‘ਸਾਡੀ ਮਿਹਨਤ ’ਤੇ ਸਿਆਸਤ ਨਾ ਕਰੋ, ਸਾਨੂੰ ਵੀ ਆਪਣਾ ਪੱਖ ਰੱਖਣ ਦਿਓ’, PCS ਪਾਸ ਉਮੀਦਵਾਰਾਂ ਦੀ ਭਾਵੁਕ ਅਪੀਲ
Babushahi Network
ਚੰਡੀਗੜ੍ਹ, 23 ਨਵੰਬਰ 2026: PCS ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ’ਤੇ ਲੱਗੀ ਰੋਕ ਨੂੰ ਲੈ ਕੇ ਆਪਣੀ ਚੁੱਪੀ ਤੋੜਦਿਆਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਕਈ ਉਮੀਦਵਾਰ ਆਪਣਾ ਸੰਘਰਸ਼ ਬਿਆਨ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਸਿਆਸੀ ਆਗੂਆਂ ਅਤੇ ਸੋਸ਼ਲ ਮੀਡੀਆ ’ਤੇ ਬਿਨਾਂ ਤੱਥਾਂ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਨੂੰ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਇਆ ਜਾਵੇ।
ਉਮੀਦਵਾਰਾਂ ਨੇ ਕਿਹਾ ਕਿ ਉਹ ਕਿਸੇ ਸਿਆਸੀ ਜਾਂ ਅਮੀਰ ਪਰਿਵਾਰ ਨਾਲ ਸਬੰਧਤ ਨਹੀਂ, ਸਗੋਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਆਮ ਘਰਾਂ ਦੇ ਬੱਚੇ ਹਨ। ਕਈਆਂ ਨੇ ਆਪਣੀ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਪਾਰਟ-ਟਾਈਮ ਕੰਮ ਵੀ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਇੰਟਰਵਿਊ ਦੀ ਪ੍ਰਕਿਰਿਆ ਜਲਦ ਸ਼ੁਰੂ ਕਰਕੇ ਭਰਤੀ ਨੂੰ ਅੰਤਿਮ ਰੂਪ ਦਿੱਤਾ ਜਾਵੇ।
ਉਮੀਦਵਾਰਾਂ ਨੇ ਇੰਟਰਵਿਊ ਲਈ ਤਿੰਨ ਗੁਣਾ ਉਮੀਦਵਾਰ ਨਾ ਬੁਲਾਉਣ ਦੇ ਇਤਰਾਜ਼ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਇਸ਼ਤਿਹਾਰ ਵਿੱਚ ‘Up to three times’ ਸ਼ਬਦ ਵਰਤੇ ਗਏ ਹਨ। ਇਸ ਦਾ ਅਰਥ ਤਿੰਨ ਗੁਣਾ ਉਮੀਦਵਾਰ ਬੁਲਾਉਣਾ ਲਾਜ਼ਮੀ ਹੋਣਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਰਤੀ ਵਿੱਚ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਹੋਈ ਅਤੇ ਸਾਰੇ ਪਹਿਲੂਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਮਲੇਰਕੋਟਲਾ ਦੀ ਜੋਤੀ ਕੌਰ ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਬਿਆਨ ਕੀਤੀ। ਉਨ੍ਹਾਂ ਦੇ ਪਿਤਾ ਦਿਹਾੜੀਦਾਰ ਮਜ਼ਦੂਰ ਸਨ ਅਤੇ ਧੀ ਨੂੰ ਅਫ਼ਸਰ ਬਣਿਆ ਦੇਖਣ ਦਾ ਸੁਪਨਾ ਲੈ ਕੇ ਦੁਨੀਆ ਤੋਂ ਰੁਖ਼ਸਤ ਹੋ ਗਏ। ਜੋਤੀ ਨੇ ਦੱਸਿਆ ਕਿ ਬੱਚੀ ਦੇ ਜਨਮ ਤੋਂ ਬਾਅਦ ਸਿਹਤ ਸਮੱਸਿਆਵਾਂ ਦੇ ਬਾਵਜੂਦ ਉਨ੍ਹਾਂ ਨੇ ਪੜ੍ਹਾਈ ਜਾਰੀ ਰੱਖੀ। ਬੱਚੀ ਦੇ ਕੁਝ ਮਿੰਟ ਸੌਣ ਦੌਰਾਨ ਉਹ ਕਿਤਾਬਾਂ ਖੋਲ੍ਹ ਕੇ ਪੜ੍ਹਨ ਬੈਠ ਜਾਂਦੇ ਸਨ। ਉਨ੍ਹਾਂ ਦੇ ਪਤੀ ਨੇ ਘਰ ਅਤੇ ਬੱਚੀ ਦੀ ਜ਼ਿੰਮੇਵਾਰੀ ਸੰਭਾਲ ਕੇ ਉਨ੍ਹਾਂ ਨੂੰ ਤਿਆਰੀ ਲਈ ਸਮਾਂ ਦਿੱਤਾ। ਹੁਣ ਭਰਤੀ ’ਤੇ ਰੋਕ ਕਾਰਨ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।
