ਸਕੂਲਾਂ 'ਚ ਬੱਚਿਆਂ ਦੀ ਪੜ੍ਹਾਈ ਪਹਿਲਾਂ ਤੇ ਬਦਲੀਆਂ ਬਾਅਦ ਵਿੱਚ
ਗੁਰਪ੍ਰੀਤ ਸਿੰਘ ਜਖਵਾਲੀ
ਅੱਜ ਗੱਲ ਕਰਦੇ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਜਿਵੇਂ ਕੀਂ ਤੁਸੀਂ ਜਾਣਦੇ ਹੋ,ਕੀਂ ਕਿਸੇ ਵੀ ਸਮਾਜ ਦੀ ਤਰੱਕੀ ਦਾ ਅਸਲ ਆਧਾਰ ਉਸ ਦੀ ਸਿੱਖਿਆ ਪ੍ਰਣਾਲੀ ਹੁੰਦੀ ਹੈ। ਸਿੱਖਿਆ ਉਹ ਜੋਂ ਹਰੇਕ ਵਿਅਕਤੀ ਨੂੰ ਫ਼ੈਸਲੇ ਲੈਣ ਦੀ ਸਮਰੱਥਾ ਬਖਸ਼ਦੀ ਹੈ ਅਤੇ ਸਮਾਜ ਦਾ ਹਾਣੀ ਬਣਾਉਂਦੀ ਹੈ।ਜੇ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਸਥਿਰ ਅਤੇ ਸੁਚਾਰੂ ਨਾ ਹੋਵੇ ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਵਿਦਿਆਰਥੀਆਂ ਨੂੰ ਝੱਲਣਾ ਪੈਂਦਾ ਹੈ। ਇਸੇ ਲਈ ਅਧਿਆਪਕਾਂ ਦੀਆਂ ਬਦਲੀਆਂ ਸਿਰਫ਼ ਇੱਕ ਪ੍ਰਸ਼ਾਸਨਿਕ ਕਾਰਵਾਈ ਨਹੀਂ, ਸਗੋਂ ਲੱਖਾਂ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਇੱਕ ਗੰਭੀਰ ਵਿਸ਼ਾ ਹੈ।
ਜਿਵੇਂ ਕੀਂ ਤੁਸੀਂ ਜਾਣਦੇ ਹੀ ਹੋ ਕਿ ਹਰ ਸਾਲ ਅਪ੍ਰੈਲ ਤੋਂ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੁੰਦਾ ਹੈ। ਵਿਦਿਆਰਥੀ ਨਵੇਂ ਉਤਸ਼ਾਹ ਨਾਲ ਸਕੂਲ ਆਉਂਦੇ ਹਨ ਅਤੇ ਅਧਿਆਪਕ ਸਾਲ ਭਰ ਦੀ ਪੜ੍ਹਾਈ ਦੀ ਯੋਜਨਾ ਬਣਾਉਂਦੇ ਹਨ। ਪਰ ਜੇ ਸੈਸ਼ਨ ਸ਼ੁਰੂ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਅਧਿਆਪਕਾਂ ਦੇ ਤਬਾਦਲੇ ਹੋਣ ਲੱਗ ਜਾਣ ਤਾਂ ਪੜ੍ਹਾਈ ਦੀ ਲਗਾਤਾਰਤਾ ਟੁੱਟ ਜਾਂਦੀ ਹੈ। ਨਵੇਂ ਅਧਿਆਪਕ ਨੂੰ ਬੱਚਿਆਂ ਦੀ ਸਿੱਖਣ ਦੀ ਸਮਰੱਥਾ, ਕਲਾਸ ਦੀ ਲੋੜ ਅਤੇ ਪਾਠਕ੍ਰਮ ਦੀ ਸਥਿਤੀ ਸਮਝਣ ਵਿੱਚ ਸਮਾਂ ਲੱਗਦਾ ਹੈ। ਇਸ ਦਾ ਸਿੱਧਾ ਅਸਰ ਬੱਚਿਆਂ ਦੀ ਸਿੱਖਿਆ ਅਤੇ ਨਤੀਜਿਆਂ 'ਤੇ ਪੈਂਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਧਿਆਪਕਾਂ ਨੂੰ ਵੀ ਆਪਣੇ ਪਰਿਵਾਰਕ, ਸਿਹਤ ਜਾਂ ਹੋਰ ਜਾਇਜ਼ ਕਾਰਨਾਂ ਕਰਕੇ ਬਦਲੀ ਦਾ ਹੱਕ ਹੈ। ਪਰ ਇੱਕ ਸੁਚੱਜੀ ਅਤੇ ਵਿਦਿਆਰਥੀ-ਕੇਂਦਰਿਤ ਤਬਾਦਲਾ ਨੀਤੀ ਇਹ ਯਕੀਨੀ ਬਣਾ ਸਕਦੀ ਹੈ ਕਿ ਅਧਿਆਪਕਾਂ ਦੇ ਹੱਕਾਂ ਅਤੇ ਬੱਚਿਆਂ ਦੇ ਹਿੱਤਾਂ ਵਿਚਕਾਰ ਸੰਤੁਲਨ ਬਣਿਆ ਰਹੇ। ਜੇ ਹਰ ਸਾਲ 31 ਮਾਰਚ ਤੱਕ ਸਾਰੀਆਂ ਆਮ ਬਦਲੀਆਂ ਮੁਕੰਮਲ ਕਰ ਦਿੱਤੀਆਂ ਜਾਣ ਤਾਂ ਨਵੇਂ ਸੈਸ਼ਨ ਦੀ ਸ਼ੁਰੂਆਤ ਹਰ ਸਕੂਲ ਵਿੱਚ ਪੂਰੇ ਸਟਾਫ਼ ਨਾਲ ਹੋ ਸਕਦੀ ਹੈ।
ਸਿੱਖਿਆ ਸਿਰਫ਼ ਸਰਕਾਰ ਦੀ ਨਹੀਂ, ਪੂਰੇ ਸਮਾਜ ਦੀ ਵੀ ਸਾਂਝੀ ਤੇ ਅਹਿਮ ਜ਼ਿੰਮੇਵਾਰੀ ਬਣਦੀ ਹੈ। ਮਾਪਿਆਂ ਨੂੰ ਵੀ ਸਕੂਲ ਦੀ ਚੋਣ ਕਰਦੇ ਸਮੇਂ ਇਹ ਵੇਖਣਾ ਚਾਹੀਦਾ ਹੈ ਕਿ ਉੱਥੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਹਨ ਜਾਂ ਨਹੀਂ ਅਤੇ ਬੱਚਿਆਂ ਨੂੰ ਨਿਰੰਤਰ ਪੜ੍ਹਾਈ ਦਾ ਮਾਹੌਲ ਮਿਲ ਰਿਹਾ ਹੈ ਜਾਂ ਨਹੀਂ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਉਮੀਦ ਹੈ ਕਿ ਉਹ ਅਜਿਹੀ ਨੀਤੀ ਬਣਾਉਣਗੇ ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਵੇ। ਜਦ ਸਕੂਲ਼ ਵਿੱਚ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਆਮ ਤੌਰ 'ਤੇ ਬਦਲੀਆਂ ਤੋਂ ਪਰਹੇਜ਼ ਕੀਤਾ ਜਾਵੇ ਅਤੇ ਜੇ ਕਿਸੇ ਵਿਸ਼ੇਸ਼ ਹਾਲਾਤ ਵਿੱਚ ਤਬਾਦਲਾ ਲਾਜ਼ਮੀ ਹੋਵੇ ਤਾਂ ਉਸ ਦੀ ਥਾਂ ਤੁਰੰਤ ਨਵੇਂ ਅਧਿਆਪਕ ਦੀ ਤਾਇਨਾਤੀ ਵੀ ਯਕੀਨੀ ਬਣਾਈ ਜਾਵੇ ਤਾਂ ਜੋਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਵੀ ਬੁਰਾ ਅਸਰ ਨਾ ਪਵੇ।
ਕਿਸੇ ਵੀ ਦੇਸ਼ ਜਾਂ ਸੂਬੇ ਦਾ ਭਵਿੱਖ ਉਸ ਦੀਆਂ ਸੜਕਾਂ, ਇਮਾਰਤਾਂ ਜਾਂ ਦਫ਼ਤਰਾਂ ਨਾਲ ਨਹੀਂ, ਸਗੋਂ ਉਸ ਦੇ ਸਕੂਲਾਂ ਨਾਲ ਤੈਅ ਹੁੰਦਾ ਹੈ। ਜੇ ਅਸੀਂ ਬੱਚਿਆਂ ਨੂੰ ਨਿਰੰਤਰ ਅਤੇ ਗੁਣਵੱਤਾ ਵਾਲੀ ਸਿੱਖਿਆ ਨਹੀਂ ਦੇ ਸਕਦੇ, ਤਾਂ ਵਿਕਾਸ ਦੇ ਸਾਰੇ ਦਾਅਵੇ ਅਧੂਰੇ ਰਹਿ ਜਾਣਗੇ। ਹੁਣ ਸਮਾਂ ਆ ਗਿਆ ਹੈ ਕਿ ਤਬਾਦਲਾ ਨੀਤੀ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਸਭ ਤੋਂ ਉੱਚੀ ਤਰਜੀਹ ਦਿੱਤੀ ਜਾਵੇ, ਕਿਉਂਕਿ ਬੱਚਿਆਂ ਦਾ ਭਵਿੱਖ ਹੀ ਪੰਜਾਬ ਦਾ ਭਵਿੱਖ ਹੈ।
ਅਸਲ ਵਿੱਚ ਵੇਖਿਆ ਜਾਵੇਂ ਤਾਂ ਇੱਕ ਮਜ਼ਬੂਤ ਸਿੱਖਿਆ ਪ੍ਰਣਾਲੀ ਉਹੀ ਹੈ ਜਿੱਥੇ ਹਰ ਨੀਤੀ ਦਾ ਕੇਂਦਰ ਸਿਰਫ਼ ਤੇ ਬੱਚਾ ਹੋਵੇ। ਕਿਉਂਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇ ਡਾਕਟਰ, ਇੰਜੀਨੀਅਰ, ਅਧਿਆਪਕ, ਕਿਸਾਨ, ਵਿਗਿਆਨੀ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨਗੇ। ਜੇ ਉਨ੍ਹਾਂ ਦੀ ਪੜ੍ਹਾਈ ਨੂੰ ਨਿਰੰਤਰਤਾ ਮਿਲੇਗੀ ਤਾਂ ਹੀ ਪੰਜਾਬ ਅਤੇ ਦੇਸ਼ ਦਾ ਭਵਿੱਖ ਮਜ਼ਬੂਤ ਹੋਵੇਗਾ।

-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
..
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.