਸੌਂ ਜਾਂਦਾ ਹਾਂ। ਬੱਸ।‘
ਸੁਰਜੀਤ ਸਿੰਘ ਬੈਠ ਕੇ ਵਿਚਾਰ ਕਰਨ ਲੱਗਾ। ਮੈਂ ਮਾਂ ਨੂੰ ਪੜ੍ਹ ਕੇ ਸੁਣਾਉਂਦਾ ਹਾਂ, ਫ਼ਿਕਰਾ ਉਹਦੇ ਦਿਮਾਗ਼ ਵਿੱਚ ਗੇੜੀਆਂ ਦੇ ਰਿਹਾ ਸੀ—ਇਸੇ ਕਰਕੇ ਮੁੰਡਾ ਬਾਕੀਆਂ ਤੋਂ ਐਨਾ ਅੱਗੇ ਹੈ, ਉਹਨੇ ਸੋਚਿਆ।
ਹੁਣ ਉਹ ਨਤੀਜੇ ਸੁਣਾਉਣ ਲਈ ਤਿਆਰ ਸੀ। ਉਸ ਨੇ ਬੱਚਿਆਂ ਨੂੰ ਇਕੱਤਰ ਕਰ ਲਿਆ ਅਤੇ ਉਹ ਆਕੇ ਆਪਣੀ ਆਪਣੀ ਜਮਾਤ ਅਨੁਸਾਰ ਕਤਾਰਾਂ ਵਿੱਚ ਬੈਠ ਗਏ। ਉਸ ਨੇ ਪੰਜਵੀਂ ਜਮਾਤ ਤੋਂ ਸ਼ੁਰੂ ਕਰਕੇ, ਤਰਤੀਬਵਾਰ ਨਤੀਜੇ ਸੁਣਾਉਣੇ ਸ਼ੁਰੂ ਕਰ ਦਿੱਤੇ।
ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀ ਪਾਸ ਸਨ। ਇੱਕ ਨੂੰ ਛੱਡ ਕੇ ਚੌਥੀ ਵਾਲੇ ਸਾਰੇ ਪਾਸ ਹੋ ਗਏ। ਸਾਰੇ ਦੂਜੀ, ਤੀਜੀ ਵਾਲੇ ਪਾਸ ਹੋ ਗਏ ਸਨ। ਹਰੇਕ ਜਮਾਤ ਦੇ ਨਤੀਜੇ ਸੁਣਾਉਣ ਤੋਂ ਬਾਅਦ ਤਾੜੀਆਂ ਵੱਜਦੀਆਂ ਗਈਆਂ।
ਫੇਰ ਉਸ ਨੇ ਪਹਿਲੀ ਜਮਾਤ ਵੱਲ ਵੇਖਿਆ ਤੇ ਕਿਹਾ, “ਤੁਸੀਂ ਸਾਰੇ ਪਾਸ ਹੋ ਗਏ।“ ਫੇਰ ਤਾੜੀਆਂ ਵੱਜੀਆਂ।
ਅਤੇ ਜਗਜੀਤ ਸਿੰਘ, ਉਹਨੇ ਜੱਗੀ ਵੱਲ ਵੇਖਦਿਆਂ ਕਿਹਾ, “ਤੂੰ ਤੀਜੀ ਜਮਾਤ ਵਿੱਚ ਹੋ ਗਿਆ ਏਂ।“
ਜੱਗੀ ਨੇ ਆਲ਼ੇ ਦੁਆਲ਼ੇ ਵੇਖਿਆ ਜਿਵੇਂ ਮਾਸਟਰ ਜੀ ਕਿਸੇ ਹੋਰ ਦੀ ਗੱਲ ਕਰ ਰਹੇ ਹੋਣ। ਸਾਰੇ ਚੁੱਪ ਸਨ—ਸਕੂਲ ਮੁਰਗ਼ਾ ਬਾਕੀਆਂ ਦੇ ਉੱਤੋਂ ਇੱਕ ਸਾਲ ਦੀ ਟਪੂਸੀ ਕਿਵੇਂ ਲਾ ਗਿਆ?
“ਅੱਜ ਲਈ ਇਹੋ ਸੀ ਬੱਚਿਓ। ਹੁਣ ਛੁੱਟੀ ਹੈ, ਘਰ ਜਾਓ।”
“ਸਿਫਾਰਸ਼,” ਇੱਕ ਹੌਲੀ ਜਿਹੀ ਆਵਾਜ਼ ਆਈ। ਇਹ ਬਲਬੀਰ ਸੀ, ਬੰਤੇ ਦਾ ਵੱਡਾ ਭਰਾ ਜਿਹੜਾ ਸਕੂਲੋਂ ਜਾ ਰਹੀ ਪੰਜਵੀਂ ਜਮਾਤ ਵਿੱਚ ਸੀ।
“ਪ੍ਰੋਫੈਸਰ ਦੀ ਸਿਫਾਰਸ਼ ਹੈ—ਕੀਰਾ-ਬੇਲੀ ਪ੍ਰੋਫੈਸਰ ਦੀ ਇਹਦੇ ਬਾਪੂ ਨਾਲ ਆੜੀ ਹੈ।“
ਅਗਲਾ ਸੋਮਵਾਰ ਮਾਸਟਰ ਸੁਰਜੀਤ ਸਿੰਘ ਲਈ ਸੁਖਾਵਾਂ ਨਹੀਂ ਸੀ। ਪ੍ਰੋਫੈਸਰ ਦੀ ਸਕੂਲ ਫੇਰੀ ਦੀ ਖ਼ਬਰ ਪਿੰਡ ਵਿੱਚ ਫੈਲ ਚੁੱਕੀ ਸੀ। ਮਾਸਟਰ ਦੇ ਕਾਰਨਾਮੇ ਪਿੱਛੇ ਉਹਨਾਂ ਨੂੰ ਭਾਈ-ਭਤੀਜਾਵਾਦ ਤੋਂ ਵਧ ਕੇ ਕੋਈ ਹੋਰ ਕਾਰਨ ਨਹੀਂ ਸੀ ਦਿਸ ਰਿਹਾ। ਜੱਗੀ ਦੀ ਨਜਾਇਜ਼ ਤਰੱਕੀ ਤੇ ਅੱਗ ਬਬੂਲਾ ਹੋਇਆ, ਬੰਤੇ ਦਾ ਪਿਓ ਸੁੱਖਾ, ਮਾਸਟਰ ਕੋਲ ਆ ਧਮਕਿਆ। ਜੱਗੀ ਦੇ ਇੱਕ ਸਾਲ ਅੱਗੇ ਕਰਨ ਨਾਲ, ਉਹਦੇ ਪੁੱਤਰ ਦਾ ਨਿਰਾਦਰ ਜੂ ਹੋਇਆ ਸੀ। ਉਹਨੇ ਮੰਗ ਰੱਖੀ ਕਿ ਬੰਤਾ ਤੇ ਜੱਗੀ ਇੱਕੋ ਜਮਾਤ ਵਿੱਚ ਹੋਣੇ ਚਾਹੀਦੇ ਹਨ, ਜਿਸ ਦਾ ਮਤਲਬ ਸੀ ਕਿ ਜਾਂ ਤਾਂ ਸੁਰਜੀਤ ਸਿੰਘ ਜੱਗੀ ਨੂੰ ਵਾਪਸ ਦੂਜੀ ਜਮਾਤ ਵਿੱਚ ਕਰੇ, ਤੇ ਜਾਂ ਫੇਰ ਬੰਤੇ ਨੂੰ ਵੀ ਤੀਜੀ ਜਮਾਤ ਵਿੱਚ ਕਰੇ। ਬੰਤਾ, ਜੱਗੀ ਨਾਲੋਂ, ਜੋ ਸਕੂਲ ਵਿੱਚ ਸਭ ਤੋਂ ਨਕਾਰਾ ਮੁੰਡਾ ਸੀ, ਤੇ ਬੋਲ ਵੀ ਨਹੀਂ ਸੀ ਸਕਦਾ, ਕਿਤੇ ਵੱਧ ਹੁਸ਼ਿਆਰ ਸੀ।
ਸੁੱਖਾ ਪੈਸੇ ਬੰਨਿਓਂ ਕਾਫ਼ੀ ਸੌਖਾ ਸੀ, ਪਿੰਡ ਚ ਉਹਦੀ ਵਾਹਵਾ ਠੁੱਕ ਸੀ, ਤੇ ਉਹ ਪਿੰਡ ਦਾ ਸਰਪੰਚ ਸੀ। ਉਹਨੂੰ ਭਾਵੇਂ ਪ੍ਰੋਫੈਸਰ ਦੇ ਅਸਰ ਰਸੂਖ ਦਾ ਭਲੀ ਭਾਂਤ ਪਤਾ ਸੀ, ਪਰ ਪ੍ਰੋਫੈਸਰ ਹੁਣ ਸ਼ਹਿਰ ਵਿੱਚ ਰਹਿੰਦਾ ਸੀ, ਅਤੇ ਸੁੱਖਾ ਉਹਨੂੰ ਪਿੰਡੋਂ ਬਾਹਰ ਦਾ ਹੀ ਗਿਣਦਾ ਸੀ। ਕੋਈ ਬਾਹਰੋਂ ਆਕੇ, ਇੱਕ ਹੀਣ-ਜਾਤ ਦੇ ਮੁੰਡੇ ਨੂੰ, ਪਿੰਡ ਦੇ ਸਰਪੰਚ ਦੇ ਮੁੰਡੇ ਤੋਂ ਮੂਹਰੇ ਕਰ ਦੇਵੇ, ਕੀ ਇਹ ਬਰਦਾਸ਼ਤ ਕਰਨ ਵਾਲੀ ਗੱਲ ਸੀ? ਉਹ ਅੱਜ ਮਿੱਥ ਕੇ ਆਇਆ ਸੀ ਕਿ ਮਾਸਟਰ ਦੇ ਫ਼ੈਸਲੇ ਨੂੰ ਬਦਲ ਕੇ ਹੀ ਛੱਡੇਗਾ।
“ਜਿਹੜਾ ਗੌਰਮਿੰਟ, ਦਲਿਤਾਂ ਨੂੰ ਨੌਕਰੀਆਂ ਦੇ ਕੇ ਸਾਡੇ ਨਾਲ ਧੱਕਾ ਕਰ ਰਹੀ ਐ, ਕੀ ਉਹ ਘੱਟ ਐ? ਤੇ ਹੁਣ ਆਹ? ਓਸ ਕੀਰੇ-ਆਸ਼ਕ ਪ੍ਰੋਫੈਸਰ ਦੇ ਇਸ਼ਾਰੇ ਤੇ ਤੂੰ ਇੱਕ ਕੀਰੇ ਨੂੰ ਸਾਡੇ ਮੁੰਡਿਆਂ ਤੋਂ ਅੱਗੇ ਕਰ ਰਿਹਾ ਏਂ। ਤੇਰਾ ਮਤਲਬ ਐ ਬਈ ਸਾਡੇ ਮੁੰਡਿਆਂ ਦੀਆਂ ਡਿਗਰੀਆਂ ਪੂਰੀਆਂ ਹੋਣ ਤੋ ਪਹਿਲਾਂ ਈ, ਇਹ ਹੀਣ ਜਾਤਾਂ ਨੌਕਰੀਆਂ ਸਾਂਭ ਲੈਣ?”
ਸੁਰਜੀਤ ਸਿੰਘ ਨੇ ਸੁੱਖੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਸੁੱਖੇ ਨੂੰ ਬਹੁਤ ਸਾਲਾਂ ਤੋਂ ਜਾਣਦਾ ਸੀ ਤੇ ਉਹਨੂੰ ਪਤਾ ਸੀ ਇਹੋ ਜਿਹੇ ਮੌਕੇ ਤੇ ਉਹਨੂੰ ਕਿਵੇਂ ਸ਼ਾਂਤ ਕਰਨਾ ਹੈ। ਪਰ ਅੱਜ ਉਹਦੀਆਂ ਦਲੀਲਾਂ ਸੁੱਖੇ ਤੇ ਕੋਈ ਅਸਰ ਨਹੀਂ ਸਨ ਕਰ ਰਹੀਆਂ। ਇਹ ਸੋਚ ਕੇ ਕਿ ਉਹਨਾਂ ਦੀ ਬਹਿਸ ਬੱਚਿਆਂ ਸਾਹਮਣੇ ਤਮਾਸ਼ਾ ਨਾ ਬਣੇ, ਉਹ ਸੁੱਖੇ ਨੂੰ ਸਕੂਲੋਂ ਬਾਹਰ ਲੈ ਤੁਰਿਆ। ਜੋ ਕਿਤਾਬ ਤੇ ਕਾਪੀ ਪ੍ਰੋਫੈਸਰ ਛੱਡ ਕੇ ਗਿਆ ਸੀ, ਸੁਰਜੀਤ ਸਿੰਘ ਨੇ ਨਾਲ ਚੁੱਕ ਲਈ।
“ਸਰਦਾਰ ਸੁੱਖਾ ਸਿੰਘ ਜੀ, ਇੱਕ ਟੀਚਰ ਦੇ ਬਤੌਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਹਰੇਕ ਵਿਦਿਆਰਥੀ ਨੂੰ ਉਸ ਜਮਾਤ ਵਿੱਚ ਰੱਖਿਆ ਜਾਵੇ ਜਿੱਥੇ ਉਸ ਦੀ ਮਾਨਸਿਕ ਯੋਗਤਾ ਇਜਾਜ਼ਤ ਦਿੰਦੀ ਹੈ। ਤੇਜੇ ਦੇ ਮੁੰਡੇ ਨੇ ਜਿੰਨਾ ਦੂਜੀ ਜਮਾਤ ਵਿੱਚ ਸਿੱਖਣਾ ਹੈ ਉਸ ਤੋਂ ਕਿਤੇ ਵੱਧ ਉਹ ਪਹਿਲਾਂ ਹੀ ਜਾਣਦਾ ਹੈ। ਮੈਂ ਉਹਨੂੰ ਖ਼ੁਦ ਅਜ਼ਮਾ ਕੇ ਵੇਖਿਆ ਹੈ ਤੇ ਉਹਦਾ ਤੀਜੀ ਜਮਾਤ ਵਿੱਚ ਹੋਣਾ, ਬਣਦਾ ਹੀ ਹੈ।“
“ਇਹ ਚਾਨਣਾ ਤੈਨੂੰ ਪ੍ਰੋਫੈਸਰ ਦੇ ਗੇੜਾ ਮਾਰਨ ਤੋਂ ਬਾਅਦ ਹੋਇਆ ਲਗਦਾ ਏ, ਸੁੱਖਾ ਤੇਜ਼ ਆਵਾਜ਼ ਵਿੱਚ ਬੋਲਿਆ। ਮੈਂ ਤਾਂ ਸੁਣਿਆ ਸੀ ਬਈ ਉਹਨੇ ਸਾਰਾ ਸਾਲ ਮੁਰਗ਼ਾ ਬਣਨ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਕੀਤਾ।“
ਸੁਰਜੀਤ ਸਿੰਘ ਨੇ ਇੱਕ ਲੰਮਾ ਸਾਹ ਲਿਆ। “ਜੀ ਹਾਂ, ਤੁਸੀਂ ਠੀਕ ਕਹਿ ਰਹੇ ਹੋ, ਤੇ ਮੈਂ ਆਪਣੀ ਅਣਗਹਿਲੀ ਤੇ ਬਹੁਤ ਸ਼ਰਮਿੰਦਾ ਹਾਂ। ਉਸ ਬੱਚੇ ਦੀਆਂ ਕੁੱਝ ਮੁਸ਼ਕਲਾਂ ਨੇ, ਪਰ ਫੇਰ ਵੀ, ਉਹਦਾ ਟੀਚਰ ਹੋਣ ਦੇ ਨਾਤੇ, ਮੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਕਿੰਨਾ ਹੁਸ਼ਿਆਰ ਹੈ।” ਆਪਣੀ ਗ਼ਲਤੀ ਮੰਨਦਾ ਮਾਸਟਰ ਅੱਖਾਂ ਭਰ ਆਇਆ। ਫੇਰ ਉਹਨੇ ਸੁੱਖੇ ਨੂੰ ਹਰ ਗੱਲ ਵਿਸਥਾਰ ਵਿੱਚ ਦੱਸੀ ਜਿਹੜੀ ਉਹਦੇ ਅਤੇ ਪ੍ਰੋਫੈਸਰ ਦੇ ਵਿਚਕਾਰ ਹੋਈ ਸੀ, ਕਿਵੇਂ ਜੱਗੀ ਨੇ ਬਿਨਾਂ ਮੁਸ਼ਕਲ ਦੋ ਅੱਖਰਾਂ ਵਾਲੇ ਪਹਾੜੇ ਸੁਣਾਏ ਸਨ ਤੇ ਬਿਨਾਂ ਗ਼ਲਤੀ ਤੋਂ ਲਿਖ ਕੇ ਵਿਖਾਇਆ ਸੀ। “ਮੈਂ ਅੱਜ ਤੀਕਰ ਇਹੋ ਜਿਹਾ ਹੋਣਹਾਰ ਵਿਦਿਆਰਥੀ, ਪਹਿਲਾਂ ਕਦੀ ਨਹੀਂ ਵੇਖਿਆ।“
“ਤੂੰ ਇਹ ਕਹਿ ਰਿਹਾ ਹੈਂ ਕਿ ਉਹ ਹਕਲ਼ਾ, ਕੀਰਿਆਂ ਦਾ ਮੁੰਡਾ, ਬੰਤੇ ਨਾਲ਼ੋਂ ਵੱਧ ਹੁਸ਼ਿਆਰ ਹੈ?”
“ਸਰਦਾਰ ਸਾਹਿਬ, ਮੈਂ ਉਸ ਮੁੰਡੇ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਰ ਰਿਹਾ। ਪਰ ਆਪਾਂ ਇਹ ਕਰ ਸਕਦੇ ਹਾਂ ਕਿ ਤੁਹਾਡੀ ਹਾਜ਼ਰੀ ਵਿੱਚ ਤੁਹਾਡੇ ਬੇਟੇ ਨੂੰ ਓਵੇਂ ਹੀ ਪਰਖ ਲਈਏ, ਜਿਵੇਂ ਅਸੀਂ ਜੱਗੀ ਨੂੰ ਪਰਖਿਆ ਏ, ਤੇ ਜੇਕਰ ਉਹ ਵੀ ਐਨਾ ਹੀ ਕਾਬਲ ਹੋਇਆ ਤਾਂ ਮੈਨੂੰ, ਉਹਨੂੰ ਤੀਜੀ ਜਮਾਤ ਵਿੱਚ ਕਰਦਿਆਂ ਕੋਈ ਇਤਰਾਜ਼ ਨਹੀਂ ਹੋਵੇਗਾ,” ਸੁਰਜੀਤ ਸਿੰਘ ਨੇ ਕਿਹਾ, “ਇਹ ਮੈਂ ਸਿਰਫ ਤੁਹਾਡੇ ਬੇਟੇ ਲਈ ਹੀ ਨਹੀਂ, ਸਗੋਂ ਕਿਸੇ ਵੀ ਬੱਚੇ ਲਈ ਕਰਨ ਨੂੰ ਤਿਆਰ ਹਾਂ,” ਉਹ ਅਟੱਲ ਆਵਾਜ਼ ਵਿੱਚ ਬੋਲਿਆ, “ਪਰ ਬਿਨਾਂ ਇੱਦਾਂ ਕੀਤਿਆਂ, ਮੈਂ ਨਤੀਜਿਆਂ ਵਿੱਚ ਕੋਈ ਰੱਦੋ ਬਦਲ ਨਹੀਂ ਕਰ ਸਕਦਾ।”
ਮਾਸਟਰ ਦੀ ਕਹੀ ਗੱਲ ਨੇ ਸੁੱਖੇ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਉਹਨੂੰ ਆਪਣੇ ਮੁੰਡੇ ਨੂੰ, ਇੱਕ ਦਲਿਤ ਦੇ ਮੁਕਾਬਲੇ ਹਾਰਨ ਵਾਲੀ ਸਥਿਤੀ ਵਿੱਚ ਪਾਉਣ ਦੀ ਹਿੰਮਤ ਨਾ ਪਈ; ਉਹ ਵੀ ਉਸ ਦੇ ਮੁਕਾਬਲੇ ਜਿਹਨੂੰ ਪ੍ਰੋਫੈਸਰ ਦਾਅਵੇ ਨਾਲ ਅਗਲੀ ਜਮਾਤ ਵਿੱਚ ਕਰਵਾ ਕੇ ਗਿਆ ਹੋਵੇ। ਸੁੱਖਾ ਨਿੱਕੇ ਹੁੰਦਿਆਂ ਤੋਂ ਪ੍ਰੋਫੈਸਰ ਨੂੰ ਜਾਣਦਾ ਸੀ ਅਤੇ ਇਸ ਤੋਂ ਪਹਿਲਾਂ ਉਹਨੇ ਕਦੇ ਵੀ ਪ੍ਰੋਫੈਸਰ ਦੇ ਇਮਾਨ ਤੇ ਸ਼ੱਕ ਨਹੀਂ ਸੀ ਕੀਤਾ। ਬਿਨਾਂ ਹੋਰ ਬਹਿਸ ਕੀਤਿਆਂ ਉਹ ਵਾਪਸ ਚਲਾ ਗਿਆ।
ਸੁਰਜੀਤ ਸਿੰਘ ਨੂੰ ਆਪਣੀਆਂ ਭਾਵਨਾਵਾਂ ਨਾਲ ਵੀ ਘੁਲਣਾ ਪੈ ਰਿਹਾ ਸੀ। ਇੱਕ ਪਾਸੇ ਉਹ ਪ੍ਰੋਫੈਸਰ ਸਾਹਮਣੇ ਆਪਣੇ ਸਵੈਮਾਣ ਤੇ ਵੱਜੀ ਸੱਟ ਤੋਂ ਪ੍ਰੇਸ਼ਾਨ ਸੀ ਤੇ ਦੂਜੇ ਪਾਸੇ ਜੱਗੀ ਦੇ ਸਾਰਾ ਸਾਲ, ਹਰ ਰੋਜ਼ ਮੁਰਗ਼ਾ ਬਣਨ ਦੇ ਦ੍ਰਿਸ਼ ਉਹਦੇ ਦਿਮਾਗ਼ ਨੂੰ ਸਤਾ ਰਹੇ ਸਨ। ਕਿਵੇਂ ਮੈਂ ਸਾਰਾ ਸਾਲ ਇੱਕ ਨਿੱਕੇ ਲਾਚਾਰ ਬੱਚੇ ਦੀ ਮਜਬੂਰੀ ਤੋਂ ਅਨਜਾਣ ਰਿਹਾ?
ਸੁਰਜੀਤ ਸਿੰਘ ਨੇ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਵੱਲ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਖ਼ਾਸ ਕਰ ਉਹਨਾਂ ਬੱਚਿਆਂ ਵੱਲ, ਜਿਹੜੇ ਚੁੱਪ ਜਾਂ ਸ਼ਰਮਾਕਲ ਲਗਦੇ ਸਨ। ਜੱਗੀ ਵੱਲ ਉਹ ਲੋੜ ਤੋਂ ਜ਼ਿਆਦਾ ਚੇਤੰਨ ਹੋਕੇ, ਇੱਕ ਤਰਾਂ ਨਾਲ ਉਹਦਾ ਸਰਪ੍ਰਸਤ ਹੀ ਬਣ ਗਿਆ।
ਪਹਿਲੀ ਤੋਂ ਸਿੱਧਾ ਤੀਜੀ ਜਮਾਤ ਵਿੱਚ ਹੋਣ ਦਾ ਸਵਾਦ, ਜੱਗੀ ਲਈ ਇਮਲੀ ਵਾਂਗੂੰ ਖੱਟ-ਮਿੱਠਾ ਸੀ। ਨਵੀਂ ਜਮਾਤ ਸ਼ੁਰੂ ਹੋਣ ਦੇ ਪਹਿਲੇ ਦਿਨ, ਉਹ ਬਿਨਾਂ ਸੋਚੇ ਆਪਣੇ ਪੁਰਾਣੇ ਜਮਾਤੀਆਂ ਨਾਲ ਬੰਟੇ ਖੇਡਣ ਚਲਾ ਗਿਆ।
“ਓਏ ਹਕਲ਼ੇ, ਚੱਲ, ਭੱਜ ਐਥੋਂ, ਆਪਣੇ ਨਾਲ ਦਿਆਂ ਨਾਲ ਖੇਡ ਜਾ ਕੇ,” ਬੰਤਾ ਜੱਗੀ ਦਾ ਰਾਹ ਡੱਕਦਾ, ਕੜਕਿਆ, ਤੇ ਉਹਨੂੰ ਚੱਕਰ ਵਿੱਚ ਬੰਟੇ ਰੱਖਣ ਤੋਂ ਰੋਕ ਦਿੱਤਾ। ਜੱਗੀ ਰੁਕ ਗਿਆ। ਹੋਰ ਕਿਸੇ ਵੀ ਬੱਚੇ ਨੇ ਉਹਦੇ ਵੱਲ ਧਿਆਨ ਨਾ ਦਿੱਤਾ; ਸਾਰੇ ਆਪਣੀ ਖੇਡ ਵਿੱਚ ਮਗਨ ਸਨ। ਜੱਗੀ ਵਾਪਸ ਤੀਜੀ ਜਮਾਤ ਦੇ ਬੱਚਿਆਂ ਵੱਲ ਚਲਾ ਗਿਆ। ਤੀਜੀ ਜਮਾਤ ਵਾਲੇ ਆਪਣੀਆਂ ਖੇਡਾਂ ਵਿੱਚ ਮਸਤ ਸਨ, ਉਹਨਾਂ ਨੇ ਵੀ ਕੋਈ ਧਿਆਨ ਨਾ ਦਿੱਤਾ। ਪਹਿਲੀ ਜਮਾਤ ਵਿੱਚ ਵੀ ਉਹ ਸਾਰਿਆਂ ਤੋਂ ਛੋਟੀ ਉਮਰ ਦਾ ਸੀ, ਪਰ ਤੀਜੀ ਜਮਾਤ ਵਿੱਚ ਤਾਂ ਨਾ ਉਹ ਸਿਰਫ ਛੋਟੀ ਉਮਰ ਦਾ ਹੀ ਸੀ, ਸਗੋਂ ਕੱਦ ਵਿੱਚ ਵੀ ਸਾਰਿਆਂ ਤੋਂ ਨਿੱਕਾ ਸੀ। ਸੁਭਾਵਕ ਹੀ ਉਹਦੇ ਜਮਾਤੀ ਉਹਨੂੰ ਆਪਣੀਆਂ ਖੇਡਾਂ ਵਿੱਚ ਸ਼ਾਮਲ ਨਾ ਕਰਦੇ। ਚੰਗੀ ਕਿਸਮਤ ਨੂੰ ਜੱਗੀ ਬੰਟੇ ਖੇਡਣ ਵਿੱਚ ਤੀਜੀ ਜਮਾਤ ਵਿੱਚ ਵੀ ਬਹੁਤਿਆਂ ਨਾਲ਼ੋਂ ਜ਼ਿਆਦਾ ਮਾਹਿਰ ਸੀ ਤੇ ਉਹਨਾਂ ਜੱਗੀ ਨੂੰ, ਉਹਦੀ ਇਸ ਮਨਪਸੰਦ ਖੇਡ ਵਿੱਚ, ਛੇਤੀ ਹੀ ਆਪਣੇ ਨਾਲ ਰਲ਼ਾ ਲਿਆ।
ਉਹਦੀ ਬੋਲਣ ਦੀ ਸਮੱਸਿਆ ਤੋਂ ਜਾਣੂੰ, ਸੁਰਜੀਤ ਸਿੰਘ ਹੁਣ ਜੱਗੀ ਨੂੰ ਕਦੀ ਵੀ ਪੜ੍ਹਨ ਲਈ ਨਾ ਕਹਿੰਦਾ; ਕਿਤਾਬ ਪੜ੍ਹਕੇ ਸੁਣਾਉਣ ਵਾਲੀ ਘੰਟੀ ਵਿੱਚ ਉਹੀਓ ਸਫ਼ਾ ਉਹ ਉਹਨੂੰ ਲਿਖਣ ਲਈ ਦੇ ਦਿੰਦਾ। ਟੀਚਰ ਦੇ ਸਪੈਸ਼ਲ ਧਿਆਨ ਬਾਰੇ, ਨਾਲ ਦੇ ਬੱਚੇ ਜੱਗੀ ਦੀ ਖਿੱਲੀ ਉਡਾਉਂਦੇ, ਤੇ ਜੱਗੀ ਹੋਰ ਤੰਗ ਹੋ ਜਾਂਦਾ; ਉਹਨੂੰ ਇਸ ਸਪੈਸ਼ਲ ਧਿਆਨ ਨਾਲ਼ੋਂ ਸਜ਼ਾ ਕਬੂਲ ਕਰਨੀ ਸੌਖੀ ਲਗਦੀ ਸੀ।
ਜੱਗੀ ਦਾ ਇਕੱਲਾਪਣ ਕੁੱਝ ਦੇਰ ਚੱਲਿਆ, ਪਰ ਹੌਲੀ ਹੌਲੀ ਜਦੋਂ ਉਹਦੇ ਜਮਾਤੀਆਂ ਨੇ ਵੇਖਿਆ ਜੱਗੀ ਕਿੰਨਾ ਹੁਸ਼ਿਆਰ ਸੀ, ਉਹਨਾਂ ਦੀ ਰੰਜਸ਼ ਘਟਦੀ ਗਈ ਤੇ ਉਹ ਉਹਨੂੰ ਸਵੀਕਾਰਨ ਲੱਗੇ।
← ਪਿਛਲੀ ਕਿਸ਼ਤ · ਸਾਰੀਆਂ ਕਿਸ਼ਤਾਂ · ਅਗਲੀ ਕਿਸ਼ਤ →
ਅਗਲੀ ਕਿਸ਼ਤ ਲਈ ਇਹ ਲੜੀ ਆਪਣੇ ਬੁੱਕਮਾਰਕ ਵਿੱਚ ਰੱਖੋ।
ਪੂਰਾ ਨਾਵਲ ਹੇਠ ਦਿੱਤੇ ਲਿੰਕਾਂ ਤੋਂ ਮਿਲ ਸਕਦਾ ਹੈ
ਪੰਜਾਬੀ ਈ-ਬੁੱਕ
ਛਪੀ ਹੋਈ ਕਿਤਾਬ
ਹਿੰਦੀ ਅਤੇ ਅੰਗਰੇਜ਼ੀ ਰੂਪ
गरिमा का बोझ · Chasing Dignity

-
ਰਛਪਾਲ ਸਹੋਤਾ , ਯੂ ਐੱਸ ਏ,
rachhpalsahota@hotmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.