ਬਠਿੰਡਾ ਦੇ ਪਿੰਡ ਤੋਂ ਆਏ ਇੱਕ ਹੋਰ ਉਮੀਦਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਦਿਨ ਵਿੱਚ ਸਿਰਫ਼ ਇੱਕ ਬੱਸ ਆਉਂਦੀ ਹੈ। ਸਰਕਾਰੀ ਸਕੂਲ ਅਤੇ ਮੈਰੀਟੋਰੀਅਸ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਸ਼ਾਬਾਜ਼ ਨੇ ਪੂਰੀ PCS ਪ੍ਰੀਖਿਆ ਪੰਜਾਬੀ ਮਾਧਿਅਮ ਵਿੱਚ ਪਾਸ ਕੀਤੀ। ਉਨ੍ਹਾਂ ਅੰਗਰੇਜ਼ੀ ਸਮੱਗਰੀ ਦਾ ਖ਼ੁਦ ਪੰਜਾਬੀ ਵਿੱਚ ਅਨੁਵਾਦ ਕਰਕੇ ਤਿਆਰੀ ਕੀਤੀ। ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਨਾਲ ਸਬੰਧਤ ਉਮੀਦਵਾਰ ਨੇ ਵੀ ਸੀਮਤ ਇੰਟਰਨੈੱਟ ਸਹੂਲਤਾਂ ਅਤੇ ਪਿੰਡ ਵਿੱਚ ਰਹਿ ਕੇ ਪ੍ਰੀਖਿਆ ਪਾਸ ਕਰਨ ਦੀ ਗੱਲ ਦੱਸੀ।
ਲੁਧਿਆਣਾ ਦੀ ਇੱਕ ਹੋਰ ਉਮੀਦਵਾਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਪਰਿਵਾਰ ਕੋਲ ਨਾ ਜ਼ਮੀਨ ਹੈ ਤੇ ਨਾ ਕੋਈ ਸਰਕਾਰੀ ਨੌਕਰੀ। ਅੰਮ੍ਰਿਤਸਰ ਦੇ ਉਮੀਦਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਸਵੇਰੇ ਸਾਢੇ ਚਾਰ ਵਜੇ ਉੱਠ ਕੇ ਉਨ੍ਹਾਂ ਲਈ ਖਾਣਾ ਤਿਆਰ ਕਰਦੀ ਸੀ ਤਾਂ ਜੋ ਉਹ ਲਾਇਬ੍ਰੇਰੀ ਜਾ ਕੇ ਪੜ੍ਹ ਸਕਣ।
ਸਾਬਕਾ ਫ਼ੌਜੀ ਅਧਿਕਾਰੀ ਕਰਨਲ ਡਾ. ਅਮਨਦੀਪ ਕੌਰ ਨੇ ਕਿਹਾ ਕਿ 14 ਸਾਲ ਭਾਰਤੀ ਫ਼ੌਜ ਵਿੱਚ ਸੇਵਾ ਕਰਨ ਤੋਂ ਬਾਅਦ ਉਹ ਪੰਜਾਬ ਦੀ ਸੇਵਾ ਕਰਨ ਦੇ ਉਦੇਸ਼ ਨਾਲ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਅਦਾਲਤੀ ਕਾਰਵਾਈ ਦੇ ਤੱਥਾਂ ਨੂੰ ਸਮਝੇ ਬਿਨਾਂ ਭਰਤੀ ਨੂੰ ਭ੍ਰਿਸ਼ਟਾਚਾਰ ਨਾਲ ਜੋੜਨਾ ਠੀਕ ਨਹੀਂ ਹੈ।
ਅੰਤ ਵਿੱਚ ਸਾਰੇ ਉਮੀਦਵਾਰਾਂ ਨੇ ਸਰਕਾਰ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਿਹਨਤ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਸਫ਼ਲ ਰਹੇ ਉਮੀਦਵਾਰਾਂ ਪ੍ਰਤੀ ਵੀ ਉਨ੍ਹਾਂ ਦੇ ਮਨ ਵਿੱਚ ਪੂਰਾ ਸਤਿਕਾਰ ਹੈ, ਪਰ ਸਫ਼ਲ ਹੋਏ ਉਮੀਦਵਾਰਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਅਦਾਲਤ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦਾ ਜਲਦ ਨਿਪਟਾਰਾ ਕਰਕੇ ਇੰਟਰਵਿਊ ਪ੍ਰਕਿਰਿਆ ਅੱਗੇ ਵਧਾਈ ਜਾਵੇ।
- Download Babushahi App
-
-