ਪਰਵਿੰਦਰ ਸਿੰਘ ਝੋਟਾ ਦੇ ਨਸ਼ਾ ਤਸਕਰ ਵੱਲੋਂ ਕੀਤੇ ਕਤਲ ਤੋਂ ਬਾਅਦ ਉੱਭਰੇ ਸਵਾਲ : ਨਰਾਇਣ ਦੱਤ
ਬੀਤੇ ਸਮੇਂ ਦੇ ਸੰਘਰਸ਼ਾਂ ਦੇ ਸਬਕਾਂ ਨੂੰ ਗ੍ਰਹਿਣ ਕਰਨ ਦੀ ਲੋੜ-
ਲੇਖਕ ਨਰਾਇਣ ਦੱਤ
ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ ਮੋਹਣਜੀਤ ਸ਼ੇਰੋਂ ਉੱਪਰ ਪੁਲਿਸ ਜ਼ਬਰ, ਗੁਲਜ਼ਾਰ ਸਿੰਘ ਤੂਰਬੰਜਾਰਾ ਅਤੇ ਸਨਮਦੀਪ ਕਨੋਈ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਸਲਿਆਂ ਦੇ ਜ਼ਖ਼ਮ ਹਾਲੇ ਅੱਲੇ ਹੀ ਸਨ ਕਿ 13 ਅਕਤੂਬਰ 2026 ਨੂੰ ਮਾਨਸਾ ਦੀ ਧਰਤੀ 'ਤੇ ਇੱਕ ਬੇਹੱਦ ਦਰਦਨਾਕ ਵਰਤਾਰਾ ਵਾਪਰਿਆ। ਮੈਡੀਕਲ ਨਸ਼ੇ ਦੇ ਤਸਕਰ ਕੈਮਿਸਟ ਸ਼ਾਪ ਮਾਲਕ ਅਸ਼ਵਨੀ ਕੁਮਾਰ ਨੇ 'ਨਸ਼ਾ ਵਿਰੋਧੀ ਟਾਸਕ ਫੋਰਸ' ਦੇ ਮੁਖੀ ਪ੍ਰਵਿੰਦਰ ਸਿੰਘ ਝੋਟਾ ਨੂੰ ਦਿਨ ਦਿਹਾੜੇ ਗੋਲੀ ਮਾਰਕੇ ਕਤਲ ਕਰ ਦਿੱਤਾ। ਯਾਦ ਰਹੇ ਕਿ ਪ੍ਰਵਿੰਦਰ ਸਿੰਘ ਝੋਟਾ ਪਿਛਲੇ ਚਾਰ ਪੰਜ ਸਾਲ ਤੋਂ ਆਪਣੇ ਢੰਗ ਨਾਲ ਨਸ਼ਾ ਵਿਰੋਧੀ ਮੁਹਿੰਮ ਚਲਾ ਰਿਹਾ ਸੀ। ਨਸ਼ਾ ਵਿਰੋਧੀ ਮੁਹਿੰਮ ਵਿੱਚ ਉਸ ਨਾਲ ਕੁੱਝ ਹੋਰ ਨੌਜਵਾਨ ਵੀ ਜੁੜੇ ਹੋਏ ਸਨ। ਇਸ ਤੋਂ ਪਹਿਲਾਂ ਵੀ ਪ੍ਰਵਿੰਦਰ ਝੋਟੇ ਨੂੰ ਨਸ਼ਾ ਵਿਰੋਧੀ ਮੁਹਿੰਮ ਦਾ ਖ਼ਮਿਆਜ਼ਾ ਭੁਗਤਣਾ ਪਿਆ ਸੀ। ਨਸ਼ਾ ਵਿਰੋਧੀ ਟਾਸਕ ਫੋਰਸ ਨੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਲਈ ਪੁਲਿਸ ਦੇ ਅਨੇਕਾਂ ਵਾਰ ਧਿਆਨ ਵਿੱਚ ਲਿਆ ਕੇ ਇਸ ਨੂੰ ਰੋਕਣ ਦੀ ਮੰਗ ਕੀਤੀ। ਹਰ ਵਾਰ ਇਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। 2023 ਵਿੱਚ ਜਦੋਂ ਮਾਨਸਾ ਪੁਲਿਸ ਨਸ਼ਾ ਤਸਕਰਾਂ ਖ਼ਾਸ ਕਰ ਵੱਡਾ ਨਸ਼ਾ ਤਸਕਰੀ ਦਾ ਰੈਕੇਟ ਚਲਾ ਰਹੇ ਅਸ਼ਵਨੀ ਕੁਮਾਰ ਨੂੰ ਨਕੇਲ ਪਾਉਣ ਵਿੱਚ ਨਾਕਾਮਯਾਬ ਰਹੀ ਤਾਂ ਮਜਬੂਰ ਹੋਕੇ ਨਸ਼ਾ ਵਿਰੋਧੀ ਟਾਸਕ ਫੋਰਸ ਨੇ ਅਸ਼ਵਨੀ ਕੁਮਾਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਕੇ ਬਜ਼ਾਰ ਵਿੱਚ ਜਲੂਸ ਕੱਢਿਆ। ਪੁਲਿਸ ਨੇ 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਦੀ ਕਹਾਵਤ ਅਨੁਸਾਰ ਨਸ਼ਾ ਤਸਕਰੀ ਨੂੰ ਨੱਥ ਪਾਉਣ ਦੀ ਥਾਂ ਪ੍ਰਵਿੰਦਰ ਖ਼ਿਲਾਫ਼ ਪੁਲਿਸ ਕੇਸ ਦਰਜ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ। ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਲੰਬੇ ਸੰਘਰਸ਼ ਰਾਹੀਂ ਪ੍ਰਵਿੰਦਰ ਝੋਟੇ ਨੂੰ 7 ਮਹੀਨੇ ਬਾਅਦ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਸਰਕਾਰੀ ਦਰਬਾਰੇ, ਪੁਲਿਸ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਸ਼ਹਿ ਹੋਣ ਕਾਰਨ ਨਸ਼ਾ ਤਸਕਰ ਅਸ਼ਵਨੀ ਕੁਮਾਰ ਦਾ ਮੈਡੀਕਲ ਨਸ਼ੇ ਦਾ ਕਾਰੋਬਾਰ ਬੇ-ਰੋਕ-ਟੋਕ ਜਾਰੀ ਰਿਹਾ। ਟਾਸਕ ਫੋਰਸ ਵੱਲੋਂ ਪੁਲਿਸ ਅਧਿਕਾਰੀਆਂ ਦੇ ਵਾਰ ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਮੌਕੇ ਦਾ ਐੱਸਐਸਪੀ ਮਾਨਸਾ ਡਾ. ਨਾਨਕ ਸਿੰਘ ਪ੍ਰਵਿੰਦਰ ਨੂੰ ਚੁੱਪ ਰਹਿਣ ਦੀਆਂ ਨਸੀਹਤਾਂ ਦਾ ਪਾਠ ਪੜ੍ਹਾਉਣ ਵਿੱਚ ਮਸ਼ਰੂਫ਼ ਰਿਹਾ। ਪ੍ਰਵਿੰਦਰ ਝੋਟੇ ਨੇ ਆਪਣੇ ਟਾਸਕ ਫੋਰਸ ਸਾਥੀਆਂ ਨੂੰ ਨਾਲ ਲੈ ਕੇ ਨਸ਼ਾ ਵਿਰੋਧੀ ਮੁਹਿੰਮ ਜਾਰੀ ਰੱਖੀ। 13 ਅਕਤੂਬਰ ਨੂੰ ਇਸੇ ਮੈਡੀਕਲ ਨਸ਼ਾ ਤਸਕਰ ਕੋਲੋਂ ਬਕਾਇਦਾ ਨਸ਼ੇ ਦੀਆਂ ਗੋਲੀਆਂ ਲੈਣ ਲਈ ਨਕਲੀ ਗ੍ਰਾਹਕ ਬਣਾਕੇ ਭੇਜਿਆ। ਪੁਲਿਸ ਨੂੰ ਕਾਰਵਾਈ ਕਰਨ ਲਈ ਫੋਨ ਕੀਤਾ। ਪਰ ਪੁਲਿਸ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਇਸੇ ਦੌਰਾਨ ਦੁਕਾਨ ਵਿੱਚ ਨਸ਼ੇ ਦੀਆਂ ਗੋਲੀਆਂ ਵੇਚਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਹੀ ਅਸ਼ਵਨੀ ਕੁਮਾਰ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾਕੇ ਪ੍ਰਵਿੰਦਰ ਝੋਟੇ ਦਾ ਮੌਕੇ ’ਤੇ ਹੀ ਸ਼ਰੇਆਮ/ਸ਼ਰੇ ਬਜ਼ਾਰ ਦਿਨ ਦਿਹਾੜੇ ਕਤਲ ਕਰ ਦਿੱਤਾ।
ਪ੍ਰਵਿੰਦਰ ਸਿੰਘ ਝੋਟਾ ਕਿਓਂਕਿ ਕੋਈ ਆਮ ਵਿਅਕਤੀ ਨਹੀਂ ਸੀ। ਇਸ ਲਈ ਇਸ ਕਤਲ ਦੀ ਗੱਲ ਜੰਗਲ ਦੀ ਅੱਗ ਵਾਂਗ ਫੈਲਣ ਉਪਰੰਤ ਉਸੇ ਦਿਨ ਇਨਸਾਫ਼ ਹਾਸਲ ਕਰਨ ਲਈ ਮਾਨਸਾ ਦੀ ਤਿੰਨ ਕੋਨੀ ਉੱਪਰ ਮੋਰਚਾ ਸ਼ੁਰੂ ਹੋ ਗਿਆ। ਵਹਿਸ਼ੀਪੁਣੇ ਦੀ ਇਸ ਦਰਦਨਾਕ ਘਟਨਾ ਨੇ ਹਰ ਵਿਅਕਤੀ ਦੇ ਹਿਰਦੇ ਨੂੰ ਵਲੂੰਧਰ ਸੁੱਟਿਆ। ਪੰਜਾਬ ਵਿੱਚ ਨਸ਼ੇ ਦੀ ਅਲਾਮਤ ਘਰ ਘਰ ਦਾ ਮਸਲਾ ਬਣਨ ਕਰਕੇ ਘਰਾਂ ਵਿੱਚ ਨੌਜਵਾਨਾਂ ਦੀਆਂ ਮੌਤਾਂ, ਵਿੱਛ ਰਹੇ ਸੱਥਰਾਂ ਕਰਕੇ ਇਸ ਧਰਨੇ ਨੂੰ ਵਿਸ਼ਾਲ ਹਮਾਇਤ ਮਿਲਦੀ ਰਹੀ। ਜਾਗਦੀਆਂ ਜ਼ਮੀਰਾਂ ਵਾਲੇ ਇਨਸਾਫ਼ਪਸੰਦ ਲੋਕਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਸ਼ੇ ਤਸਕਰਾਂ ਦੀ ਵੱਡੀ ਚੁਣੌਤੀ ਦੇ ਸਨਮੁਖ ਆਪਣੀਆਂ ਵਿਚਾਰਧਾਰਕ ਸੀਮਾਵਾਂ ਦੇ ਬਾਵਜੂਦ ਇਸ ਅਤਿ ਗੰਭੀਰ ਮਸਲੇ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਨੇ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਅਤਿ ਦੀ ਗ਼ੈਰ ਸੰਵੇਦਨਸ਼ੀਲਤਾ ਦਾ ਮੁਜ਼ਾਹਰਾ ਕਰਦਿਆਂ ਇਸ ਕਤਲ ਨੂੰ ਨਿੱਜੀ ਰੰਜਸ਼ ਕਰਾਰ ਦਿੱਤਾ। ਸਰਕਾਰ ਅਤੇ ਪ੍ਰਸ਼ਾਸ਼ਨ ਦੇ ਇਸ ਗ਼ੈਰ ਸੰਵੇਦਨਸ਼ੀਲ ਰਵੱਈਏ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ। ਇਹ ਵੀ ਸਪੱਸ਼ਟ ਹੋ ਗਿਆ ਸੀ ਕਿ ਪ੍ਰਵਿੰਦਰ ਦੇ ਕਤਲ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਦਾ ਨਾਪਾਕ ਗੱਠਜੋੜ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਅਤੇ ਅੰਨ੍ਹੇ ਮੁਨਾਫ਼ੇ ਦੀ ਲਾਲਸਾ ਕਾਰਨ ਇਸ ਵਰਤਾਰੇ ਨੂੰ ਜਨਮ ਦੇ ਰਿਹਾ ਹੈ। ਸਿੱਟਾ ਇਹ ਹੈ ਕਿ ਸਮੇਂ ਤੋਂ ਪਹਿਲਾਂ ਹੀ ਭਰ ਜਵਾਨੀ ਵਿੱਚ ਨਸ਼ਿਆਂ ਦੀ ਦਲਦਲ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਧੱਕ ਦਿੱਤੇ ਗਏ ਨੌਜਵਾਨਾਂ ਦੀਆਂ ਪਤਨੀਆਂ ਜਵਾਨੀ ਪਹਿਰੇ ਵਿਧਵਾ ਹੋਣ ਲਈ ਸਰਾਪੀਆਂ ਜਾ ਰਹੀਆਂ ਹਨ। ਬੁੱਢੇ ਮਾਂ-ਬਾਪਾਂ ਨੂੰ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਉੱਤੇ ਢੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਿੱਕੇ ਨਿੱਕੇ ਬੱਚੇ ਅਨਾਥ ਹੋ ਰਹੇ ਹਨ।
13 ਅਕਤੂਬਰ ਤੋਂ 5 ਨਵੰਬਰ 2026 ਤੱਕ ਵੱਖ ਵੱਖ ਵਿਚਾਰਧਾਰਾਵਾਂ ਵਾਲੀ ਪ੍ਰਵਿੰਦਰ ਸਿੰਘ ਝੋਟਾ ਇਨਸਾਫ਼ ਸੰਘਰਸ਼ ਕਮੇਟੀ ਮਾਨਸਾ ਦੀ ਅਗਵਾਈ ਵਿੱਚ ਇਹ ਸੰਘਰਸ਼ ਨਿਰੰਤਰ ਵੇਗ ਨਾਲ ਚਲਦਾ ਹੋਇਆ। ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਵਿੱਚੋਂ ਗੁਜ਼ਰਿਆ। ਇਸ ਸਾਂਝੀ ਕਮੇਟੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਤਜਰਬੇਕਾਰ ਸੁਹਿਰਦ ਆਗੂਆਂ ਸਮੇਤ ਵਾਰਿਸ ਪੰਜਾਬ ਦੇ ਖੋਰੂ ਪਾਊ ਟੋਲੇ ਸਮੇਤ ਅਜਿਹੇ ਹੀ ਕਿਸਮ ਦੇ ਹੋਰ ਅਨਸਰ ਵੀ ਸ਼ਾਮਲ ਸਨ। ਐਕਸ਼ਨ ਕਮੇਟੀ ਦਾ ਸਟੇਜ ਉੱਪਰ ਮੁਕੰਮਲ ਜ਼ਾਬਤਾ ਨਾ ਹੋਣ ਕਰਕੇ ਆਪੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਧੁੱਸ ਸਵਾਰ ਰਹੀ। ਇਸ ਦੇ ਬਾਵਜੂਦ ਵੀ ਸੰਘਰਸ਼ ਦਾ ਚੋਟ ਨਿਸ਼ਾਨਾ ਮੌਜੂਦਾ ਭਗਵੰਤ ਮਾਨ ਸਰਕਾਰ ਬਣੀ ਰਹੀ। ਭਾਵੇਂ ਕਿ ਸੁਹਿਰਦ ਬੁਲਾਰੇ ਜ਼ਾਬਤੇ ਵਿੱਚ ਰਹਿਕੇ ਸੰਘਰਸ਼ ਨੂੰ ਅੱਗੇ ਵਧਾਉਣ, ਪ੍ਰਵਿੰਦਰ ਝੋਟੇ ਦੇ ਕਤਲ ਲਈ ਨਸ਼ਾ ਤਸਕਰਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ, ਮੌਜੂਦਾ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਪੰਜਾਬ ਦੀ ਸੱਤ੍ਹਾ ਉੱਪਰ ਪਿਛਲੇ ਸਾਲਾਂ ਵਿੱਚ ਕਾਬਜ ਰਹੀਆਂ ਪਿਛਲੀਆਂ ਸਰਕਾਰਾਂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਘੋਲ ਨੂੰ ਠੀਕ ਦਿਸ਼ਾ ਵਿੱਚ ਸੇਧਤ ਕਰਨ ਲਈ ਯਤਨਸ਼ੀਲ ਰਹੇ। ਇਸ ਸੰਘਰਸ਼ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਾਂਝੀ ਸਟੇਜ ਕਾਰਨ ਲੋਕ ਆਪ ਮੁਹਾਰੇ ਤੌਰ 'ਤੇ ਵੱਡੀ ਗਿਣਤੀ ਵਿੱਚ ਲਗਾਤਾਰ ਸ਼ਾਮਲ ਹੁੰਦੇ ਰਹੇ। ਸਿਆਸੀ ਪਾਰਟੀਆਂ ਖ਼ਾਸ ਕਰ ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾਈਆਂ ਦੀ ਸ਼ਮੂਲੀਅਤ ਪ੍ਰਵਿੰਦਰ ਸਿੰਘ ਝੋਟੇ ਦੀ ਮੌਤ ਉਪਰੰਤ ਲੋਕਾਂ ਦੇ ਗੁੱਸੇ ਨੂੰ ਵੋਟਾਂ ਡੱਬਿਆਂ ਵਿੱਚ ਢਾਲਣ ਤੱਕ ਸੀਮਤ ਰਹੀ। ਵੋਟਾਂ ਦੀ ਲਾਲਸਾ ਇਸ ਕਦਰ ਭਾਰੂ ਰਹੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਵਿੰਦਰ ਝੋਟੇ ਦੇ ਪਰਿਵਾਰ ਸਮੇਤ ਤੂਰਬੰਜਾਰਾ ਦੇ ਗੁਲਜ਼ਾਰ ਅਤੇ ਗੁਰਦਾਸਪੁਰ ਵਿੱਚ ਬਿਕਰਮ ਦੇ ਪਰਿਵਾਰ ਨੂੰ ਮਿਲਣ ਦਾ ਖੇਖਣ ਕਰਨ ਦੇ ਨਾਲ ਨਾਲ ਆਪਣੀ ਸਰਕਾਰ ਬਣਨ ਦੇ ਤਿੰਨ ਸਾਲ ਦੇ ਅੰਦਰ ਨਸ਼ੇ ਦੇ ਖ਼ਾਤਮੇ ਦਾ ਐਲਾਨ ਕਰ ਗਿਆ। ਅਡਾਨੀ ਦੀ ਕਾਂਡਲਾ ਬੰਦਰਗਾਹ ਰਾਹੀਂ ਆ ਰਿਹਾ ਥੋਕ ਨਸ਼ਾ ਅਤੇ ਪੰਜਾਬ ਦਾ 50 ਕਿਲੋਮੀਟਰ ਘੇਰਾ ਬੀਐੱਸਐੱਫ਼ ਦੇ ਕਾਰਜ ਖੇਤਰ ਵਿੱਚ ਹੋਣ ਦੇ ਬਾਵਜੂਦ ਵੀ ਨਸ਼ੇ ਲਈ ਆਪਣੀ ਜ਼ਿੰਮੇਵਾਰੀ ਦਾ ਜਵਾਬ ਦੇਣ ਤੋਂ ਟਾਲਾ ਵੱਟਕੇ ਤੁਰਦਾ ਬਣਿਆ। ਹਾਲਾਂਕਿ ਪਿਛਲੀਆਂ ਤਿੰਨ ਟਰਮਾਂ 2012-17, 2017-22, 2022-27 ਦੌਰਾਨ ਬਣੀਆਂ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਮੁੱਦੇ ਉੱਪਰ ਹੀ ਹੋਂਦ ਵਿੱਚ ਆਈਆਂ।
ਲੋਕ ਸੰਘਰਸ਼ ਦੇ ਵਧਦੇ ਦਬਾਅ ਕਾਰਨ ਪੰਜਾਬ ਸਰਕਾਰ ਬੈਕ ਫੁੱਟ 'ਤੇ ਆਈ। ਲੋਕਾਂ ਦੀ ਮੰਗ ਅਨੁਸਾਰ ਪੁਲਿਸ ਇੰਸਪੈਕਟਰ, ਡੀਐੱਸਪੀ ਅਤੇ ਡਰੱਗ ਇੰਸਪੈਕਟਰ ਨੂੰ ਮੁਅੱਤਲ ਕਰਨ, ਪ੍ਰਵਿੰਦਰ ਝੋਟੇ ਦੀ ਯਾਦਗਾਰ ਬਣਾਉਣ, ਖਿਆਲਾ ਟਰੌਮਾ ਸੈਂਟਰ ਦਾ ਨਾਮਕਰਣ ਪ੍ਰਵਿੰਦਰ ਝੋਟੇ ਦੇ ਨਾਮ ਕਰਨ, ਨਸ਼ਾ ਤਸਕਰੀ ਦੀ ਗਹਿਰਾਈ ਨਾਲ ਜਾਂਚ ਕਰਵਾਉਣ, ਅਸ਼ਵਨੀ ਕੁਮਾਰ ਨੂੰ ਜਾਰੀ ਕੀਤੇ ਗਏ ਅਸਲਾ ਲਾਇਸੈਂਸ ਦੀ ਜਾਂਚ ਕਰਨ ਅਤੇ ਕੇਸ ਦੀ ਜਾਂਚ ਸੀਬੀਆਈ ਹਵਾਲੇ ਕਰਨ ਦੀਆਂ ਮੰਗਾਂ ਮੰਨਣੀਆਂ ਪਈਆਂ। ਚਲਦੇ ਸੰਘਰਸ਼ ਦੌਰਾਨ ਹੀ ਭੰਮੇਕਲਾਂ ਦੇ ਨੌਜਵਾਨ ਦਲਜੀਤ ਦੀ ਨਸ਼ੇ ਕਾਰਨ ਹੋਈ ਮੌਤ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਸਾਰੇ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ, ਦੋਵੇਂ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ ਦੀ ਮੰਗ ਮੰਨਣ ਲਈ ਵੀ ਮਜਬੂਰ ਕੀਤਾ। ਲੋਕ ਸੰਘਰਸ਼ ਨੇ ਸ਼੍ਰੋਮਣੀ ਕਮੇਟੀ ਨੂੰ ਪ੍ਰਵਿੰਦਰ ਸਿੰਘ ਝੋਟਾ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਮਜ਼ਬੂਰ ਕੀਤਾ। ਇੱਕ ਪੜਾਅ 'ਤੇ ਆਕੇ ਪੰਜਾਬ ਸਰਕਾਰ ਦੇ ਮੰਤਰੀ ਸੰਘਰਸ਼ ਕਮੇਟੀ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਹੋਏ। ਕਮੇਟੀ ਨਾਲ ਕਈ ਪੜਾਵਾਂ ਵਿੱਚੋਂ ਲੰਬੀ ਗੱਲਬਾਤ ਦੌਰਾਨ ਸਹਿਮਤੀ ਬਣਨ ਤੋਂ ਬਾਅਦ ਪ੍ਰਵਿੰਦਰ ਝੋਟੇ ਦੀ ਦੇਹ ਦਾ ਪੀਜੀਆਈ ਤੋਂ ਪੋਸਟਮਾਰਟਮ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਦੀ ਸਹਿਮਤੀ ਬਣੀ।
4 ਨਵੰਬਰ 2026 ਦੇਰ ਰਾਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆ ਨੇ ਪ੍ਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ, ਪਤਨੀ ਮਨਪ੍ਰੀਤ ਕੌਰ, ਐਂਟੀ ਡਰੱਗ ਟਾਸਕ ਫੋਰਸ ਅਤੇ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਹ ਪ੍ਰੈੱਸ ਕਾਨਫ਼ਰੰਸ ਕਰਨ ਦੀ ਦੇਰ ਹੀ ਸੀ ਕਿ ਵਟਸਐਪ ਯੂਨੀਵਰਸਿਟੀ ਅਤੇ ਅਤੇ ਆਪਣੇ ਆਪ ਨੂੰ ਸਿੱਖ ਸਿਆਸਤ ਦੇ ਅਲੰਬਰਦਾਰ ਕਹਾਉਂਦੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਅਤੇ ਪੋਸਟਾਂ ਪਾਉਣ ਦੀ ਗੁਰਜ ਹਾਸਲ ਕਰ ਲਈ। ਇਸ ਕਮੇਟੀ ਵਿੱਚ ਸ਼ਾਮਲ ਕਮਿਊਨਿਸਟ ਧਿਰਾਂ ਤੋਂ ਸ਼ੁਰੂ ਹੋਕੇ ਜਵਾਨ ਪੁੱਤ ਦੀ ਲਾਸ਼ ਦੇ ਸਿਰਹਾਣੇ ਬੈਠੇ ਪੂਰੀ ਜੁਰੱਅਤ ਨਾਲ ਸੰਘਰਸ਼ ਦੇ ਮੈਦਾਨ ਵਿੱਚ ਡਟੇ ਹੋਏ ਬਾਪੂ ਭੀਮ ਸਿੰਘ ਅਤੇ ਪ੍ਰਵਿੰਦਰ ਝੋਟੇ ਦੀ ਪਤਨੀ ਮਨਪ੍ਰੀਤ ਕੌਰ ਨੂੰ ਟ੍ਰੋਲ ਆਰਮੀ ਨੇ ਨਿਸ਼ਾਨਾ ਬਣਾਉਣ ਤੋਂ ਅੱਗੇ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚੋਂ ਕਿਸੇ ਦਾ ਵੀ 22 ਦਿਨ ਲੰਬਾ ਸਮਾਂ ਲਗਾਤਾਰ ਚੱਲੇ ਸੰਘਰਸ਼ ਅਤੇ ਪ੍ਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ, ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਨਾਲ ਦੂਰ ਨੇੜੇ ਦਾ ਵੀ ਕੋਈ ਰਿਸ਼ਤਾ ਨਹੀਂ ਸੀ। ਇਹ ਗੱਲ ਠੀਕ ਹੈ ਕਿ ਬਹੁਤ ਸਾਰੇ ਲੋਕਾਂ ਦੀ ਮਨਸ਼ਾ ਪ੍ਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ ਦੀ ਥਾਂ ਸੰਘਰਸ਼ ਨੂੰ ਲੰਬਾ ਖਿੱਚਕੇ ਨੇੜੇ ਆਣ ਢੁੱਕੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੇ ਵਿਰੋਧ ਅਤੇ ਗੁੱਸੇ ਨੂੰ ਵੋਟ ਡੱਬਿਆਂ ਵਿੱਚ ਢਾਲਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।
ਇਹ ਸਿਆਸੀ ਵਿਅਕਤੀ ਪੰਜਾਬ ਦੇ ਸ਼ਾਨਦਾਰ ਜੁਝਾਰੂ ਵਿਰਸੇ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਲੋਕਾਂ ਨੇ ਆਪਣੇ ਸਾਂਝੇ ਸੰਘਰਸ਼ਾਂ ਨਾਲ ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਮੌਕੇ ਹਿੰਦੂ, ਸਿੱਖ, ਮੁਸਲਮਾਨਾਂ ਦਾ ਸਾਂਝਾ ਖ਼ੂਨ ਡੁੱਲ੍ਹਿਆ ਸੀ। ਜਦਕਿ ਉਸ ਸਮੇਂ ਬਰਤਾਨਵੀ ਸਾਮਰਾਜੀਏ ਹਿੰਦੂ, ਮੁਸਲਿਮ, ਸਿੱਖ, ਇਸਾਈ ਨੂੰ ਭਰਾ ਜੰਗ ਵਿੱਚ ਧੱਕਣ ਵਿੱਚ ਗ਼ਲਤਾਨ ਸਨ। ਸਿੱਖੀ ਭੇਸ ਵਿੱਚ ਛੁਪੇ ਅਕਾਲ ਤਖ਼ਤ ਦੇ ਸਰਬਰਾਹ ਅਰੂੜ ਸਿੰਘ ਨੇ ਹਜ਼ਾਰਾਂ ਹਿੰਦੂ, ਸਿੱਖ, ਮੁਸਲਮਾਨਾਂ ਦੇ ਕਾਤਲ ਜਰਨਲ ਡਾਇਰ ਨੂੰ ਸਿਰੋਪਾ ਦੇਕੇ ਸਨਮਾਨਤ ਕੀਤਾ ਸੀ। ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਨਕਸਲਬਾੜੀ ਲਹਿਰ, ਮਾਨਸਾ ਜ਼ਿਲ੍ਹੇ ਵਿੱਚ ਹੀ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫ਼ੱਕਰ ਹੋਰਾਂ ਦੀ ਅਗਵਾਈ ਵਿੱਚ ਪੈਪਸੂ ਦੀ ਮੁਜ਼ਾਰਾ ਲਹਿਰ ਜਿਹੇ ਅਨੇਕਾਂ ਲੋਕ ਸੰਘਰਸ਼ਾਂ ਵੱਲੋਂ ਸ਼ਾਨਾਮੱਤਾ ਵਿਰਸਾ ਸਿਰਜਣ ਤੋਂ ਲੈ ਕੇ ਅਜੋਕੇ ਸਮਿਆਂ ਦੇ ਮਹਿਲਕਲਾਂ ਲੋਕ ਘੋਲ, ਇਤਿਹਾਸਕ ਕਿਸਾਨ ਘੋਲ ਦੌਰਾਨ ਲੋਕਾਂ ਦੀ ਸਾਂਝ ਨੇ ਨਵੇਂ ਦਿਸਹੱਦੇ ਸਿਰਜੇ ਹਨ। ਹੁਣ ਵੀ ਇਹੀ ਲੋਕ ਵਿਰੋਧੀ ਵਿਅਕਤੀ ਹੀ ਕਾਮਰੇਡਾਂ ਤੋਂ ਵੀ ਅੱਗੇ ਜਾਕੇ ਪੁੱਤ ਦੀ ਮੌਤ ਦੇ ਪਹਾੜ ਜਿੱਡੇ ਗ਼ਮ ਦਾ ਪੱਥਰ ਆਪਣੇ ਦਿਲ ਉੱਤੇ ਰੱਖਕੇ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੱਲ ਰਹੇ ਸੰਘਰਸ਼ ਦੇ ਮੈਦਾਨ ਵਿੱਚ ਅਡੋਲ ਖੜ੍ਹੇ ਬਾਪੂ ਭੀਮ ਸਿੰਘ ਅਤੇ ਪ੍ਰਵਿੰਦਰ ਝੋਟੇ ਦੀ ਪਤਨੀ ਮਨਪ੍ਰੀਤ ਕੌਰ ਤੱਕ ਦੀ ਕਿਰਦਾਰਕੁਸ਼ੀ ਕਰਨ ਤੱਕ ਜਾ ਰਹੇ ਹਨ। ਨਿੱਜੀ ਹਿੱਤਾਂ ਨੂੰ ਤਰਜੀਹ ਦੇਕੇ ਚੱਲਣ ਵਾਲੇ ਅਜਿਹੇ ਭੱਦਰ ਪੁਰਸ਼ਾਂ ਦੇ ਲੋਕ ਵਿਰੋਧੀ ਕਿਰਦਾਰ ਦਾ ਇੱਕ ਨਾ ਇੱਕ ਦਿਨ ਪਰਦਾਫ਼ਾਸ਼ ਹੋਣਾ ਹੀ ਹੁੰਦਾ ਹੈ। ਕਿਸੇ ਵੀ ਭੇਸ ਵਿੱਚ ਬੁੱਕਲ ਦੇ ਇਹਨਾਂ ਸੱਪਾਂ ਦੀ ਪਛਾਣ ਕਰਨੀ ਅਤੇ ਸਾਰ ਲੈਣੀ ਜ਼ਰੂਰੀ ਹੁੰਦੀ ਹੈ। ਮਹਿਲਕਲਾਂ ਲੋਕ ਘੋਲ ਵਿੱਚ ਚੰਦ ਵਾਂਗ ਚੜ੍ਹਦੇ ਚੋਪੜੇ ਨੂੰ ਐਨ ਮੁੱਢ ਤੋਂ ਪਛਾਣ ਲਿਆ ਸੀ ਅਤੇ ਲੋਕਾਂ ਦੀ ਤਾਕਤ ਨਾਲ ਸਟੇਜ ਤੋਂ ਪਟਾਕੇ ਵਗਾਂਹ ਮਾਰਿਆ ਸੀ। ਲੋਕਾਂ ਨੂੰ ਸਿੱਖੀ ਦਾ ਭੇਸ ਧਾਰ ਕੇ ਆਪੂ ਬਣੇ ਸਿੱਖੀ ਦੇ ਠੇਕੇਦਾਰਾਂ ਬਘੇਲਿਆਂ, ਬਖ਼ਸ਼ੀਸ਼ਾਂ ਅਤੇ ਹੋਰ ਵੀ ਬਹੁਤ ਸਾਰੇ ਘੁਸਪੈਠੀਆਂ ਤੋਂ ਖ਼ਬਰਦਾਰ ਰਹਿਣਾ ਪਵੇਗਾ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀ ਸਿੱਖਿਆ 'ਮਨ ਨੀਵਾਂ ਮੱਤ ਉੱਚੀ' ਦਾ ਰੱਤੀ ਭਰ ਨਾ ਗਿਆਨ ਹੈ ਨਾ ਹੀ ਕੋਈ ਸਰੋਕਾਰ ਹੈ।
ਹੁਣ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਵਿੰਦਰ ਝੋਟੇ ਦਾ ਪੀਜੀਆਈ ਤੋਂ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਹੋਣ ਨਾਲ ਇਨਸਾਫ਼ ਮੋਰਚਾ ਖ਼ਤਮ ਹੋ ਗਿਆ ਹੈ? ਪੰਜਾਬ ਵਿੱਚ ਨਸ਼ਿਆਂ ਨੂੰ ਪੂਰਨ ਰੂਪ ਵਿੱਚ ਠੱਲ੍ਹ ਪੈ ਜਾਵੇਗੀ? ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਰੁਕ ਜਾਵੇਗਾ? ਇਸ ਦਾ ਸਿੱਧਾ ਜਵਾਬ ਹੈ ਕਿ ਨਹੀਂ। ਅਜੇ ਤੱਕ ਤਾਂ ਮੋਰਚੇ ਦਾ ਇੱਕ ਅਹਿਮ ਪੜਾਅ ਹੀ ਸਰ ਕੀਤਾ ਗਿਆ ਹੈ। ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਅਸਲ ਨਿਸ਼ਾਨਾ ਨਸ਼ਾ ਤਸਕਰ, ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਨਾਪਾਕ ਗੱਠਜੋੜ ਨੂੰ ਫਨਾਹ ਕਰਨਾ ਹੈ। ਇਹ ਲੜਾਈ ਇਕੱਲੇ ਮਾਨਸਾ ਵਾਲਿਆਂ ਵੱਲੋਂ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਸੁਹਿਰਦ ਹਿੱਸਿਆਂ ਨੂੰ ਸੁਚੇਤ ਰੂਪ 'ਚ ਆਪਣੇ ਹੱਥ ਵਿੱਚ ਲੈਕੇ ਲੜੀ ਜਾਣੀ ਹੈ। ਜਿਵੇਂ ਪ੍ਰਵਿੰਦਰ ਝੋਟੇ ਦੇ ਕਤਲ ਤੋਂ ਬਾਅਦ ਦਲਜੀਤ ਸਿੰਘ ਭੰਮੇਕਲਾਂ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਇਨਸਾਫ਼ ਤਾਂ ਕੀ ਦੇਣਾ ਸੀ, ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਏ ਲੋਕਾਂ ਉੱਪਰ ਇਰਾਦਾ ਕਤਲ ਵਰਗੀਆਂ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਸੀ। ਇਹੋ ਹੀ ਨਹੀਂ ਬਲਕਿ ਮਾਨਸਾ ਵਿੱਚ ਚੱਲ ਰਹੇ ਮੋਰਚੇ ਨੂੰ ਵੀ ਜ਼ਬਰੀ ਉਠਾਉਣ ਦੀ ਧਾਰ ਲਈ ਸੀ। ਲੋਕਾਂ ਦੀ ਸੁਚੇਤ ਪਹਿਰੇਦਾਰੀ ਅਤੇ ਦ੍ਰਿੜ ਇਰਾਦਾ ਧਾਰ ਕੇ ਬੈਠੇ ਆਗੂਆਂ ਵੱਲੋਂ ਸਮੇਂ ਸਿਰ ਪਹਿਲਕਦਮੀ ਕਰਨ ਕਰਕੇ ਪੁਲਿਸ ਨੂੰ ਪੁੱਠੇ ਪੈਰੀਂ ਮੁੜਨਾ ਪਿਆ। ਅਗਲੇ ਦਿਨ ਮਾਨਸਾ ਜ਼ਿਲ੍ਹੇ ਦੀ ਸਖ਼ਤ ਨਾਕਾਬੰਦੀ ਕਰਕੇ ਕਾਫ਼ਲਿਆਂ ਨੂੰ ਰੋਕਣ ਦਾ ਕੀਤਾ ਗਿਆ ਯਤਨ ਲੋਕਾਂ ਦੀ ਜਥੇਬੰਦਕ ਤਾਕਤ ਨੇ ਫ਼ੇਲ੍ਹ ਕਰ ਦਿੱਤਾ। ਮੌਜੂਦਾ ਸਮੇਂ ਹਾਲਾਤ ਇਹ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ 'ਯੁੱਧ ਨਸ਼ਿਆਂ ਵਿਰੁੱਧ' ਦੇ ਦਮਗਜੇ ਮਾਰ ਰਹੀ ਹੈ ਦੂਜੇ ਪਾਸੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਭੀਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਵਾਂਗ ਕਤਲ ਦਰਸਾਕੇ ਅੰਕੜਿਆਂ ਨੂੰ ਛੁਪਾਉਣ ਲੱਗੀ ਹੋਈ ਹੈ।
ਸਾਂਝੀ ਕਮੇਟੀ ਨੇ ਸਰਕਾਰ ਵੱਲੋਂ ਅਨੇਕਾਂ ਸਾਜ਼ਿਸ਼ਾਂ ਰਾਹੀਂ ਮੋਰਚਾ ਫ਼ੇਲ੍ਹ ਕਰਨ ਦੀਆਂ ਗੁੰਦੀਆਂ ਗੋਂਦਾਂ ਨੂੰ ਬੇਪਰਦ ਕੀਤਾ ਹੈ। ਭੰਮੇ ਕਲਾਂ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਲੋਕਾਂ ਖ਼ਿਲਾਫ਼ ਦਰਜ ਕੇਸ ਖ਼ਾਰਜ ਕਰਨ ਅਤੇ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਈ ਕਰਨ ਲਈ ਮਜ਼ਬੂਰ ਕੀਤਾ ਹੈ। ਇਹ ਸਰਕਾਰ ਦੀ ਕੋਈ ਪਹਿਲੀ ਅਤੇ ਆਖ਼ਰੀ ਸਾਜ਼ਿਸ਼ ਨਹੀਂ ਹੈ। ਇਨਸਾਫ਼ ਮੋਰਚੇ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਅੱਖਾਂ ਵਿੱਚ ਰੜਕਦਾ ਰੋੜ ਹੈ। ਉਹ ਮੌਕਾ ਤਾੜਕੇ ਪਲਟਵਾਰ ਕਰਨ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦੇਣਗੇ। ਇਸ ਗੱਲ ਲਈ ਵਧੇਰੇ ਸੁਚੇਤ ਹੋ ਕੇ ਚੱਲਣਾ ਹੋਵੇਗਾ। ਮਹਿਲਕਲਾਂ ਲੋਕ ਘੋਲ ਦੀ ਮਿਸਾਲ ਸਭ ਦੇ ਸਾਹਮਣੇ ਹੈ ਜਦ ਐਕਸ਼ਨ ਕਮੇਟੀ ਦੇ ਤਿੰਨ ਆਗੂਆਂ ਨੂੰ ਇੱਕ ਝੂਠੇ ਕਤਲ ਕੇਸ ਵਿੱਚ ਪੂਰੀ ਸਾਜ਼ਿਸ਼ ਨਾਲ ਸ਼ਾਮਲ ਕਰਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਪੂਰੇ 18 ਸਾਲ ਤੱਕ ਮਿਸਾਲੀ ਸਾਂਝੀ ਲੋਕ ਲਹਿਰ ਦੀ ਉਸਾਰੀ ਕਰਕੇ ਐਕਸ਼ਨ ਕਮੇਟੀ ਦੇ ਇੱਕ ਲੋਕ ਆਗੂ ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰ ਕੈਦ ਸਜ਼ਾ ਰੱਦ ਕਰਵਾਕੇ ਨਵਾਂ ਇਤਿਹਾਸ ਸਿਰਜਿਆ ਹੈ। ਇਨਸਾਫ਼ ਮੋਰਚੇ ਨੂੰ ਲੜਾਈ ਲੜਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਜਨਤਕ ਦਬਾਅ ਦੇ ਨਾਲ-ਨਾਲ ਕਾਨੂੰਨੀ ਪੱਖ 'ਤੇ ਵੀ ਪੂਰੀ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਪਵੇਗਾ। ਪ੍ਰਵਿੰਦਰ ਝੋਟੇ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਵਾਉਣ, ਪੁਲਿਸ ਅਧਿਕਾਰੀਆਂ ਅਤੇ ਡਰੱਗ ਇੰਸਪੈਕਟਰ ਨੂੰ ਬਰਖ਼ਾਸਤ ਕਰਵਾਉਣ, ਨਸ਼ਾ ਤਸਕਰਾਂ ਦੇ ਗੱਠਜੋੜ ਦੇ ਮੁਕੰਮਲ ਸਫਾਏ ਦੇ ਨਾਲ-ਨਾਲ ਇਨਸਾਫ਼ ਮੋਰਚੇ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਦੀ ਅੱਖ ਦੀ ਪੁਤਲੀ ਵਾਂਗ ਰਾਖੀ ਕਰਨ ਲਈ ਲੰਬੇ ਸਮੇਂ ਲਈ ਏਕਾ ਬਰਕਰਾਰ ਰੱਖਦਿਆਂ ਦ੍ਰਿੜ੍ਹ ਰਹਿਣਾ ਹੋਵੇਗਾ। ਹੁਣ ਤੱਕ ਇਸ ਸੰਘਰਸ਼ ਵਿੱਚ ਖ਼ਰੂਦ ਪਾਊ ਅਨਸਰਾਂ ਨੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਭਾਵੇਂ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਸੰਘਰਸ਼ਸ਼ੀਲ ਇਨਸਾਫ਼ਪਸੰਦ ਧਿਰਾਂ ਨੇ ਜ਼ਿੰਮੇਦਾਰਾਨਾ ਪਹੁੰਚ ਅਖਤਿਆਰ ਕਰਦਿਆਂ ਬੇਹੱਦ ਸੰਜਮ ਵਿਖਾਇਆ ਹੈ, ਨਹੀਂ ਤਾਂ ਇਹ ਮੋਰਚਾ ਮੁੱਢ ਵਿੱਚ ਹੀ ਖੇਰੂੰ ਖੇਰੂੰ ਹੋ ਗਿਆ ਹੁੰਦਾ, ਪ੍ਰਵਿੰਦਰ ਝੋਟੇ ਨੂੰ ਇਨਸਾਫ਼ ਮਿਲਣਾ ਤਾਂ ਦੂਰ ਦੀ ਗੱਲ ਹੁੰਦੀ।
ਹੁਣ ਤੱਕ ਹਾਸਲ ਹੋਈਆਂ ਪ੍ਰਾਪਤੀਆਂ ਨੂੰ ਸਾਂਭਦਿਆਂ ਸੰਘਰਸ਼ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਇਨਸਾਫ਼ ਮੋਰਚੇ ਨੂੰ ਜਬਤਬੱਧ ਰਹਿਣਾ ਪਵੇਗਾ। ਇਹ ਸੰਘਰਸ਼ ਇਨਕਲਾਬ, ਖਾਲਿਸਤਾਨ ਜਾਂ ਕਿਸੇ ਇੱਕ ਪਾਰਲੀਮਾਨੀ ਸਿਆਸੀ ਪਾਰਟੀ ਨੂੰ ਸੱਤ੍ਹਾ ਤੋਂ ਲਾਂਭੇ ਕਰਕੇ ਕਿਸੇ ਹੋਰ ਪਾਰਟੀ ਨੂੰ ਸੱਤ੍ਹਾ ਸੌਂਪਣ ਦੀ ਲੜਾਈ ਨਹੀਂ ਹੈ। ਮੌਜੂਦਾ ਸਮੇਂ ਇਹ ਲੜਾਈ ਸਮਾਜਿਕ ਜਬਰ ਅਤੇ ਨਸ਼ਿਆਂ ਦੀ ਅਲਾਮਤ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਘੇਰੇ ਦੇ ਚਾਹੇ ਇੱਕ ਸੀਮਤ ਪਰ ਵਡੇਰੇ ਕਾਰਜ ਨੂੰ ਸੰਬੋਧਿਤ ਹੈ। ਵਿਰੋਧੀ ਵਿਚਾਰਾਂ ਦੀ ਖੁੱਲ੍ਹੀ ਆਲੋਚਨਾ ਕਰਕੇ ਲੋਕਾਂ ਦੀ ਏਕਤਾ ਨੂੰ ਖੋਰਣ ਦੀ ਬਜਾਏ ਆਪਣੀ ਗੱਲ ਨੂੰ ਉਸਾਰੂ ਢੰਗ ਨਾਲ ਕਹਿਣ ਦਾ ਰਾਹ ਅਖ਼ਤਿਆਰ ਕਰਨਾ ਹੋਵੇਗਾ। ਆਪਣੀ ਪੂਰੀ ਸੂਰੀ ਵਿਚਾਰਧਾਰਾ/ਪ੍ਰੋਗਰਾਮ ਆਪੋ ਆਪਣੀ ਸਟੇਜ/ਪਲੇਟਫਾਰਮ ਤੋਂ ਕਹਿਣ ਲਈ ਹਰ ਸੰਸਥਾ/ਜਥੇਬੰਦੀ ਆਜ਼ਾਦ ਹੈ। ਹਰ ਪਾਰਟੀ/ਜਥੇਬੰਦੀ ਲਈ ਜਾਬਤੇ ਦਾ ਪਾਬੰਦ ਰਹਿਣ ਨਾਲ ਇਹ ਸਾਂਝਾ ਸੰਘਰਸ਼ ਲੰਬੇ ਸਮੇਂ ਦੀਆਂ ਚੁਣੌਤੀਆਂ ਦਾ ਟਾਕਰਾ ਕਰ ਸਕਦਾ ਹੈ ਅਤੇ ਇਹ ਇਸ ਸੰਘਰਸ਼ ਵਿੱਚੋਂ ਪ੍ਰਾਪਤ ਕੀਤੀਆਂ ਜਾਣੀਆਂ ਸੰਭਵ ਹਨ। ਅਜਿਹਾ ਹੋਣ ਨਾਲ ਲੋਕਾਂ ਵਿੱਚ ਆਪਣੀ ਤਾਕਤ ਰਾਹੀਂ ਦੁਸ਼ਮਣ ਖ਼ਿਲਾਫ਼ ਲੜਾਈ ਲੜਨ ਤੋਂ ਅੱਗੇ ਜਿੱਤਾਂ ਹਾਸਲ ਕਰਨ ਦਾ ਵਿਸ਼ਵਾਸ ਹੋਰ ਦ੍ਰਿੜ ਹੁੰਦਾ ਹੈ ਅਤੇ ਲੰਬੇ ਦਾਅ ਤੋਂ ਦੇਖਿਆਂ ਆਪਣੀ ਮੁਕੰਮਲ ਮੁਕਤੀ ਲਈ ਜੂਝਣ ਲਈ ਅਜਿਹੇ ਸੰਘਰਸ਼ਾਂ ਰਾਹੀਂ ਵਿਸ਼ਵਾਸ ਜਾਗਦਿਆਂ ਲੰਮੇ ਸੰਘਰਸ਼ਾਂ ਵਿੱਚ ਕੁੱਦਣ ਲਈ ਜੁਝਾਰੂ ਮੈਦਾਨ ਤਿਆਰ ਹੁੰਦਾ ਹੈ।
ਨਰਾਇਣ ਦੱਤ
ਬਰਨਾਲਾ
ਮੋਬਾਇਲ ਫੋਨ:+919646010770
Narayan Dutt <ndutt
2011@gmail.com>

-
ਨਰਾਇਣ ਦੱਤ , writer
ndutt 2011@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.