'ਨਸ਼ਾ ਮੁਕਤ ਪੰਜਾਬ ਯਾਤਰਾ' ਦੀ ਸ਼ੁਰੂਆਤ: ਕੇਵਲ ਢਿੱਲੋਂ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ; ਕਿਹਾ — ਸਿਰਫ਼ ਭਾਜਪਾ ਹੀ ਪੰਜਾਬ ਨੂੰ ਕਰ ਸਕਦੀ ਹੈ ਨਸ਼ਾ ਮੁਕਤ
ਬਠਿੰਡਾ, 21 ਸਤੰਬਰ, 2026 — ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਤਲਵੰਡੀ ਸਾਬੋ ਤੋਂ 'ਨਸ਼ਾ ਮੁਕਤ ਪੰਜਾਬ ਯਾਤਰਾ' ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਵਿੱਚ ਵਧ ਰਹੇ ਨਸ਼ਿਆਂ ਅਤੇ ਪ੍ਰਸ਼ਾਸਕੀ ਧੱਕੇਸ਼ਾਹੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ।
ਕੇਵਲ ਢਿੱਲੋਂ ਨੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੀਆਂ ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦਿਆਂ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਨਜੀਤ ਸਿੰਘ ਨਾਲ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਵੈਂਟੀਲੇਟਰ 'ਤੇ ਹੈ। ਇਸ ਤੋਂ ਇਲਾਵਾ ਦਿੜਬਾ ਵਿਖੇ ਮੰਤਰੀ ਦੇ ਪ੍ਰੋਗਰਾਮ ਦੌਰਾਨ "ਚਿੱਟਾ ਕਦੋਂ ਬੰਦ ਹੋਵੇਗਾ" ਪੁੱਛਣ 'ਤੇ ਦਲਿਤ ਦਿਹਾੜੀਦਾਰ ਗੁਲਜ਼ਾਰ ਸਿੰਘ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਉਨ੍ਹਾਂ ਨਮੋਲ ਪਿੰਡ ਦੇ ਜਗਸੀਰ ਸਿੰਘ ਜੱਗਾ ਦਾ ਜ਼ਿਕਰ ਵੀ ਕੀਤਾ, ਜਿਸ ਨੇ ਨਸ਼ਿਆਂ ਖਿਲਾਫ਼ ਸੁਣਵਾਈ ਨਾ ਹੋਣ ਕਾਰਨ ਡੀ.ਸੀ. ਦਫ਼ਤਰ ਅੱਗੇ ਜ਼ਹਿਰ ਖਾ ਲਿਆ ਅਤੇ ਇਸ ਵੇਲੇ ਰਜਿੰਦਰਾ ਹਸਪਤਾਲ 'ਚ ਗੰਭੀਰ ਹਾਲਤ 'ਚ ਹੈ।
ਭਾਜਪਾ ਪ੍ਰਧਾਨ ਨੇ ਤੰਜ ਕੱਸਦਿਆਂ ਕਿਹਾ ਕਿ ਜੋ ਸਰਕਾਰ ਆਪਣੇ ਇੱਕ ਜ਼ਿਲ੍ਹੇ ਵਿੱਚੋਂ ਵੀ ਨਸ਼ਾ ਖ਼ਤਮ ਨਹੀਂ ਕਰ ਸਕੀ, ਉਹ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਨਸ਼ਿਆਂ ਦੇ ਜਾਲ 'ਚੋਂ ਕੱਢ ਕੇ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਸੂਬੇ ਨੂੰ ਨਸ਼ਾ ਮੁਕਤ ਬਣਾ ਸਕਦੀ ਹੈ।
- Download Babushahi App
-
-