ਜਿੱਥੇ ਮਾਤ ਭਾਸ਼ਾ ਵਸਦੀ ਹੈ, ਉੱਥੇ ਵਿਰਸਾ ਕਦੇ ਨਹੀਂ ਮਰਦਾ
ਹੇਸਟਿੰਗਜ਼ ਵਿਖੇ ਮਨਾਏ ਗਏ 7ਵੇਂ ਪੰਜਾਬੀ ਭਾਸ਼ਾ ਹਫ਼ਤੇ ਮੌਕੇ ਸਥਾਨਕ ਸਾਂਸਦ, ਮੇਅਰ, ਡਿਪਟੀ ਮੇਅਰ ਅਤੇ ਲਾਇਬ੍ਰੇਰੀ ਸਟਾਫ ਨੇ ਪਹੁੰਚ ਕੇ ਵਧਾਇਆ ਹੌਂਸਲਾ ਭਾਸ਼ਾ ਅਤੇ ਵਿਰਸੇ ਨਾਲ ਜੁੜੇ ਰਹਿਣ ਦਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 23 ਨਵੰਬਰ 2026:-ਹੇਸਟਿੰਗਜ਼ ਵਿਖੇ 7ਵਾਂ ਪੰਜਾਬੀ ਭਾਸ਼ਾ ਹਫ਼ਤਾ ਟੋਈਟੋਈ ਈਵੈਂਟ ਸੈਂਟਰ ਵਿੱਚ ਬਹੁਤ ਹੀ ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਹ ਸਮਾਗਮ ਇਸ ਸਾਲ ਦੇ ਪੰਜਾਬੀ ਭਾਸ਼ਾ ਹਫ਼ਤੇ ਦਾ ਆਖਰੀ ਅਤੇ ਯਾਦਗਾਰ ਸਮਾਗਮ ਸਾਬਤ ਹੋਇਆ। ‘ਸਾਡੀ ਬੋਲੀ, ਸਾਡਾ ਮਾਣ’ ਉਦੇਸ਼ ਹੇਠ ਕਰਵਾਏ ਗਏ ਇਸ ਸਮਾਗਮ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦਾ ਮਕਸਦ ਬਹੁਤ ਸਫ਼ਲਤਾ ਨਾਲ ਪੂਰਾ ਕੀਤਾ।
ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਇਹ ਉਪਰਾਲਾ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਮਾਗਮ ਦੌਰਾਨ ਹਾਜ਼ਰੀਨਾਂ ਲਈ ਗਰਮ ਚਾਹ, ਭਾਰਤੀ ਮਿਠਾਈਆਂ ਅਤੇ ਪਕੌੜਿਆਂ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ, ਜਿਸ ਦਾ ਸਭ ਨੇ ਭਰਪੂਰ ਆਨੰਦ ਮਾਣਿਆ।
ਸਮਾਗਮ ਦੀ ਸ਼ੁਰੂਆਤ ਸੁਖਦੀਪ ਸਿੰਘ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਦਕਿ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਨਜੀਤ ਸੰਧੂ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਪੰਜਾਬੀ ਸਕੂਲ ਦੀਆਂ ਅਧਿਆਪਕਾਵਾਂ ਸੰਦੀਪ ਕੌਰ ਅਤੇ ਹਰਭਜਨ ਕੌਰ ਦੀ ਅਗਵਾਈ ਹੇਠ ਪੰਜਾਬੀ ਸਕੂਲ ਦੇ 35 ਵਿਦਿਆਰਥੀਆਂ ਨੇ ਅਰਦਾਸ ਅਤੇ ਸ਼ਬਦ ਕੀਰਤਨ ਦੀ ਪੇਸ਼ਕਾਰੀ ਕਰਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ। ਇਸ ਤੋਂ ਬਾਅਦ ਹੇਸਟਿੰਗਜ਼ ਡਿਸਟ੍ਰਿਕਟ ਕੌਂਸਲ ਦੀ ਮੇਅਰ ਵੈਂਡੀ ਸਕੋਲਮ ਅਤੇ ਟੁਕੀਟੁਕੀ ਦੀ ਸੰਸਦ ਮੈਂਬਰ ਮਾਨਯੋਗ ਕੈਥਰੀਨ ਵੈੱਡ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੰਜਾਬੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਆਕਲੈਂਡ ਤੋਂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਰਘੁਵੀਰ ਸਿੰਘ ਅਤੇ ਸ. ਹਰਜਿੰਦਰ ਸਿੰਘ ਬਸਿਆਲਾ ਨੇ ਪੰਜਾਬੀ ਭਾਸ਼ਾ ਹਫ਼ਤਾ 2026 ਦੀ ਮਹੱਤਤਾ, ਇਸ ਦੀਆਂ ਉਪਲਬਧੀਆਂ ਅਤੇ ਮਾਂ-ਬੋਲੀ ਪੰਜਾਬੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਸਾਂਝੀ ਜ਼ਿੰਮੇਵਾਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਮੇਅਰ ਵੈਂਡੀ ਸਕੋਲਮ ਅਤੇ ਕੈਥਰੀਨ ਵੈੱਡ ਵੱਲੋਂ ਸਮਾਗਮ ਵਿੱਚ ਸ਼ਾਮਲ ਵਿਸ਼ੇਸ਼ ਮਹਿਮਾਨਾਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਦੀਪਤੀ ਚੋਪੜਾ ਦੀ ਅਗਵਾਈ ਹੇਠ ਸਥਾਨਕ ਵਿਦਿਆਰਥੀਆਂ ਵੱਲੋਂ ਵੀ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਪੰਜਾਬੀ ਵਰਣਮਾਲਾ ‘ਤੇ ਆਧਾਰਿਤ ਇੱਕ ਵਿਸ਼ੇਸ਼ ਪੇਸ਼ਕਾਰੀ ਕੀਤੀ ਗਈ, ਜਿਸ ਤੋਂ ਬਾਅਦ ਨੇਪੀਅਰ ਸਕੂਲ ਦੇ ਦੋ ਬੱਚਿਆਂ ਦੀ ਪੇਸ਼ਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਸਰਾਹਨਾ ਮਿਲੀ। ਡਿਪਟੀ ਮੇਅਰ ਮਾਈਕਲ ਫਾਊਲਰ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਪਹੁੰਚਾਉਣ ਲਈ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਹੇਸਟਿੰਗਜ਼ ਡਿਸਟ੍ਰਿਕਟ ਲਾਇਬ੍ਰੇਰੀ* ਦੀਆਂ ਪ੍ਰਤੀਨਿਧੀਆਂ ਐਨ ਅਤੇ ਕਾਰਲਾ ਨੇ ਜਾਣਕਾਰੀ ਭਰਪੂਰ ਅਤੇ ਰੁਚਿਕਰ ਪੇਸ਼ਕਾਰੀ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਭਾਸ਼ਾ ਸਿੱਖਣ ਦੇ ਸਰੋਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਮਨ ਗਰੁੱਪ ਅਤੇ ਮਾਨਸੀ ਗਰੁੱਪ ਵੱਲੋਂ ਰੰਗਾਰੰਗ ਪੰਜਾਬੀ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਨੇ ਸਮਾਗਮ ਵਿੱਚ ਹੋਰ ਰੌਣਕ ਅਤੇ ਉਤਸ਼ਾਹ ਭਰ ਦਿੱਤਾ। ਭਾਗ ਲੈਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਉਤਸ਼ਾਹ, ਮਿਹਨਤ ਅਤੇ ਸ਼ਾਨਦਾਰ ਪੇਸ਼ਕਾਰੀਆਂ ਲਈ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦਾ ਸਫ਼ਲ ਆਯੋਜਨ ਹੇਸਟਿੰਗਜ਼ ਡਿਸਟ੍ਰਿਕਟ ਕ੍ਰੀਏਟਿਵ ਕਮਿਊਨਿਟੀਜ਼ ਸਕੀਮ, ਨੇਪੀਅਰ ਸਿਟੀ ਕ੍ਰੀਏਟਿਵ ਕਮਿਊਨਿਟੀਜ਼ ਸਕੀਮ, ਈਸਟਰਨ ਐਂਡ ਸੈਂਟ?ਰਲ ਕਮਿਊਨਿਟੀ ਟਰੱਸਟ, ਮੀਡੀਆ ਭਾਈਵਾਲਾਂ, ਸਹਿਯੋਗੀ ਸੰਸਥਾਵਾਂ ਅਤੇ ਸਮਰਪਿਤ ਵਲੰਟੀਅਰਾਂ ਦੇ ਸਹਿਯੋਗ ਨਾਲ ਸੰਭਵ ਹੋਇਆ। ਸਮਾਗਮ ਬੜੇ ਹੀ ਉਤਸ਼ਾਹਪੂਰਣ ਮਾਹੌਲ ਵਿੱਚ ਸਮਾਪਤ ਹੋਇਆ ਅਤੇ ਇਸ ਨੇ ਭਾਈਚਾਰਕ ਸਾਂਝ, ਸੱਭਿਆਚਾਰਕ ਮਾਣ ਅਤੇ ਪੰਜਾਬੀ ਭਾਸ਼ਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਇਹ ਸਮਾਗਮ ਹਾਕਸ ਬੇਅ ਖੇਤਰ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਵਧ ਰਹੀ ਰੁਚੀ ਦਾ ਪ੍ਰਤੀਕ ਬਣਿਆ ਅਤੇ ਇਹ ਸੰਦੇਸ਼ ਦੇ ਗਿਆ ਕਿ ਮਾਂ-ਬੋਲੀ ਅਤੇ ਵਿਰਸੇ ਦੀ ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਕੇ. ਐਂਡ ਐਸ.-ਬਿੱਲੂ ਵੀਡੀਓ 50 ਦਾ ਧੰਨਵਾਦ: ਇਸ ਸਾਰੇ ਸਮਾਗਮ ਨੂੰ ਬਿੱਲੂ ਵੀਡੀਓਜ਼ ਵੱਲੋਂ ਬਹੁਤ ਹੀ ਉਚ ਕੁਆਲਿਟੀ ਦੇ ਵਿਚ ਲਾਈਵ ਕੀਤਾ ਗਿਆ ਅਤੇ ਤਸਵੀਰਾਂ ਖਿੱਚੀਆਂ ਗਈਆਂ। ਇਸ ਮੌਕੇ ਕਿਤਾਬ ਹੱਟ ਵੱਲੋਂ ਪੰਜਾਬੀ ਪੁਸਤਕਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਜੋ ਪਾਮਰਸਨਟਨ ਨਾਰਥ ਤੋਂ ਸੁਖਪ੍ਰੀਤ ਵਾਰਿਸ ਹੋਰੀਂ ਲੈ ਕੇ ਪਹੁੰਚੇ। ਲਾਈਵ ਲਿੰਕ: https://www.youtube.com/live/gx9d੍ਰba1O1M
- Download Babushahi App
-
-